02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸਰਕਾਰ ਦੀ ਸਵੱਲੀ ਨਜ਼ਰ ਦੀ ਉਡੀਕ 'ਚ ਜਲੰਧਰ ਛਾਉਣੀ ਦੇ ਪਿੰਡਾਂ ਦੀਆਂ ਸੜਕਾਂ

Ad Position 21
No active advertisement
ਅਜੀਤ ਡੈਸਕ 27-12-2025
• ਸੜਕਾਂ 'ਤੇ ਪਾਏ ਪੱਥਰਾਂ ਦੇ ਵੱਜਣ ਨਾਲ ਰਾਹਗੀਰ ਹੋ ਰਹੇ ਜ਼ਖ਼ਮੀ-ਵਾਹਨਾਂ ਦਾ ਵੀ ਹੋ ਰਿਹੈ ਨੁਕਸਾਨ
ਜਲੰਧਰ, 26 ਦਸੰਬਰ (ਜਸਪਾਲ ਸਿੰਘ)-ਜਲੰਧਰ ਛਾਉਣੀ ਹਲਕੇ ਦੇ ਲੋਕਾਂ ਲਈ 'ਆਪ' ਸਰਕਾਰ ਦਾ ਵਿਕਾਸ ਪਿਛਲੇ ਕਰੀਬ 6 ਮਹੀਨਿਆਂ ਤੋਂ ਸਿਰਦਰਦੀ ਬਣਿਆ ਹੋਇਆ ਹੈ | ਹਲਕੇ ਦੇ ਦਰਜਨਾਂ ਪਿੰਡਾਂ ਤੇ ਖਾਸ ਕਰਕੇ ਜਲੰਧਰ ਛਾਉਣੀ ਦੇ ਨਾਲ ਲੱਗਦੇ ਪਿੰਡਾਂ 'ਚ ਲੋਕ ਨਿਰਮਾਣ ਵਿਭਾਗ ਵਲੋਂ ਟੁੱਟੀਆਂ ਸੜਕਾਂ ਨੂੰ ਮੁੜ ਬਣਾਉਣ ਲਈ ਸੜਕਾਂ ਨੂੰ ਪੁੱਟ ਕੇ ਉਨ੍ਹਾਂ ਉੱਪਰ ਪੱਥਰ ਤਾਂ ਪਾ ਦਿੱਤੇ ਗਏ ਪਰ ਉਨ੍ਹਾਂ ਉੱਪਰ ਲੁੱਕ ਨਾ ਪਾਉਣ ਕਰਕੇ ਇਹ ਸੜਕਾਂ ਹੁਣ ਲੋਕਾਂ ਲਈ ਵੱਡੀ ਮੁਸੀਬਤ ਬਣੀਆਂ ਹੋਈਆਂ ਹਨ | ਇਨ੍ਹਾਂ ਸੜਕਾਂ 'ਤੇ ਮਹਿਕਮੇ ਵਲੋਂ ਪਾਏ ਗਏ ਪੱਥਰ ਲੋਕਾਂ ਦੇ ਦੁਸ਼ਮਣ ਬਣ ਗਏ ਹਨ | ਵਾਹਨਾਂ ਦੇ ਲੰਘਣ ਨਾਲ ਇਹ ਪੱਥਰ ਏਨੇ ਤਿੱਖੇ ਹੋ ਗਏ ਹਨ ਕਿ ਹਰ ਰੋਜ਼ ਰਾਹਗੀਰਾਂ ਦੇ ਵੱਜ ਕੇ ਉਨ੍ਹਾਂ ਨੂੰ ਜ਼ਖਮੀਂ ਕਰ ਰਹੇ ਹਨ | ਇਹ ਪੱਥਰ 'ਗੋਲੀ' ਤੋਂ ਵੀ ਜ਼ਿਆਦਾ ਖਤਰਨਾਕ ਹਨ ਤੇ ਜੇਕਰ ਕਿਸੇ ਤੇਜ਼ ਰਫਤਾਰ ਵਾਹਨ ਕਾਰਨ ਇਹ ਪੱਥਰ ਕਿਸੇ ਵਿਅਕਤੀ ਦੇ ਸਿਰ 'ਤੇ ਵੱਜ ਗਏ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ | ਇੱਥੇ ਹੀ ਬੱਸ ਨਹੀਂ ਇਹ ਪੱਥਰ ਜਿੱਥੇ ਲੋਕਾਂ ਦੀ ਜਾਨ ਲਈ ਖਤਰਨਾਕ ਹਨ, ਉੱਥੇ ਦੁਪਹੀਆ ਤੇ ਚਾਰ ਪਹੀਆ ਵਾਹਨਾਂ ਆਦਿ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ | ਇਨ੍ਹਾਂ ਪੱਥਰਾਂ ਉੱਪਰੋਂ ਦੀ ਵਾਹਨਾਂ ਦਾ ਤਾਂ ਲੰਘਣਾ ਮੁਸ਼ਕਿਲ ਹੈ ਹੀ, ਸਗੋਂ ਪੈਦਲ ਵੀ ਨਹੀਂ ਲੰਘਿਆ ਜਾ ਸਕਦਾ | ਇਨ੍ਹਾਂ ਪੱਥਰ ਤੋਂ ਤਿਲਕ ਕੇ ਕਈ ਵਾਹਨ ਚਾਲਕ ਸੱਟਾਂ ਵੀ ਲਗਵਾ ਚੁੱਕੇ ਹਨ ਤੇ ਕਈ ਵਾਹਨਾਂ ਦੇ ਟਾਇਰ ਤੱਕ ਵੀ ਫਟ ਗਏ ਹਨ ਪਰ ਸਰਕਾਰ ਅਤੇ ਮਹਿਕਮੇ ਨੇ ਕਦੇ ਵੀ ਇਨ੍ਹਾਂ ਪੱਥਰਾਂ ਨਾਲ ਹੋ ਰਹੇ ਨੁਕਸਾਨ ਬਾਰੇ ਸੋਚਣ ਦੀ ਜਹਿਮਤ ਨਹੀਂ ਉਠਾਈ | ਅਜਿਹਾ ਨਹੀਂ ਕਿ ਇਲਾਕੇ ਦੇ ਲੋਕਾਂ ਵਲੋਂ ਇਸ ਸੰਬੰਧੀ ਆਵਾਜ਼ ਨਹੀਂ ਉਠਾਈ ਗਈ, ਬਲਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ ਕਈ ਪਿੰਡਾਂ ਦੇ ਲੋਕਾਂ ਵਲੋਂ ਹਲਕੇ ਦੇ 'ਆਪ' ਆਗੂਆਂ ਨੂੰ ਮਿਲ ਕੇ ਇਨ੍ਹਾਂ ਸੜਕਾਂ 'ਤੇ ਲੁੱਕ ਪਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ ਪਰ 'ਆਪ' ਆਗੂਆਂ ਵਲੋਂ ਵੀ ਲੋਕਾਂ ਦੀ ਇਸ ਸਮੱਸਿਆ ਵੱਲ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ ਗਿਆ | ਬੇਸ਼ੱਕ ਇਨ੍ਹਾਂ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣ ਜਿੱਤਣ 'ਚ ਸਫਲ ਰਹੇ ਹਨ ਪਰ ਲੋਕਾਂ ਦਾ ਕਹਿਣਾ ਹੈ ਕਿ ਇਹ ਚੋਣਾਂ ਹੋਰਨਾਂ ਮੁੱਦਿਆਂ 'ਤੇ ਲੜੀਆਂ ਜਾਂਦੀਆਂ ਹਨ ਪਰ ਵਿਧਾਨ ਸਭਾ ਚੋਣਾਂ 'ਚ 'ਆਪ' ਨੂੰ ਇਸ ਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ | ਇਨ੍ਹਾਂ ਸੜਕਾਂ ਨਾਲ ਨਿੱਤ ਹੁੰਦੇ ਨੁਕਸਾਨ ਬਾਰੇ ਗੱਲ ਕਰਦਿਆਂ ਪਿੰਡ ਬੰਬੀਆਂਵਾਲ ਦੇ ਸਾਬਕਾ ਸਰਪੰਚ ਸਰਜੀਵਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਗੱਡੀ 'ਤੇ ਅੱਜ ਇਕ ਮੋਟਰ ਸਾਈਕਲ ਦੇ ਲੰਘਣ ਕਾਰਨ ਇਕ ਪੱਥਰ ਏਨੀ ਜ਼ੋਰ ਦੀ ਵੱਜਾ ਕਿ ਗੱਡੀ ਦੇ ਬੋਨਟ ਨੂੰ ਚਿੱਬ ਪੈ ਗਿਆ, ਉਨ੍ਹਾਂ ਕਿਹਾ ਕਿ ਜੇਕਰ ਇਹ ਪੱਥਰ ਕਿਸੇ ਇਨਸਾਨ ਦੇ ਲੱਗਦਾ ਤਾਂ ਉਸ ਦੀ ਜਾਨ ਵੀ ਜਾ ਸਕਦੀ ਸੀ | ਉਨ੍ਹਾਂ ਕਿਹਾ ਕਿ ਅਜਿਹੇ ਹਾਦਸੇ ਹਰ ਰੋਜ਼ ਵਾਪਰ ਰਹੇ ਹਨ ਪਰ ਸਰਕਾਰ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਜਿਸ ਕਾਰਨ ਲੋਕਾਂ ਅੰਦਰ 'ਆਪ' ਸਰਕਾਰ ਖਿਲਾਫ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸੜਕਾਂ 'ਤੇ ਜੇਕਰ ਲੁੱਕ ਨਹੀਂ ਪਾਈ ਜਾ ਸਕਦੀ ਤਾਂ ਘੱਟੋ ਘੱਟ ਇਨ੍ਹਾਂ 'ਤੇ ਮਿੱਟੀ ਤਾਂ ਪਾਈ ਹੀ ਜਾ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਮਾਡਲ ਟਾਊਨ ਵਿਖੇ ਭਾਈ ਸੰਗਤ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਨਗਰ ਕੀਰਤਨ ਸੰਬੰਧੀ ਡੀ.ਸੀ. ਅਤੇ ਪੁਲਿਸ ਕਮਿਸ਼ਨਰ ਨੂੰ ਮਿਲੇ ਪ੍ਰਬੰਧਕ
Ad Position 24
No active advertisement