ਸ੍ਰੀ ਮੁਕਤਸਰ ਸਾਹਿਬ, 1 ਸਤੰਬਰ (ਰਣਜੀਤ ਸਿੰਘ ਢਿੱਲੋਂ)-ਬੀਤੀ ਅੱਧੀ ਰਾਤ ਨੂੰ ਹੋਈ ਬਾਰਿਸ਼ ਮਗਰੋਂ ਪਿੰਡ ਝਬੇਲਵਾਲੀ ਵਿਖੇ ਸ਼ੈੱਡ ਡਿੱਗਣ ਕਾਰਨ 40 ਬੱਕਰੀਆਂ ਦੀ ਮੌਤ ਹੋ ਗਈ ਸੀ | ਪੀੜਤ ਕਿਸਾਨ ਨੰਬਰਦਾਰ ਹਰਬੰਸ ਸਿੰਘ ਨੂੰ ਵਿਸ਼ੇਸ਼ ਹਾਲਤਾਂ 'ਚ ਬਣਦਾ ਮੁਆਵਜ਼ਾ ਰਾਸ਼ੀ ਮੁਹੱਈਆ ਕਰਵਾਉਣ ਸੰਬੰਧੀ ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ ਨੂੰ ਮਿਲਿਆ | ਇਨ੍ਹਾਂ ਰਾਹੀਂ ਮੰਗ ਪੱਤਰ ਡੀ.ਸੀ. ਅਭੀਜੀਤ ਕਪਲਿਸ਼ ਨੂੰ ਭੇਜਿਆ ਗਿਆ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਨੇ ਕਿਹਾ ਕਿ ਪਿੰਡ ਝਬੇਲਵਾਲੀ ਦੇ ਕਿਸਾਨ ਹਰਬੰਸ ਸਿੰਘ ਦੀਆਂ 40 ਦੇ ਕਰੀਬ ਬੱਕਰੀਆਂ ਭਾਰੀ ਮੀਂਹ ਪੈਣ ਕਾਰਨ ਸ਼ੈੱਡ ਡਿੱਗਣ ਕਾਰਨ ਮਾਰੀਆਂ ਗਈਆਂ ਅਤੇ ਬਹੁਤ ਸਾਰੀਆਂ ਬੱਕਰੀਆਂ ਦੀਆਂ ਢੂਹੀਆਂ, ਲੱਤਾਂ, ਪੱਟ ਟੁੱਟਣ ਕਾਰਨ ਨਾਜ਼ੁਕ ਹਾਲਤ ਦੇ ਵਿਚ ਮਰਨ ਕਿਨਾਰੇ ਪਈਆਂ ਤੜਫ਼ ਰਹੀਆਂ ਹਨ | ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਜਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ ਨੇ ਕਿਹਾ ਕਿ ਪੀੜਤ ਕਿਸਾਨ ਦੀਆਂ ਬੱਕਰੀਆਂ ਮਰ ਜਾਣ ਕਾਰਨ ਅਤੇ ਸਮੇਤ ਛੱਤਾਂ ਡਿੱਗਣ ਨਾਲ ਪਰਿਵਾਰ ਦਾ 15 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਨੂੰ ਫ਼ੌਰੀ ਤੌਰ 'ਤੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ | ਜ਼ਖ਼ਮੀ ਪਸ਼ੂਆਂ ਦਾ ਇਲਾਜ ਕਰਵਾਇਆ ਜਾਵੇ ਅਤੇ ਉਨ੍ਹਾਂ ਨੂੰ ਮੀਂਹ ਤੋਂ ਬਚਾਅ ਲਈ ਤਰਪਾਲਾਂ ਮੁਹੱਈਆ ਕਰਵਾਈਆਂ ਜਾਣ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਥਾਂਦੇਵਾਲਾ, ਸਾਬਕਾ ਪੰਚਾਇਤ ਮੈਂਬਰ ਤੇਜ਼ ਸਿੰਘ ਝਬੇਲਵਾਲੀ, ਰਣਜੀਤ ਸਿੰਘ ਮੀਤ ਝਬੇਲਵਾਲੀ, ਸੁਖਦੇਵ ਸਿੰਘ ਸੁੱਖਾ ਝਬੇਲਵਾਲੀ, ਨੰਬਰਦਾਰ ਮਨਪ੍ਰੀਤ ਸਿੰਘ, ਕਾਮਰੇਡ ਜਸਵਿੰਦਰ ਸਿੰਘ ਭੱਲਾ ਝਬੇਲਵਾਲੀ, ਭਿੰਦਾ ਭੁੱਲਰ, ਰਾਜਵੰਤ ਸਿੰਘ ਔਲਖ, ਗੋਬਿੰਦ ਸਿੰਘ ਝਬੇਲਵਾਲੀ, ਅਜ਼ਾਦ ਸਿੰਘ ਅਕਾਲੀ ਹਾਜ਼ਰ ਸਨ |