ਗਿੱਦੜਬਾਹਾ, 26 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਬਾਸਕਟਬਾਲ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਵਕੀਲ ਲਗਨਪ੍ਰੀਤ ਸਿੰਘ ਲਾਲੀ ਦੀ ਅਗਵਾਈ ਵਿਚ ਤੀਜਾ ਆਲ ਇੰਡੀਆ ਬਾਸਕਟਬਾਲ ਟੂਰਨਾਮੈਂਟ ਬਾਬਾ ਗੰਗਾ ਰਾਮ ਸਟੇਡੀਅਮ ਗਿੱਦੜਬਾਹਾ ਵਿਖੇ ਸ਼ੁਰੂ ਹੋ ਗਿਆ ਹੈ | ਜ਼ਿਕਰਯੋਗ ਹੈ ਕਿ 1997 ਵਿਚ ਅਕਾਲੀ ਸਰਕਾਰ ਦੌਰਾਨ ਹਲਕਾ ਗਿੱਦੜਬਾਹਾ ਦੇ ਵਿਧਾਇਕ ਰਹੇ ਮਨਪ੍ਰੀਤ ਸਿੰਘ ਬਾਦਲ ਅਤੇ ਉਸ ਸਮੇਂ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਡੀ.ਐੱਸ.ਪੀ. ਸੱਜਣ ਸਿੰਘ ਚੀਮਾ ਵਲੋਂ ਗਿੱਦੜਬਾਹਾ ਵਿਚ ਬਾਸਕਟਬਾਲ ਖੇਡ ਦਾ ਅਜਿਹਾ ਬੂਟਾ ਲਗਾਇਆ ਕਿ ਇਥੇ ਹਰ ਸਾਲ ਬਾਸਕਟਬਾਲ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਅਤੇ ਉਦੋਂ ਤੋਂ ਹੀ ਇਸ ਖੇਡ ਸਟੇਡੀਅਮ ਵਿਚ ਪੰਜਾਬ ਪੁਲਿਸ 'ਚ ਬਤੌਰ ਐੱਸ.ਆਈ. ਜਗਸੀਰ ਪੁਰੀ ਵਲੋਂ ਆਪਣੀਆਂ ਕੋਚ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਕੋਰ ਜਗਸੀਰ ਪੁਰੀ ਵਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਦੌਲਤ ਬਾਬਾ ਗੰਗਾ ਰਾਮ ਸਟੇਡੀਅਮ ਨੇ ਅਨੇਕਾਂ ਹੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ ਅਤੇ ਅਨੇਕਾਂ ਖਿਡਾਰੀ ਚੰਗੀਆਂ ਸਰਕਾਰੀ ਨੌਕਰੀਆਂ ਹਾਸਿਲ ਕਰਕੇ ਆਪਣਾ ਚੰਗਾ ਜੀਵਨ ਬਤੀਤ ਕਰ ਰਹੇ ਹਨ | ਐਸੋਸੀਏਸ਼ਨ ਦੇ ਪ੍ਰਧਾਨ ਵਕੀਲ ਲਗਨਪ੍ਰੀਤ ਸਿੰਘ ਲਾਲੀ ਮਾਨ ਨੇ ਕਿਹਾ ਕਿ ਖੇਡਾਂ ਸਾਡੇ ਸਰੀਰ ਦਾ ਅਨਿੱਖਵਾਂ ਅੰਗ ਹਨ | ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨਾ ਉਨ੍ਹਾਂ ਦਾ ਮੁੱਖ ਕਾਰਜ ਹੈ | ਅਜੋਕੇ ਸਮੇਂ ਵਿਚ ਨੌਜਵਾਨ ਨਸ਼ਿਆਂ ਦੀ ਦਲ-ਦਲ ਵਿਚ ਫਸ ਕੇ ਆਪਣੀ ਜ਼ਿੰਦਗੀ ਤੇ ਪੈਸਾ ਬਰਬਾਦ ਕਰ ਰਹੇ ਹਨ | ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਵਿਚੋਂ ਕੱਢਣ ਲਈ ਇਨ੍ਹਾਂ ਨੂੰ ਖੇਡਾਂ ਨਾਲ ਜੋੜਨਾ ਹੋਵੇਗਾ | ਉਨ੍ਹਾਂ ਕਿਹਾ ਕਿ ਬਾਹਰੋਂ ਟੂਰਨਾਮੈਂਟ ਵਿਚ ਹਿੱਸਾ ਲੈਣ ਆਈਆਂ ਟੀਮਾਂ ਦੀ ਰਿਹਾਇਸ਼ ਤੇ ਖਾਣੇ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ | ਕੋਚ ਜਗਸੀਰ ਪੁਰੀ ਨੇ ਦੱਸਿਆ ਕਿ ਇਸ ਵਾਰ ਦੇਸ਼ ਭਰ ਵਿਚੋਂ ਲੜਕਿਆਂ ਦੀਆਂ 15 ਅਤੇ ਲੜਕੀਆਂ ਦੀਆਂ 8 ਟੀਮਾਂ ਭਾਗ ਲੈ ਰਹੀਆਂ ਹਨ | ਇਹ ਟੂਰਨਾਮੈਂਟ 25 ਤੋਂ 28 ਸਤੰਬਰ ਤੱਕ ਚੱਲੇਗਾ | ਪਹਿਲੇ ਦਿਨ ਲੁਧਿਆਣਾ ਤੇ ਬੀ.ਐੱਸ.ਐੱਫ਼. ਵਿਚਕਾਰ ਮੈਚ ਦੌਰਾਨ ਲੁਧਿਆਣਾ ਜੇਤੂ, ਗਿੱਦੜਬਾਹਾ ਤੇ ਆਗਰਾ ਵਿਚੋਂ ਗਿੱਦੜਬਾਹਾ ਜੇਤੂ, ਪੰਚਕੂਲਾ ਤੇ ਬੈਸਟ ਈਸਟ ਰੇਲਵੇ ਵਿਚੋਂ ਬੈਸਟ ਈਸਟ ਰੇਲਵੇ ਜੇਤੂ ਰਿਹਾ | ਲੜਕੀਆਂ ਦੇ ਹੋਏ ਮੈਚ ਦੌਰਾਨ ਨਾਰਥਨ ਈਸਟ ਤੇ ਪੰਜਾਬ ਬਾਲਰਜ਼ ਵਿਚੋਂ ਨਾਰਥਨ ਈਸਟ ਜੇਤੂ, ਐੱਲ.ਪੀ.ਯੂ. ਤੇ ਚੰਡੀਗੜ੍ਹ ਵਿਚੋਂ ਚੰਡੀਗੜ੍ਹ ਜੇਤੂ ਰਿਹਾ | ਇਸ ਮੌਕੇ ਰਮਨਦੀਪ ਸਿੰਘ, ਕਿਰਨਪਾਲ ਸਿੰਘ ਮਾਨ ਵਾਈਸ ਪ੍ਰਧਾਨ, ਜਸਕਰਨ ਸਿੰਘ ਭੁੱਲਰ ਸਕੱਤਰ, ਅੰਕੁਸ਼ ਦਿਉੜਾ, ਰਾਜੂ ਸਿੰਗਲਾ, ਸੁਨੀਲ ਕੁਮਾਰ, ਨਵੀ ਬਰਾੜ, ਸਰੂਪ ਸਿੰਗਲਾ ਗੁਰਮੱਤ ਸਿੰਘ ਆਦਿ ਹਾਜ਼ਰ ਸਨ |