ਸ੍ਰੀ ਮੁਕਤਸਰ ਸਾਹਿਬ, 4 ਨਵੰਬਰ (ਹਰਮਹਿੰਦਰ ਪਾਲ)-ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਤੇ ਨਵੀਆਂ ਸਿੱਖਣ ਸਿਖਾਉਣ ਤਕਨੀਕਾਂ ਬਾਰੇ ਅਧਿਆਪਕਾਂ ਨੂੰ ਜਾਣੂ ਕਰਵਾਉਣ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ 6 ਸਿੱਖਿਆ ਬਲਾਕਾਂ ਵਿਚ ਤਿੰਨ ਰੋਜ਼ਾ ਬਲਾਕ ਪੱਧਰੀ ਪ੍ਰੀ-ਪ੍ਰਾਇਮਰੀ ਅਧਿਆਪਕ ਟ੍ਰੇਨਿੰਗਾਂ ਦੀ ਸ਼ੁਰੂਆਤ ਕੀਤੀ ਗਈ ਹੈ | ਯਾਦਵਿੰਦਰ ਸਿੰਘ ਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਤੇ ਸੰਜੀਵ ਕੁਮਾਰ ਪਿ੍ੰਸੀਪਲ ਡਾਇਟ ਬਰਕੰਦੀ ਦੀ ਅਗਵਾਈ ਹੇਠ ਇਹ ਟ੍ਰੇਨਿੰਗਾਂ ਦੋ ਬੈਚਾਂ ਵਿਚ ਮੁਕੰਮਲ ਹੋਣਗੀਆਂ | ਪਹਿਲਾ ਬੈਚ 3 ਨਵੰਬਰ ਤੋਂ ਸ਼ੁਰੂ ਹੋ ਗਿਆ ਹੈ | ਰਾਸ਼ਟਰੀ ਸਿੱਖਿਆ ਨੀਤੀ 2020 ਅਨੁਸਾਰ ਇਨ੍ਹਾਂ ਤਿੰਨ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਵਿਚ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਸਵਾਗਤ, ਫਰੀ ਪਲੇਅ, ਹਾਜ਼ਰੀ ਚਾਰਟ ਤੇ ਵਿਸ਼ੇਸ਼ ਤੌਰ 'ਤੇ ਸਰੀਰਕ ਵਿਕਾਸ, ਬੌਧਿਕ ਵਿਕਾਸ, ਸਮਾਜਿਕ ਤੇ ਭਾਵਨਾਤਮਕ ਵਿਕਾਸ, ਸੁਹਜ ਤੇ ਸੱਭਿਆਚਾਰਕ ਵਿਕਾਸ ਆਦਿ ਨਾਲ ਸੰਬੰਧਿਤ ਗਤੀਵਿਧੀਆਂ ਬਾਰੇ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ | ਕਮਲਪ੍ਰੀਤ ਸਿੰਘ ਡੀ.ਆਰ.ਸੀ. ਪ੍ਰਾਇਮਰੀ ਨੇ ਦੱਸਿਆ ਕਿ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਬਹੁਤ ਹੀ ਸੁਹਿਰਦਤਾ ਤੇ ਉਤਸ਼ਾਹ ਨਾਲ ਇਨ੍ਹਾਂ ਟ੍ਰੇਨਿੰਗ ਵਰਕਸ਼ਾਪ ਵਿਚ ਭਾਗ ਲੈ ਰਹੇ ਹਨ | ਗਤੀਵਿਧੀਆਂ ਕਰਵਾਉਣ ਲਈ ਸਿੱਖਿਆ ਵਿਭਾਗ ਪੰਜਾਬ ਵਲੋਂ ਮੁਹੱਈਆ ਕਰਵਾਈ ਗਈ ਸਹਾਇਕ ਸਮੱਗਰੀ ਦੀ ਵਰਤੋਂ ਬਾਰੇ ਵੀ ਦੱਸਿਆ ਜਾ ਰਿਹਾ ਹੈ | ਰਾਜੀਵ ਕੁਮਾਰ, ਗੁਰਵਿੰਦਰ ਸਿੰਘ, ਕਰਮਦੀਪ ਕੌਰ, ਜਗਜੀਤ ਸਿੰਘ, ਗਗਨਦੀਪ ਸਿੰਘ, ਸੁਲਿੰਦਰ ਸਿੰਘ, ਅਮਨ ਅਰੋੜਾ, ਨਛੱਤਰ ਸਿੰਘ, ਸੰਜੀਵ ਸਿੰਘ, ਦੀਪਕ ਕੁਮਾਰ, ਬਲਜੀਤ ਸਿੰਘ, ਲਖਬੀਰ ਸਿੰਘ, ਕਮਲਪ੍ਰੀਤ ਸਿੰਘ ਵੱਖ-ਵੱਖ ਬਲਾਕਾਂ ਵਿਚ ਬਤੌਰ ਰਿਸੋਰਸ ਪਰਸਨ ਭੂਮਿਕਾ ਨਿਭਾ ਰਹੇ ਹਨ | ਸੰਦੀਪ ਕੁਮਾਰ ਸ਼ਰਮਾ ਪ੍ਰਥਮ ਸੰਸਥਾ ਵਲੋਂ ਲਰਨਿੰਗ ਪਾਰਟਨਰ ਵਜੋਂ ਵਿਸ਼ੇਸ਼ ਤੌਰ 'ਤੇ ਇਨ੍ਹਾਂ ਟ੍ਰੇਨਿੰਗਾਂ ਲਈ ਸਹਿਯੋਗ ਕਰ ਰਹੇ ਹਨ |