ਮਲੋਟ, 20 ਦਸੰਬਰ (ਪਾਟਿਲ)-ਮਲੋਟ ਹਲਕੇ ਵਿਚ ਹੋਈਆਂ ਬਲਾਕ ਸੰਮਤੀ ਚੋਣਾਂ ਨੇ ਸਿਆਸੀ ਮੈਦਾਨ ਦੀ ਤਸਵੀਰ ਕਾਫ਼ੀ ਹੱਦ ਤੱਕ ਸਾਫ਼ ਕਰ ਦਿੱਤੀ ਹੈ | ਕੁੱਲ 25 ਸੀਟਾਂ ਵਿਚੋਂ 17 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤ ਕੇ ਆਪਣਾ ਦਬਦਬਾ ਕਾਇਮ ਕੀਤਾ, ਜਦਕਿ ਸ਼੍ਰੋਮਣੀ ਅਕਾਲੀ ਦਲ ਨੇ 8 ਸੀਟਾਂ ਆਪਣੇ ਨਾਂਅ ਕੀਤੀਆਂ | ਇਸ ਚੋਣ ਜੰਗ ਵਿਚ ਕਾਂਗਰਸ ਪਾਰਟੀ ਇਕ ਵੀ ਸੀਟ ਨਹੀਂ ਜਿੱਤ ਸਕੀ, ਜਿਸ ਕਾਰਨ ਉਸ ਦਾ ਖ਼ਾਤਾ ਵੀ ਨਹੀਂ ਖੁੱਲ੍ਹ ਸਕਿਆ | ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਤੇ ਅਕਾਲੀ ਦਲ ਵਲੋਂ ਆਮ ਆਦਮੀ ਪਾਰਟੀ ਅਤੇ ਮੌਜੂਦਾ ਪੰਜਾਬ ਸਰਕਾਰ 'ਤੇ ਦੋਸ਼ ਲਗਾਏ ਗਏ ਕਿ ਪੋਲਿੰਗ ਤੇ ਵੋਟਾਂ ਦੀ ਗਿਣਤੀ ਦੌਰਾਨ ਹੇਰਾਫੇਰੀ ਹੋਈ ਹੈ | ਹਾਲਾਂਕਿ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਜੋ ਕਿ ਮਲੋਟ ਹਲਕੇ ਦੀ ਵਿਧਾਇਕਾ ਵੀ ਹਨ, ਨੇ ਇਹ ਦੋਸ਼ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਵਲੋਂ ਕਿਸੇ ਕਿਸਮ ਦੀ ਧੱਕੇਸ਼ਾਹੀ ਕੀਤੀ ਜਾਂਦੀ ਤਾਂ ਕਈ ਸੀਟਾਂ 'ਤੇ ਆਮ ਆਦਮੀ ਪਾਰਟੀ ਸਿਰਫ਼ 25-30 ਵੋਟਾਂ ਦੇ ਫ਼ਰਕ ਨਾਲ ਹਾਰਦੀ ਨਹੀਂ | ਜ਼ਿਲ੍ਹਾ ਪ੍ਰਧਾਨ ਕਾਂਗਰਸ ਸ਼ੁਭਦੀਪ ਸਿੰਘ ਬਿੱਟੂ ਅਤੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਵੀ ਪੰਜਾਬ ਸਰਕਾਰ 'ਤੇ ਗੰਭੀਰ ਦੋਸ਼ ਲਗਾਏ ਅਤੇ ਨਾਲ ਹੀ ਆਪੋ-ਆਪਣੇ ਪੱਧਰ 'ਤੇ ਇਹ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਹੀ ਮੁੜ ਸੱਤਾ ਵਿਚ ਆਵੇਗੀ | ਦੂਜੇ ਪਾਸੇ ਮਲੋਟ ਹਲਕੇ ਵਿਚ ਕਾਂਗਰਸ ਦੇ ਇਕ ਧੜੇ ਵਲੋਂ ਸਿੱਧੇ-ਅਸਿੱਧੇ ਤੌਰ 'ਤੇ ਹਾਰ ਲਈ ਜ਼ਿਲ੍ਹੇ ਦੇ ਮੁੱਖ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਗੱਲ ਵੀ ਸਾਹਮਣੇ ਆਈ ਹੈ | ਉੱਥੇ ਸ਼੍ਰੋਮਣੀ ਅਕਾਲੀ ਦਲ ਵਿਚ ਪਾਰਟੀ ਅਨੁਸ਼ਾਸਨ ਕਾਇਮ ਨਜ਼ਰ ਆਇਆ | ਭਾਵੇਂ ਅੰਦਰੂਨੀ ਤੌਰ 'ਤੇ ਅਸਹਿਮਤੀਆਂ ਹੋ ਸਕਦੀਆਂ ਹਨ, ਪਰ ਖੁੱਲ੍ਹ ਕੇ ਕੋਈ ਵੀ ਆਗੂ ਪਾਰਟੀ ਲਾਈਨ ਤੋਂ ਬਾਹਰ ਜਾਂਦਾ ਨਹੀਂ ਦਿਸਿਆ | ਅਕਾਲੀ ਦਲ ਇਸ ਗੱਲ ਤੋਂ ਵੀ ਖ਼ੁਸ਼ ਨਜ਼ਰ ਆ ਰਿਹਾ ਹੈ ਕਿ ਮਾਲਵਾ ਖੇਤਰ ਦੇ ਕਈ ਜ਼ਿਲਿ੍ਹਆਂ ਵਿਚ ਉਸ ਦੀ ਕਾਰਗੁਜ਼ਾਰੀ 2022 ਦੀਆਂ ਚੋਣਾਂ ਨਾਲੋਂ ਬਿਹਤਰ ਰਹੀ | ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅਕਾਲੀਆਂ ਦੇ ਹੌਂਸਲੇ ਬੁਲੰਦ ਨਜ਼ਰ ਆ ਰਹੇ ਹਨ ਅਤੇ ਲੰਬੀ ਵਿਚ ਇਕ ਵਾਰ ਫ਼ਿਰ ਬਾਦਲ ਪਰਿਵਾਰ ਦੀ ਸਿਆਸੀ ਪਕੜ ਵਿਖਾਈ ਦਿੱਤੀ | 'ਆਪ' ਦੀ ਸਰਗਰਮੀ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਬੀਤੇ ਸਮੇਂ ਤੋਂ ਹੀ ਹਲਕੇ ਵਿਚ ਸਰਗਰਮ ਨਜ਼ਰ ਆ ਰਹੇ ਹਨ | ਸਰਕਾਰ ਵਿਚ ਹੋਣ ਦਾ ਲਾਭ ਤੇ ਹਲਕੇ ਵਿਚ ਕਰਵਾਏ ਗਏ ਵਿਕਾਸ ਕਾਰਜਾਂ 'ਤੇ ਲੋਕਾਂ ਵਲੋਂ ਮੋਹਰ ਲਗਾਈ ਗਈ ਹੈ | ਦੂਜੇ ਪਾਸੇ ਭਾਜਪਾ ਦੀ ਹਾਲਤ ਹਾਲੇ ਕਮਜ਼ੋਰ ਨਜ਼ਰ ਆ ਰਹੀ ਹੈ ਅਤੇ ਲੋਕਾਂ ਵਿਚੋਂ ਕੋਈ ਵੱਡਾ ਹੁੰਗਾਰਾ ਮਿਲਦਾ ਨਹੀਂ ਦਿਸਦਾ | ਇਹ ਵੀ ਵਰਨਣਯੋਗ ਹੈ ਕਿ ਮਲੋਟ ਹਲਕੇ ਵਿਚ ਹਮੇਸ਼ਾ ਤੋਂ ਇਹ ਮਸਲਾ ਚਰਚਾ 'ਚ ਰਹਿਆ ਹੈ ਕਿ ਜ਼ਿਆਦਾਤਰ ਪਾਰਟੀਆਂ ਬਾਹਰਲੇ ਇਲਾਕਿਆਂ ਤੋਂ ਉਮੀਦਵਾਰ ਖੜੇ੍ਹ ਕਰਦੀਆਂ ਹਨ, ਜਦਕਿ ਸਥਾਨਕ ਲੋਕ ਇਲਾਕੇ ਦੇ ਉਮੀਦਵਾਰ ਨੂੰ ਤਰਜ਼ੀਹ ਦੇਣਾ ਚਾਹੁੰਦੇ ਹਨ |