ਸ੍ਰੀ ਮੁਕਤਸਰ ਸਾਹਿਬ, 1 ਸਤੰਬਰ (ਰਣਜੀਤ ਸਿੰਘ ਢਿੱਲੋਂ)-ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਜਿੱਥੇ ਪਿਛਲੇ ਦਿਨਾਂ ਦੌਰਾਨ ਭਾਰੀ ਬਾਰਿਸ਼ ਹੋਣ ਕਾਰਨ ਖੇਤਾਂ ਵਿਚ ਪਾਣੀ ਖੜ੍ਹ ਗਿਆ ਹੈ, ਦਾ ਦੌਰਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਬਲਾਕ ਸ੍ਰੀ ਮੁਕਤਸਰ ਸਾਹਿਬ ਵਿਚ 30 ਤੇ 31 ਅਗਸਤ ਨੂੰ ਹੋਈ ਭਾਰੀ ਬਾਰਿਸ਼ ਕਾਰਨ ਖੇਤਾਂ ਵਿਚ ਪਾਣੀ ਖੜ੍ਹਾ ਹੈ | ਇਸ ਮੌਕੇ ਦੌਰਾ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਅਜੇ ਤੱਕ ਕਿਸੇ ਫ਼ਸਲ ਉੱਪਰ ਕੋਈ ਨੁਕਸਾਨ ਨਹੀਂ ਹੈ | ਡਾ. ਗਿੱਲ ਨੇ ਦੱਸਿਆ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਹੋਰ ਬਾਰਿਸ਼ ਹੁੰਦੀ ਹੈ ਜਾਂ ਪਾਣੀ ਦੀ ਨਿਕਾਸੀ ਸਮੇਂ ਸਿਰ ਨਹੀਂ ਹੁੰਦੀ ਤਾਂ ਨਰਮਾ, ਝੋਨਾ/ਬਾਸਮਤੀ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਹੋਵੇਗਾ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਦੇ ਪਾਣੀ ਦੀ ਨਿਕਾਸੀ ਲਈ ਆਪਣੇ ਪੱਧਰ 'ਤੇ ਵੀ ਉਪਰਾਲੇ ਕਰਨ | ਅੰਤ ਵਿਚ ਉਨ੍ਹਾਂ ਕਿਹਾ ਕਿ ਜੇਕਰ ਕਿਤੇ ਵੀ ਫ਼ਸਲ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਬਣਦੀ ਰਿਪੋਰਟ ਤਿਆਰ ਕਰਕੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦੀ ਜਾਵੇਗੀ ਅਤੇ ਇਸ ਦੇ ਨਾਲ-ਨਾਲ ਪੰਜਾਬ ਸਰਕਾਰ ਕੋਲ ਇਹ ਰਿਪੋਰਟ ਭੇਜ ਦਿੱਤੀ ਜਾਵੇਗੀ | ਇਸ ਮੌਕੇ ਡਾ. ਸੁਖਜਿੰਦਰ ਸਿੰਘ ਏ.ਡੀ.ਓ., ਡਾ. ਸ਼ਮਿੰਦਰ ਸਿੰਘ ਏ.ਡੀ.ਓ., ਡਾ. ਕਰਨਜੀਤ ਸਿੰਘ ਪੀ.ਡੀ. ਅਤੇ ਡਾ. ਹਰਮਨਦੀਪ ਸਿੰਘ ਏ.ਡੀ.ਓ ਆਦਿ ਹਾਜ਼ਰ ਸਨ |