ਜਲੰਧਰ, 21 ਸਤੰਬਰ (ਸ਼ੈਲੀ)-ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸਬੰਧੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਤੇ ਡੀ.ਸੀ.ਪੀ. ਨਰੇਸ਼ ਡੋਗਰਾ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਪਹੁੰਚੇ ਤੇ ਭਗਵਾਨ ਵਾਲਮੀਕਿ ਮੰਦਿਰ ਮੱਥਾ ਟੇਕ ਕੇ ਆਸ਼ੀਰਵਾਦ ਲਿਆ | ਇਸ ਤੋਂ ਬਾਅਦ ਉਨ੍ਹਾਂ ਨੇ ਟਰੱਸਟ ਤੇ ਉਤਸਵ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ | ਮੀਟਿੰਗ ਦੌਰਾਨ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਵਿਪਨ ਸੱਭਰਵਾਲ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸਬੰਧੀ ਸਭ ਤੋਂ ਪਹਿਲਾਂ 25 ਸਤੰਬਰ ਨੂੰ ਸਵੇਰੇ 8 ਤੋਂ 10 ਵਜੇ ਤੱਕ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਵਿਖੇ ਪਵਿੱਤਰ ਵਾਲਮੀਕਿ ਸਤਿਸੰਗ ਹੋਵੇਗਾ, ਸਵੇਰੇ 10 ਵਜੇ ਹਵਨ ਯੱਗ ਕੀਤਾ ਜਾਵੇਗਾ, ਜਿਸ ਤੋਂ ਬਾਅਦ ਸੰਗਤ ਲਈ ਲੰਗਰ ਵਰਤਾਇਆ ਜਾਵੇਗਾ | 27 ਸਤੰਬਰ ਨੂੰ ਦੁਪਹਿਰ 1 ਵਜੇ, ਅੰਮਿ੍ਤਸਰ ਦੇ ਪਵਿੱਤਰ ਵਾਲਮੀਕਿ ਤੀਰਥ ਲਈ ਇਕ ਵਿਸ਼ਾਲ ਬੱਸ ਯਾਤਰਾ ਅਲੀ ਮੁਹੱਲਾ ਸਥਿਤ ਪ੍ਰਾਚੀਨ ਭਗਵਾਨ ਵਾਲਮੀਕਿ ਮੰਦਿਰ ਤੋਂ ਸੰਤ ਸਮਾਜ ਦੀ ਅਗਵਾਈ ਵਿਚ ਰਵਾਨਾ ਹੋਵੇਗੀ | 6 ਅਕਤੂਬਰ ਨੂੰ, ਜਲੰਧਰ ਸ਼ਹਿਰ ਵਿਚ ਦੁਪਹਿਰ 2 ਵਜੇ ਅਲੀ ਮੁਹੱਲਾ ਸਥਿਤ ਪ੍ਰਾਚੀਨ ਮੰਦਰ ਤੋਂ ਸੰਤ ਸਮਾਜ ਦੀ ਅਗਵਾਈ ਵਿਚ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ | 7 ਅਕਤੂਬਰ ਨੂੰ, ਪਵਿੱਤਰ ਵਾਲਮੀਕਿ ਪ੍ਰਕਾਸ਼ ਦਿਵਸ 'ਤੇ ਦੀਪਮਾਲਾ ਕੀਤੀ ਜਾਵੇਗੀ | ਮੀਟਿੰਗ ਦੌਰਾਨ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਟਰੱਸਟ ਤੇ ਕਮੇਟੀ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਭਗਵਾਨ ਵਾਲਮੀਕਿ ਪ੍ਰਕਾਸ਼ ਦਿਵਸ 'ਤੇ ਸਾਰੇ ਪ੍ਰੋਗਰਾਮਾਂ ਲਈ ਪੁਲਿਸ ਪ੍ਰਸ਼ਾਸਨ ਵਲੋਂ ਪੂਰੇ ਪ੍ਰਬੰਧ ਕੀਤੇ ਜਾਣਗੇ | ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਅਤੇ ਡੀ.ਸੀ.ਪੀ. ਨਰੇਸ਼ ਡੋਗਰਾ ਨੇ ਪ੍ਰੋਗਰਾਮਾਂ ਅਤੇ ਸ਼ੋਭਾ ਯਾਤਰਾ ਰੂਟ ਲਈ ਬਣਾਏ ਜਾਣ ਵਾਲੇ ਸਟੇਜਾਂ ਦਾ ਵੀ ਨਿਰੀਖਣ ਕੀਤਾ | ਟਰੱਸਟ ਅਤੇ ਉਤਸਵ ਕਮੇਟੀ ਦੇ ਮੈਂਬਰਾਂ ਨੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਤੇ ਡੀ.ਸੀ.ਪੀ. ਨਰੇਸ਼ ਡੋਗਰਾ ਨੂੰ ਸਿਰੋਪਾ ਅਤੇ ਭਗਵਾਨ ਵਾਲਮੀਕਿ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਬਿਸ਼ਨ ਦਾਸ ਸਹੋਤਾ, ਬਾਬਾ ਅਮਰਜੀਤ ਕਾਦਰੀ, ਚਰਨ ਦਾਸ ਸੱਭਰਵਾਲ, ਦੀਪਕ ਤੇਲੂ, ਜਤਿੰਦਰ ਨਿੱਕਾ, ਰਾਜੀਵ ਗੋਰਾ, ਰਿੰਕੂ ਖੋਸਲਾ, ਗੁਲਜ਼ਾਰ ਖੋਸਲਾ, ਸੰਦੀਪ ਲੱਕੀ, ਅੰਜੂ ਸੱਭਰਵਾਲ, ਲੱਕੀ ਸੱਭਰਵਾਲ, ਜਤਿੰਦਰ ਸੋਨੂੰ, ਵਰਿੰਦਰ ਨਾਹਰ, ਵਿੱਕੀ ਸੱਭਰਵਾਲ, ਸਾਗਰ, ਸੀਤਾ ਸਭਰਵਾਲ, ਪ੍ਰਵੀਨ ਗਿੱਲ, ਮਨੀ ਸੋਂਧੀ, ਚੇਤਨ ਨਾਹਰ ਤੇ ਅਭਿ ਸੱਭਰਵਾਲ ਆਦਿ ਹਾਜ਼ਰ ਸਨ |