ਕਪੂਰਥਲਾ, 2 ਜੂਨ (ਵਿਸ਼ੇਸ਼ ਪ੍ਰਤੀਨਿਧ)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਰਬਨ ਅਸਟੇਟ ਕਪੂਰਥਲਾ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਗੁਰਬਾਣੀ ਦੇ ਪਾਠ ਤੋਂ ਬਾਅਦ ਸਕੂਲ ਦੇ ਬੱਚਿਆਂ ਨੇ ਸ਼ਬਦ ਗਾਇਣ ਕੀਤਾ ਤੇ ਆਨੰਦ ਸਾਹਿਬ ਦੇ ਪਾਠ ਤੋਂ ਬਾਅਦ ਅਰਦਾਸ ਹੋਈ | ਸਕੂਲ ਦੇ ਮੈਂਬਰ ਇੰਚਾਰਜ ਅਮਰੀਕ ਸਿੰਘ ਚਾਵਲਾ, ਜਗਜੀਤ ਸਿੰਘ ਗਾਬਾ, ਜਗਜੀਤ ਸਿੰਘ ਉੱਪਲ, ਹਿੰਮਤ ਸਿੰਘ ਤੇ ਪਿ੍ੰਸੀਪਲ ਸੁਮਨਜੀਤ ਕੌਰ ਵਾਲੀਆ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਸ਼ਹਾਦਤ, ਅਤੁੱਟ ਸਹਿਣਸ਼ੀਲਤਾ, ਅਧਿਆਤਮਿਕ ਉਚਾਈ ਤੇ ਰੱਬੀ ਰਜ਼ਾ 'ਚ ਰਹਿਣ ਦੀ ਇਕ ਵਿਲੱਖਣ ਮਿਸਾਲ ਹੈ ਤੇ ਗੁਰੂ ਸਾਹਿਬ ਨੇ ਸੱਚ, ਧਰਮ ਤੇ ਇਨਸਾਫ਼ ਲਈ ਸ਼ਹਾਦਤ ਦਿੱਤੀ | ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਮਨੁੱਖਤਾ ਨੂੰ ਸੰਦੇਸ਼ ਦਿੱਤਾ ਕਿ ਦੁੱਖ ਕਲੇਸ਼ ਭਾਵੇਂ ਜਿੰਨੇ ਵੀ ਵੱਡੇ ਹੋਣ, ਪਰ ਧਰਮ ਤੇ ਸੱਚਾਈ ਦੇ ਰਾਹ ਤੋਂ ਕਦੇ ਵੀ ਡੋਲਣਾ ਨਹੀਂ ਚਾਹੀਦਾ | ਇਸ ਮੌਕੇ ਛਬੀਲ ਵਰਤਾਉਣ ਦੀ ਸੇਵਾ ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਨੇ ਨਿਭਾਈ |