ਜਲੰਧਰ, 18 ਦਸੰਬਰ (ਐੱਮ. ਐੱਸ. ਲੋਹੀਆ)-ਮਾਤਾ ਗੁਜਰ ਕੌਰ, ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਅਤੇ ਗੁਰਧਾਮਾਂ ਦੀ ਯਾਤਰਾ 20 ਦਸੰਬਰ ਤੋਂ ਲੈ ਕੇ 24 ਦਸੰਬਰ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਗੋਪਾਲ ਨਗਰ ਵਿਖੇ ਮਨਾਈ ਜਾ ਰਹੀ ਹੈ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਮਿਗਲਾਨੀ ਅਤੇ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਨੀਟੂ ਨੇ ਜਾਣਕਾਰੀ ਦਿੱਤੀ ਕਿ 20 ਦਸੰਬਰ ਨੂੰ ਸਵੇਰੇ 6 ਵਜੇ ਗੁਰੂ ਘਰ ਤੋਂ ਸ੍ਰੀ ਫਤਹਿਗੜ੍ਹ ਸਾਹਿਬ, ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਮਾਛੀਵਾੜਾ ਸਾਹਿਬ ਲਈ ਬੱਸ ਯਾਤਰਾ ਰਵਾਨਾ ਹੋਵੇਗੀ | 21 ਦਸੰਬਰ ਨੂੰ ਵਿਸ਼ੇਸ਼ ਕਥਾ ਸਮਾਗਮ ਅਤੇ 22 ਦਸੰਬਰ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਹੋਣਗੇ, ਜਿਸ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਭਾਈ ਸਰੂਪ ਸਿੰਘ ਰੂਪ, ਬੀਬੀ ਬਲਜਿੰਦਰ ਕੌਰ ਖੰਡੂਰ ਸਾਹਿਬ ਅਤੇ ਭਾਈ ਜੈ ਦੇਵ ਸਿੰਘ ਦਮਦਮਾ ਸਾਹਿਬ ਵਾਲੇ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕਰਨਗੇ | ਭਾਈ ਹਰਜਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਗੁਰ ਇਤਿਹਾਸ ਨਾਲ ਸੰਗਤ ਨੂੰ ਜੋੜਨਗੇ | ਇਸ ਤੋਂ ਇਲਾਵਾ ਬੱਚਿਆਂ ਨੂੰ ਗੁਰ ਇਤਿਹਾਸ ਨਾਲ ਜੋੜਨ ਲਈ ਪਿੱਛਲੇ ਦਿਨਾਂ ਤੋਂ ਗੁਰੂ ਘਰ 'ਚ ਇਕ ਵਿਸ਼ੇਸ਼ ਕੈਂਪ ਚੱਲ ਰਿਹਾ ਹੈ | ਉਸ 'ਚ ਬੱਚਿਆਂ ਨੂੰ ਕਵਿਤਾ ਪਾਠ ਗੁਰ ਇਤਿਹਾਸ ਦੀ ਵਿਸ਼ੇਸ ਜਾਣਕਾਰੀ ਦਿੱਤੀ ਜਾ ਰਹੀ ਹੈ | 24 ਦਸੰਬਰ ਨੂੰ ਬੱਚਿਆਂ 'ਚ ਗੁਰਮਤਿ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਬੱਚਿਆਂ ਨੂੰ ਆਕਰਸ਼ਕ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਪਿੱਛਲੇ ਕਾਫ਼ੀ ਸਮੇਂ ਤੋਂ ਗੁਰਦੁਆਰਾ ਸਾਹਿਬ 'ਚ ਹਰ ਐਤਵਾਰ ਵਿਸ਼ੇਸ਼ ਗੁਰਮਤਿ ਸਮਾਗਮ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਹੁੰਦੇ ਹਨ, ਜੋ ਇਸੀ ਤਰ੍ਹਾਂ ਲਗਾਤਾਰ ਚੱਲਦੇ ਰਹਿਣਗੇ | ਪ੍ਰਬੰਧਕਾਂ ਵਲੋਂ ਸਮੁੱਚੀ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿੱਖ ਪਰੰਪਰਾਵਾਂ, ਮਹਾਨ ਵਿਰਸੇ ਅਤੇ ਸਿੱਖ ਇਤਿਹਾਸ ਨਾਲ ਜੋੜਨ ਲਈ ਇਨ੍ਹਾਂ ਸਮਾਗਮਾਂ 'ਚ ਹਾਜ਼ਰੀ ਜਰੂਰ ਭਰਵਾਉਣ | ਇਸ ਮੌਕੇ 'ਤੇ ਤਜਿੰਦਰ ਸਿੰਘ ਪ੍ਰਦੇਸੀ, ਅਮਨਦੀਪ ਸਿੰਘ ਬੱਗਾ, ਪਰਸ ਸਿੰਘ ਮਿਗਲਾਨੀ, ਹਰਕੀਰਤ ਸਿੰਘ, ਜਸਪ੍ਰੀਤ ਸਿੰਘ ਸਾਗਰ ਅਤੇ ਖਰਬੰਦਾ ਹਾਜ਼ਰ ਸਨ |