ਗਿੱਦੜਬਾਹਾ, 20 ਦਸੰਬਰ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਕੋਟਭਾਈ ਪੁਲਿਸ ਨੇ ਇਕ ਨੌਜਵਾਨ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ 3 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ, ਜਦੋਂਕਿ ਕਥਿਤ ਦੋਸ਼ੀਆਨ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਸੋਨੂੰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਖਿੜਕੀਆਂਵਾਲਾ ਨੇ ਦੱਸਿਆ ਕਿ ਬੀਤੀ 14 ਦਸੰਬਰ ਨੂੰ ਉਹ ਪਿੰਡ ਦੇ ਸਰਕਾਰੀ ਸਕੂਲ ਵਿਚ ਖੇਡਣ ਗਿਆ ਸੀ ਤਾਂ ਸਕੂਲ ਦੇ ਗੇਟ ਅੱਗੇ ਬਲਵੀਰ ਸਿੰਘ ਪੁੱਤਰ ਭੁਪਿੰਦਰ ਸਿੰਘ, ਅਰਸ਼ਦੀਪ ਸਿੰਘ ਪੁੱਤਰ ਕਾਲਾ ਸਿੰਘ ਤੇ ਲਵਪ੍ਰੀਤ ਸਿੰਘ ਪੁੱਤਰ ਕਾਲਾ ਸਿੰਘ ਵਾਸੀਆਨ ਖਿੜਕੀਆਂਵਾਲਾ ਖੜੇ੍ਹ ਸਨ, ਜਿਨ੍ਹਾਂ ਪਾਸ ਆਲਟੋ ਗੱਡੀ ਸੀ | ਉਸ ਨੇ ਉਕਤ ਵਿਅਕਤੀਆਂ ਨੂੰ ਖੜੇ੍ਹ ਦੇਖ ਕੇ ਆਪਣੇ ਭਰਾ ਲਵਪ੍ਰੀਤ ਸਿੰਘ ਨੂੰ ਫ਼ੋਨ ਕਰਕੇ ਦੱਸਿਆ ਕਿ ਉਕਤ ਵਿਅਕਤੀ ਉਸ ਨੂੰ ਕੁੱਟਣ ਲਈ ਤਿਆਰ ਹਨ, ਜਿਸ 'ਤੇ ਉਸ ਦਾ ਭਰਾ ਤੇ ਪਿਤਾ ਨਿਰਮਲ ਸਿੰਘ ਮੌਕੇ 'ਤੇ ਆ ਗਏ ਅਤੇ ਉਸ ਨੂੰ ਨਾਲ ਲੈ ਗਏ | ਅਗਲੇ ਦਿਨ 15 ਦਸੰਬਰ ਦੀ ਸ਼ਾਮ ਕਰੀਬ 7 ਵਜੇ ਉਹ ਪਿੰਡ ਵਿਖੇ ਹੀ ਮੌਜੂਦ ਸੀ ਤਾਂ ਬਲਵੀਰ ਸਿੰਘ, ਅਰਸ਼ਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਉਸ ਦੀ ਕੁੱਟਮਾਰ ਕੀਤੀ | ਪੁਲਿਸ ਨੇ ਉਕਤ ਮਾਮਲੇ ਵਿਚ ਵਿਚ ਕਥਿਤ ਦੋਸ਼ੀਆਨ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |