ਜੰਡਿਆਲਾ ਮੰਜਕੀ, 26 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)-ਏਕ ਨੂਰ ਨਿਸ਼ਕਾਮ ਸੇਵਾ ਸੁਸਾਇਟੀ ਸਮਰਾਏ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਸਮੇਸ਼ ਪਿਤਾ ਜੀ ਦੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਅਤੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ 'ਚ ਨਗਰ ਕੀਰਤਨ ਸਜਾਇਆ ਗਿਆ | ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੱਡੀਆਂ ਮੋਟਰਾਂ ਦੇ ਵਿਸ਼ਾਲ ਕਾਫਲੇ ਨਾਲ ਸਜਾਏ ਗਏ ਨਗਰ ਕੀਰਤਨ ਦੌਰਾਨ ਭਾਈ ਗੁਰਪ੍ਰੀਤ ਸਿੰਘ ਸਮਰਾਏ ਵਾਲਿਆਂ ਦੇ ਜਥੇ ਵਲੋਂ ਸੰਗਤੀ ਰੂਪ ਵਿੱਚ ਬਾਣੀ ਦੇ ਜਾਪ ਕੀਤੇ ਗਏ | ਕਵੀਸ਼ਰ ਭਾਈ ਜਸਵਿੰਦਰ ਸਿੰਘ ਪੁਆਦੜਾ ਦੇ ਜਥੇ ਵਲੋਂ ਇਤਿਹਾਸਿਕ ਵਾਰਾਂ ਪੇਸ਼ ਕੀਤੀਆਂ ਗਈਆਂ | ਨਗਰ ਕੀਰਤਨ ਦੌਰਾਨ ਟਰੈਕਟਰ ਟਰਾਲੀਆਂ ਤੇ ਸ਼ਹੀਦ ਸਿੰਘਣੀਆਂ ਅਤੇ ਛੋਟੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਝਲਕੀਆਂ ਵੀ ਸਜਾਈਆਂ ਗਈਆਂ | ਇਹ ਨਗਰ ਕੀਰਤਨ ਸਮਰਾਏ ਦੇ ਗੁਰਦੁਆਰਾ ਬਾਬਾ ਗੋਪਾਲ ਸਿੰਘ ਤੋਂ ਸ਼ੁਰੂ ਹੋ ਕੇ ਪੰਡੋਰੀ ਮੁਸ਼ਾਰਕਤੀ, ਜੰਡਿਆਲਾ, ਥਾਬਲਕੇ, ਕੰਗਣੀਵਾਲ, ਮਸ਼ਿਆਣਾ ਆਦਿ ਪਿੰਡਾਂ ਵਿੱਚੋਂ ਹੁੰਦਾ ਹੋਇਆ ਉਪਰੋਕਤ ਗੁਰੂ ਘਰ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਦਾ ਜੰਡਿਆਲਾ 'ਚ ਗੁਰਦੁਆਰਾ ਮਾਤਾ ਸਾਹਿਬ ਕੌਰ ਪੱਤੀ ਧੁੰਨੀ ਕੀ ਅਤੇ ਗੁਰਦੁਆਰਾ ਬਾਬਾ ਭੂਮੀਆ ਜੀ ਦੀ ਪ੍ਰਬੰਧਕ ਕਮੇਟੀ ਵਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਲੰਗਰ ਲਗਾਏ ਗਏ | ਨਗਰ ਕੀਰਤਨ ਦੌਰਾਨ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਾਰਾਂ ਦੇ ਨਾਲ-ਨਾਲ ਇਲਾਕੇ ਭਰ ਦੀਆਂ ਵੱਖ ਵੱਖ ਰਾਜਨੀਤਿਕ, ਸਮਾਜਿਕ, ਸ਼ਖਸੀਅਤਾਂ ਵੀ ਹਾਜ਼ਰ ਸਨ |