ਜਲੰਧਰ, 25 ਦਸੰਬਰ (ਐੱਮ. ਐੱਸ. ਲੋਹੀਆ)-ਪਟੇਲ ਹਸਪਤਾਲ ਨੇ 'ਡਿਜੀਟਲ ਹੈਲਥਕੇਅਰ' 'ਚ ਮਹੱਤਵਪੂਰਨ ਪ੍ਰਾਪਤੀ ਕਰਦੇ ਹੋਏ ਐੱਨ. ਏ. ਬੀ. ਐੱਚ. ਐਕ੍ਰੀਡੇਸ਼ਨਪਲੈਟੀਨਮ ਸਟੈਂਡਰਡ ਹਾਸਿਲ ਕੀਤਾ ਹੈ | ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਸਵਪਨ ਸੂਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟੇਲ ਹਸਪਤਾਲ ਲਈ ਇਹ ਬਹੁਤ ਮਾਣ ਦੀ ਗੱਲ ਹੈ, ਕਿ ਹਸਪਤਾਲ ਨੇ ਡਿਜੀਟਲ ਐੱਨ. ਏ. ਬੀ. ਐੱਚ. ਐਕ੍ਰੀਡੇਸ਼ਨਪਲੈਟੀਨਮ ਸਟੈਂਡਰਡ ਹਾਸਿਲ ਕੀਤਾ ਹੈ | ਡਾ. ਸੂਦ ਨੇ ਕਿਹਾ ਕਿ ਇਹ ਸਨਮਾਨ ਹਸਪਤਾਲ ਦੀਆਂ ਅਧੁਨਿਕ ਡਿਜੀਟਲ ਪ੍ਰਣਾਲੀਆਂ, ਪੇਪਰਲੈੱਸ ਪ੍ਰਕਿਰਿਆਵਾਂ, ਮਰੀਜ਼ ਸੁਰੱਖਿਆ ਅਤੇ ਗੁਣਵੱਤਾਪੂਰਨ ਇਲਾਜ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਉਨ੍ਹਾਂ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਡਿਜੀਟਲ ਐੱਨ.ਏ.ਬੀ.ਐੱਚ. ਐਕ੍ਰੀਡੇਸ਼ਨ ਸਿਰਫ਼ ਇਕ ਉਪਲਬਧੀ ਨਹੀਂ, ਸਗੋਂ ਸਿਸਟਮਾਂ ਅਤੇ ਮਰੀਜ਼ਾਂ ਦੇ ਨਤੀਜਿਆਂ ਨੂੰ ਲਗਾਤਾਰ ਬਿਹਤਰ ਬਣਾਉਣ ਦੀ ਜ਼ਿੰਮੇਵਾਰੀ ਵੀ ਹੈ | ਡਾ. ਸੀਮਾ ਸੂਦ ਨੇ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਪ੍ਰਸ਼ਾਸਨਿਕ ਟੀਮ ਦੇ ਸਾਂਝੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਡਿਜੀਟਲ ਪ੍ਰਕਿਰਿਆਵਾਂ ਨੂੰ ਅਪਣਾਉਣ ਨਾਲ ਮਰੀਜ਼ਾਂ ਦਾ ਭਰੋਸਾ ਵਧਦਾ ਹੈ ਅਤੇ ਉਨ੍ਹਾਂ ਨੂੰ ਬਿਹਤਰ ਸਿਹਤ ਸੇਵਾਵਾਂ ਦਾ ਤਜੁਰਬਾ ਮਿਲਦਾ ਹੈ, ਜੋ ਹਸਪਤਾਲ ਨੂੰ ਅੰਤਰਰਾਸ਼ਟਰੀ ਮਿਆਰਾਂ ਦੇ ਸਮਰੱਥ ਕਰਦਾ ਹੈ | ਇਸ ਮੌਕੇ ਹਸਪਤਾਲ ਦੀ ਕੁਆਲਿਟੀ ਹੈੱਡ ਡਾ. ਜੋਤੀ ਨੇ ਡਿਜੀਟਲ ਐੱਨ. ਏ. ਬੀ. ਐੱਚ. ਮਿਆਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਿਜੀਟਲ ਡਾਕੂਮੈਂਟੇਸ਼ਨ, ਪੇਪਰਲੈੱਸ ਕੰਮਕਾਜ, ਮਿਆਰੀ ਪ੍ਰੋਟੋਕੋਲ, ਮਰੀਜ਼ ਸੁਰੱਖਿਆ ਗੁਣਵੱਤਾ ਸੂਚਕਾਂ ਅਤੇ ਐੱਨ. ਏ. ਬੀ. ਐੱਚ. ਡਿਜੀਟਲ ਗਾਈਡਲਾਈਨਾਂ ਦੀ ਪਾਲਣਾ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਸ ਮੌਕੇ ਹਸਪਤਾਲ ਦੇ ਪ੍ਰਬੰਧਕ ਅਤੇ ਸਟਾਫ਼ ਹਾਜ਼ਰ ਸੀ |