26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਜ਼ਿਲ੍ਹੇ ਦੀਆਂ 3 ਸਬ-ਡਵੀਜ਼ਨਾਂ ਦੇ 115 ਪਿੰਡ ਹੜ੍ਹ ਦੀ ਮਾਰ ਹੇਠ, 37 ਹਜ਼ਾਰ ਏਕੜ ਤੋਂ ਵੱਧ ਫ਼ਸਲਾਂ ਹੋਈਆਂ ਬਰਬਾਦ <br/>

Ad Position 21
No active advertisement
ਅਜੀਤ ਡੈਸਕ 02-09-2025
ਕਪੂਰਥਲਾ, 1 ਸਤੰਬਰ (ਅਮਰਜੀਤ ਕੋਮਲ)-ਜ਼ਿਲ੍ਹੇ ਵਿਚ ਪੈਂਦੇ ਦਰਿਆ ਬਿਆਸ ਦੇ ਸਰੋਤ ਏਰੀਏ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਣ ਨਾਲ ਕਪੂਰਥਲਾ, ਸੁਲਤਾਨਪੁਰ ਲੋਧੀ ਤੇ ਭੁਲੱਥ ਸਬ ਡਵੀਜ਼ਨਾਂ ਨਾਲ ਸਬੰਧਿਤ 115 ਪਿੰਡ ਹੜ੍ਹ ਦੀ ਮਾਰ ਹੇਠ ਆਉਣ ਕਾਰਨ ਇੱਥੇ ਬਹੁਤ ਹੀ ਬਦਤਰ ਹਾਲਾਤ ਬਣੇ ਹੋਏ ਹਨ ਤੇ ਹੜ੍ਹ ਕਾਰਨ ਕਿਸਾਨਾਂ ਦੀ 37 ਹਜ਼ਾਰ ਏਕੜ ਫ਼ਸਲ ਬਰਬਾਦ ਹੋ ਚੁੱਕੀ ਹੈ | ਦਰਿਆ ਵਿਚ ਪਾਣੀ ਦੇ ਲਗਾਤਾਰ ਵਹਾਅ ਨੂੰ ਮੁੱਖ ਰੱਖਦਿਆਂ ਇਲਾਕੇ ਦੇ ਲੋਕਾਂ ਵਲੋਂ ਐਡਵਾਂਸ ਬੰਨ੍ਹ ਦੀਆਂ ਧੁੱਸੀ ਥਾਵਾਂ ਦੀ ਮਜ਼ਬੂਤੀ ਲਈ ਬੋਰਿਆਂ ਦੇ ਕਰੇਟ ਲਗਾਏ ਜਾ ਰਹੇ ਹਨ | ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੜ੍ਹ ਕਾਰਨ ਜ਼ਿਲ੍ਹੇ ਦੇ 5650 ਵਿਅਕਤੀ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਣਾਏ ਗਏ 4 ਰਾਹਤ ਕੈਂਪਾਂ ਵਿਚ 110 ਵਿਅਕਤੀਆਂ ਦੀ ਰਿਹਾਇਸ਼, ਖਾਣੇ ਤੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੇ ਪਸ਼ੂ ਧੰਨ ਦੀ ਸੁਰੱਖਿਆ ਲਈ ਵੀ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਟੀਕਾਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਦਵਾਈਆਂ ਵੀ ਮੁਹੱਈਆ ਕਰਵਾ ਰਹੀਆਂ ਹਨ ਤੇ ਵੱਡੀ ਗਿਣਤੀ ਵਿਚ ਪਸ਼ੂ ਧੰਨ ਨੂੰ ਦਰਿਆ ਬਿਆਸ ਵਿਚਲੇ ਪਿੰਡਾਂ ਤੋਂ ਵੱਡੇ ਬੇੜਿਆਂ ਰਾਹੀਂ ਬਾਹਰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਚੁੱਕਾ ਹੈ | ਜਿੱਥੋਂ ਤੱਕ ਦਰਿਆ ਬਿਆਸ ਵਿਚ ਪਾਣੀ ਦੇ ਵਹਾਅ ਦਾ ਸਬੰਧ ਹੈ, ਸਵੇਰੇ 11 ਵਜੇ ਤੱਕ 2 ਲੱਖ 8050 ਕਿਊਸਿਕ ਪਾਣੀ ਦਰਿਆ ਵਿਚ ਰਿਕਾਰਡ ਕੀਤਾ ਗਿਆ ਸੀ ਤੇ ਸ਼ਾਮ 6 ਵਜੇ ਤੱਕ ਪਾਣੀ ਦਾ ਪੱਧਰ ਮੁੜ ਪਹਿਲਾਂ ਵਾਲੀ ਸਥਿਤੀ 'ਤੇ ਹੀ ਆ ਗਿਆ ਹੈ | ਪਿੰਡ ਪੀਰੇਵਾਲ ਦੇ ਸਾਹਮਣੇ ਦਰਿਆ ਬਿਆਸ ਦੇ ਐਡਵਾਂਸ ਧੁੱਸੀ ਬੰਨ੍ਹ ਜਿਸ ਵਿਚੋਂ ਪਿਛਲੇ ਕਈ ਦਿਨਾਂ ਤੋਂ ਨਿਰੰਤਰ ਸੇਮ ਪੈ ਰਹੀ ਹੈ, ਨੂੰ ਰੋਕਣ ਲਈ ਸੰਤ ਮਹਾਤਮਾ ਮੁਨੀ ਖੈੜਾ ਬੇਟ ਵਾਲਿਆਂ ਦੀ ਦੇਖ ਰੇਖ ਹੇਠ 150 ਦੇ ਕਰੀਬ ਨੌਜਵਾਨ ਬੰਨ੍ਹ ਨੂੰ ਉੱਚਾ ਕਰਨ ਲਈ ਮਿੱਟੀ ਪਾ ਰਹੇ ਹਨ ਤੇ ਡਰੇਨਜ਼ ਵਿਭਾਗ ਵਲੋਂ ਸੇਮ ਰੋਕਣ ਲਈ ਬੰਨ੍ਹ ਦੇ ਅੰਦਰ ਬੋਰਿਆਂ ਦੇ ਕਰੇਟ ਲਗਾਏ ਜਾ ਰਹੇ ਹਨ | ਲੋਕ ਇਸ ਬੰਨ੍ਹ ਨੂੰ ਬਚਾਉਣ ਲਈ ਲਗਾਤਾਰ ਕਾਰਜਸ਼ੀਲ ਹਨ | ਅੱਜ ਵੀ ਡਿਪਟੀ ਕਮਿਸ਼ਨਰ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੰਡ ਬਾਊਪੁਰ ਦੇ ਵੱਖ-ਵੱਖ ਖੇਤਰਾਂ ਵਿਚ ਜਾ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਆਉਣ ਦੀ ਅਪੀਲ ਕੀਤੀ, ਪਰ ਲੋਕ ਕਿਸੇ ਵੀ ਸੂਰਤ ਵਿਚ ਆਪਣਾ ਘਰ ਛੱਡਣ ਲਈ ਤਿਆਰ ਨਹੀਂ | ਅੱਜ ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆ ਤੇ ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਮੰਡ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ | ਉਨ੍ਹਾਂ ਆਪਣੇ ਘਰਾਂ ਤੇ ਡੇਰਿਆਂ ਵਿਚ ਬੈਠੇ ਲੋਕਾਂ ਨੂੰ ਰਾਸ਼ਨ ਵੀ ਤਕਸੀਮ ਕੀਤਾ | ਇਸ ਤੋਂ ਇਲਾਵਾ ਐਸ.ਡੀ.ਐਮ. ਸੁਲਤਾਨਪੁਰ ਲੋਧੀ ਅਲਕਾ ਕਾਲੀਆ ਦੀ ਅਗਵਾਈ ਵਿਚ ਹੜ੍ਹ ਪ੍ਰਭਾਵਿਤ ਮੰਡ ਦੇ ਪਿੰਡਾਂ ਵਿਚ ਐਸ.ਡੀ.ਆਰ.ਐਫ. ਦੇ ਜਵਾਨਾਂ ਨਾਲ ਚਾਰ ਵੱਖ-ਵੱਖ ਟੀਮਾਂ ਨੇ ਲੋਕਾਂ ਨੂੰ 250 ਦੇ ਕਰੀਬ ਰਾਸ਼ਨ ਕਿੱਟਾਂ ਤਕਸੀਮ ਕੀਤੀਆਂ | ਪਿੰਡ ਪੀਰੇਵਾਲ ਵਿਚ ਮੌਜੂਦ ਸੰਤ ਮਹਾਤਮਾ ਮੁਨੀ ਨੇ ਦੱਸਿਆ ਕਿ ਐਡਵਾਂਸ ਬੰਨ੍ਹ ਦਾ ਇਹ ਹਿੱਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ, ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਅਫ਼ਵਾਹਾਂ 'ਤੇ ਯਕੀਨ ਨਾ ਕਰਨ ਤੇ ਪ੍ਰਸ਼ਾਸਨ ਵਲੋਂ ਜਿਹੜੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ, ਉਸ ਨੂੰ ਹੀ ਦਰੁਸਤ ਮੰਨਿਆ ਜਾਵੇ |
ਮੀਂਹ ਕਾਰਨ ਜਨ ਜੀਵਨ ਪ੍ਰਭਾਵਿਤ, ਸੜਕਾਂ 'ਤੇ ਟੋਇਆਂ ਕਾਰਨ ਕਈ ਈ-ਰਿਕਸ਼ਾ ਪਲਟ
ਫਗਵਾੜਾ, (ਹਰਜੋਤ ਸਿੰਘ ਚਾਨਾ)-ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪਿੰਡਾਂ ਤੇ ਸ਼ਹਿਰ ਖੇਤਰ 'ਚ ਪਾਣੀ ਪੂਰੀ ਤਰ੍ਹਾਂ ਜਲਥਲ ਹੋ ਗਿਆ ਹੈ | ਸ਼ਹਿਰ ਖੇਤਰ ਦੀਆਂ ਮੁੱਖ ਸੜਕਾਂ 'ਤੇ ਵੱਡੇ ਵੱਡੇ ਟੋਏ ਪੈ ਗਏ ਹਨ ਕਿਉਂਕਿ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ | ਇੱਥੋਂ ਦੀ ਮੁੱਖ ਚੰਡੀਗੜ੍ਹ ਸੜਕ 'ਤੇ ਪਏ ਟੋਏ ਕਾਰਨ ਕਈ ਈ-ਰਿਕਸ਼ਾ ਉਲਟਦੇ ਦੇਖੇ ਗਏ | ਇਨ੍ਹਾਂ ਟੋਇਆਂ ਦੀ ਲੋਕਾਂ ਨੇ ਪਛਾਣ ਕਰਕੇ ਆਪਣੇ ਬੈਰੀਕੇਡ ਤਿਆਰ ਕਰਕੇ ਰੱਖੇ ਤਾਂ ਜੋ ਲੋਕਾਂ ਦੇ ਸੱਟ ਲੱਗਣ ਤੋਂ ਬਚਾਅ ਹੋ ਸਕੇ | ਬਲਾਕ ਦੇ ਪਿੰਡ ਮਾਧੋਪੁਰ, ਬੋਹਾਨੀ, ਮੀਰਾਂਪੁਰ ਨਰੂੜ, ਬਘਾਣਾ ਦੇ ਕਈ ਪਿੰਡਾਂ 'ਚ ਪਾਣੀ ਦੀ ਆਮਦ ਹੋਈ ਹੈ | ਕਈ ਘਰ ਦੀਆਂ ਬਾਲਾ ਛੱਤਾਂ ਨੂੰ ਛੱਡ ਕੇ ਨੁਕਸਾਨ ਪੁੱਜਾ ਹੈ ਪਰ ਅਜਿਹੇ ਹਾਲਾਤ 'ਚ ਪ੍ਰਸ਼ਾਸਨ ਵੀ ਬੇਵੱਸ ਹੀ ਨਜ਼ਰ ਆ ਰਿਹਾ ਹੈ ਤੇ ਆਰਜ਼ੀ ਪ੍ਰਬੰਧਾਂ ਲਈ ਤਰਪਾਲ ਮੁਹੱਈਆ ਕਰਵਾਉਣ ਲਈ ਪ੍ਰਸ਼ਾਸਨ ਤਿਆਰ ਹੈ | ਇਸ ਤਰ੍ਹਾਂ ਰਾਣੀਪੁਰ ਤੋਂ ਬੋਹਾਨੀ ਸਾਈਡ ਦੀ ਪੁਲੀ ਦਾ ਇੱਕ ਪਾਸਾ ਬੈਠਣਾ ਵੀ ਲੋਕਾਂ ਲਈ ਵੱਡੀ ਮੁਸੀਬਤ ਬਣ ਗਿਆ ਹੈ | ਆਮ ਆਦਮੀ ਦੇ ਹਲਕਾ ਇੰਚਾਰਜ ਹਰਜੀ ਮਾਨ ਨੇ ਇਨ੍ਹਾਂ ਪਿੰਡਾਂ 'ਚ ਜਾ ਕੇ ਲੋਕਾਂ ਦਾ ਹਾਲ ਚਾਲ ਪੁੱਛਿਆ ਤੇ ਦੱਸਿਆ ਕਿ ਪੁਲੀ ਤੋਂ ਹਲਕਾ ਟਰੈਫ਼ਿਕ ਲੰਘ ਰਿਹਾ ਹੈ | ਪੀ.ਡਬਲਯੂ.ਡੀ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾ ਕੇ ਇਸ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਹੈ | ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਰੋਡ ਵੇਈਾ ਦੀ ਸਮੇਂ ਸਿਰ ਸਫ਼ਾਈ ਕਾਰਨ ਨੁਕਸਾਨ ਹੋਣੋਂ ਬਚਾਅ ਹੋ ਗਿਆ ਹੈ |
ਪ੍ਰਸ਼ਾਸਨ ਵਲੋਂ ਫਲੱਡ ਰਿਲੀਫ਼ ਸੈਂਟਰਸ ਸਥਾਪਿਤ: ਐਸ.ਡੀ.ਐਮ
ਐਸ.ਡੀ.ਐਮ ਜਸ਼ਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਲਈ ਵੱਖ ਵੱਖ ਪਿੰਡਾਂ ਦੇ ਸਰਕਾਰੀ ਹਾਈ ਸਕੂਲ ਰਿਹਾਣਾ ਜੱਟਾਂ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੀਆਂ ਪਾਂਸ਼ਟ ਤੇ ਸਰਕਾਰੀ ਹਾਈ ਸਕੂਲ ਸਾਹਨੀ, ਸਰਕਾਰੀ ਹਾਈ ਸਕੂਲ ਚਹੇੜੂ ਤੇ ਸਕੂਲ ਆਫ਼ ਐਮੀਨੈਂਸ ਵਿਖੇ ਫਲੱਡ ਰਿਲੀਫ ਸੈਂਟਰ ਐਕਟਿਵ ਕਰ ਦਿੱਤਾ ਗਿਆ ਹੈ ਤੇ ਇਸ ਦਾ ਕੰਟਰੋਲ ਨੰਬਰ ਬਣਾ ਦਿੱਤਾ ਗਿਆ ਹੈ ਤੇ ਲੋਕ ਨੰਬਰ 01824-260794 'ਤੇ ਸੰਪਰਕ ਕਰ ਸਕਦੇ ਹਨ | ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਨੇ ਮੀਂਹ ਦੇ ਪਾਣੀ ਨਾਲ ਪ੍ਰਭਾਵਿਤ ਪਿੰਡ ਬੋਹਾਨੀ, ਮਾਧੋਪੁਰ ਤੇ ਪਿੰਡ ਦੁੱਗ ਦਾ ਮੌਕਾ ਦੇਖਿਆ ਗਿਆ ਤੇ ਵਸਨੀਕਾਂ ਨਾਲ ਗੱਲਬਾਤ ਕੀਤੀ ਗਈ ਤੇ ਲੋਕਾਂ ਦਾ ਹਾਲ ਚਾਲ ਪੁੱਛਿਆ ਗਿਆ | ਉਨ੍ਹਾਂ ਕਿਹਾ ਕਿ ਮੀਂਹ ਦੇ ਪਾਣੀ ਦੀ ਮਾਰ ਨਾਲ ਹੋਏ ਫ਼ਸਲਾਂ, ਮਕਾਨ ਆਦਿ ਦੇ ਨੁਕਸਾਨ ਦੀ ਭਰਪਾਈ ਕਰਵਾਉਣ ਲਈ ਸੰਭਵ ਕੋਸ਼ਿਸ਼ ਕੀਤੀ ਜਾਵੇਗੀ | ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਵੇਈਾ ਦਾ ਪਾਣੀ ਵਧਿਆ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਗੰਭੀਰ ਹੈ |
ਕਾਲਾ ਸੰਘਿਆਂ 'ਚ ਪੁਲਿਸ ਚੌਂਕੀ, ਪਾਣੀ ਵਾਲੀ ਟੈਂਕੀ ਤੇ ਸਰਕਾਰੀ ਹਸਪਤਾਲ ਦੀ ਪੁਰਾਣੀ ਇਮਾਰਤ ਪਾਣੀ ਦੀ ਲਪੇਟ ਵਿਚ
ਕਾਲਾ ਸੰਘਿਆਂ, (ਬਲਜੀਤ ਸਿੰਘ ਸੰਘਾ)-ਪਿਛਲੇ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਨੇ ਹੁਣ ਤਬਾਹੀ ਦਾ ਰੂਪ ਧਾਰਨ ਕਰ ਲਿਆ ਹੈ ਅਤੇ ਜਿੱਥੇ ਸੂਬੇ ਦੇ ਕਰੀਬ 8 ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਉੱਥੇ ਹੀ ਬਾਕੀ ਸਾਰੇ ਵੀ ਭਾਰੀ ਮੀਂਹ ਦੇ ਕਹਿਰ ਕਹਿਰ ਹੇਠ ਹਨ | ਜ਼ਿਲ੍ਹਾ ਕਪੂਰਥਲਾ ਦਾ ਇਤਿਹਾਸਕ ਕਸਬਾ ਕਾਲ਼ਾ ਸੰਘਿਆਂ ਵਿਖੇ ਵੀ ਬਹੁਤੀਆਂ ਥਾਵਾਂ ਤੇ ਮੀਂਹ ਦੇ ਪਾਣੀ ਨਾਲ ਜਲ ਥਲ ਹੋਇਆ ਪਿਆ ਹੈ | ਕਾਲ਼ਾ ਸੰਘਿਆਂ ਦੇ ਸਰਕਾਰੀ ਹਸਪਤਾਲ ਦੀ ਪੁਰਾਣੀ ਇਮਾਰਤ ਵਿਚ ਕਰੀਬ 4 ਫੁੱਟ ਪਾਣੀ ਵਿਚ ਡੁੱਬਣ ਨਾਲ ਹਸਪਤਾਲ ਵਿਚ ਵੱਡੀ ਮਾਤਰਾ ਵਿਚ ਪਈਆਂ ਦਵਾਈਆਂ ਦਾ ਸਟਾਕ ਅਤੇ ਲਿਖਤੀ ਰਿਕਾਰਡ ਕਾਫ਼ੀ ਮਾਤਰਾ ਵਿਚ ਡੁੱਬ ਗਿਆ ਅਤੇ ਬਚੀਆਂ ਦਵਾਈਆਂ ਵੀ ਕਾਫ਼ੀ ਹੱਦ ਤੱਕ ਨੁਕਸਾਨੀਆਂ ਗਈਆਂ | ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਫ਼ਰਜ਼ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ਼ ਨੌਜਵਾਨਾਂ ਵੱਲੋਂ ਇਹਨਾਂ ਦਵਾਈਆਂ ਵਿਚੋਂ ਬਹੁਤਾਤ ਗਿਣਤੀ ਦਵਾਈਆਂ ਨੂੰ ਟਰੈਕਟਰ ਟਰਾਲੀ ਵਿਚ ਭਰ ਕੇ ਬਾਹਰ ਕੱਢ ਕੇ ਨਵੇਂ ਚੱਲ ਰਹੇ ਹਸਪਤਾਲ ਵਿਚ ਪਹੁੰਚਾਇਆ ਤੇ ਕਾਫ਼ੀ ਹੱਦ ਤੱਕ ਦਵਾਈਆਂ ਦਾ ਬਚਾਅ ਕੀਤਾ ਗਿਆ | ਬਲਾਕ ਦਾ ਹੈੱਡ ਆਫ਼ਿਸ ਹੋਣ ਕਾਰਨ ਦਵਾਈਆਂ ਇੱਥੇ ਵੱਡੀ ਮਾਤਰਾ ਵਿਚ ਪਈਆਂ ਸਨ | ਇੱਥੇ ਹੀ ਪਾਣੀ ਵਾਲ਼ੀ ਟੈਂਕੀ ਤੇ ਵੀ ਕਰੀਬ 5 ਫੁੱਟ ਤੱਕ ਪਾਣੀ ਭਰ ਗਿਆ ਜਿਸ ਕਾਰਨ ਕਾਲ਼ਾ ਸੰਘਿਆਂ ਵਿਖੇ ਇਸ ਟੈਂਕੀ ਤੋਂ ਚੱਲਦੀ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਬੰਦ ਹੋ ਗਈ ਅਤੇ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਸਥਾਨਕ ਕਸਬੇ ਦੀ ਪੁਲਿਸ ਚੌਂਕੀ ਵਿਚ ਵੀ 5 ਤੋਂ 6 ਫੁੱਟ ਪਾਣੀ ਭਰ ਗਿਆ | ਪ੍ਰਾਪਤ ਜਾਣਕਾਰੀ ਮੁਤਾਬਿਕ ਪੁਲਿਸ ਚੌਂਕੀ 'ਚ ਅੱਧੀ ਰਾਤ ਤੋਂ ਬਾਅਦ ਕਰੀਬ ਤਿੰਨ ਵਜੇ ਅਚਾਨਕ ਪਾਣੀ ਆ ਗਿਆ ਜਿਸ ਕਾਰਨ ਚੌਂਕੀ 'ਚ ਮੌਜੂਦ ਮੁਲਾਜ਼ਮਾਂ ਨੇ ਮੁਸਤੈਦੀ ਵਿਖਾਉਂਦੇ ਹੋਏ ਸਰਕਾਰੀ ਰਿਕਾਰਡ ਸੰਭਾਲਿਆ ਤੇ ਗੁਰਦੁਆਰਾ ਬਾਬਾ ਕਾਹਨ ਦਾਸ ਪ੍ਰਬੰਧਕ ਕਮੇਟੀ ਦੀ ਮਦਦ ਨਾਲ ਟਰਾਲੀ ਮੰਗਵਾ ਕੇ ਸਾਰਾ ਸਮਾਨ ਟਰਾਲੀ ਵਿਚ ਭਰ ਕੇ ਬਾਹਰ ਕੱਢ ਕੇ ਚੌਂਕੀ ਖ਼ਾਲੀ ਕੀਤੀ | ਭਾਰੀ ਮੀਂਹ ਕਾਰਨ ਇਲਾਕੇ ਦੀਆਂ ਬਹੁਤ ਸਾਰੀਆਂ ਸੜਕਾਂ ਅਤੇ ਹੋਰ ਰਸਤੇ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ ਤੇ ਲੋਕਾਂ ਨੂੰ ਲੰਘਣ ਵਿਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਆਰਜ਼ੀ ਬੰਨ੍ਹ ਵਿਚ ਪਏ ਪਾੜ ਨੇ ਬਿਆਸ ਦਰਿਆ ਦਾ ਵਹਿਣ ਬਦਲਿਆ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ)-ਬਿਆਸ ਦਰਿਆ ਨੇ ਆਰਜ਼ੀ ਬੰਨ੍ਹ ਨੂੰ ਢਾਅ ਲਾ ਕੇ ਆਪਣਾ ਵਹਿਣ ਬਦਲ ਲਿਆ ਹੈ | ਦਰਿਆ ਦੇ ਬਦਲੇ ਵਹਿਣ ਨਾਲ ਮਚੀ ਤਬਾਹੀ ਦੌਰਾਨ 2 ਘਰਾਂ ਦੇ ਖੰਡਰ ਹੀ ਬਚੇ ਹਨ | ਇਹ ਦੋਵੇਂ ਘਰ ਆਰਜ਼ੀ ਬੰਨ੍ਹ ਦੇ ਨੇੜੇ ਸਨ, ਜਿੱਥੋਂ ਪਾੜ ਪਿਆ ਹੈ | ਪਾਣੀ ਦੇ ਤੇਜ਼ ਵਹਾਅ ਕਾਰਨ ਆਰਜ਼ੀ ਬੰਨ੍ਹ ਵਿਚ ਪਏ ਪਾੜ ਦੀ ਚੌੜਾਈ 2000 ਫੁੱਟ ਤੋਂ ਵੱਧ ਗਈ ਹੈ | ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅੱਜ ਪਿੰਡ ਰਾਮਪੁਰ ਗੋਰਾ ਦੇ ਉਸ ਆਰਜ਼ੀ ਬੰਨ੍ਹ ਤੇ ਪਹੁੰਚੇ ਜਿੱਥੇ ਇਹ ਪਾੜ ਪਿਆ ਹੈ | ਉਨ੍ਹਾਂ ਨੇ ਬੰਨ੍ਹ ਬਚਾਉਣ ਲਈ ਯਤਨ ਕਰ ਰਹੇ ਪਿੰਡ ਵਾਸੀਆਂ ਨਾਲ ਸਹਿਯੋਗ ਕੀਤਾ | ਰਾਮਪੁਰ ਗੋਰਾ ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਇਹ ਆਰਜ਼ੀ ਬੰਨ੍ਹ ਹੀ ਉਨ੍ਹਾਂ ਦੀ ਖੇਤੀਬਾੜੀ ਨੂੰ ਬਚਾਉਣ ਵਿਚ ਮਦਦ ਕਰਦਾ ਸੀ | ਬਿਆਸ ਦਰਿਆ ਵਿਚ ਅਜੇ ਵੀ 2 ਲੱਖ ਕਿਊਸਿਕ ਪਾਣੀ ਵਗਣ ਨਾਲ ਆਰਜ਼ੀ ਬੰਨ੍ਹ ਨੂੰ ਬਚਾਉਣ ਇੱਕ ਚੁਨੌਤੀ ਬਣਿਆ ਹੋਇਆ ਹੈ | ਪਿੰਡ ਦੇ ਨੌਜਵਾਨ ਆਰਜ਼ੀ ਬੰਨ੍ਹ ਦੇ ਸੰਵੇਦਨਸ਼ੀਲ ਹਿੱਸੇ ਨੂੰ ਬਚਾਉਣ ਲਈ ਉੱਥੇ ਸੁੱਟ ਰਹੇ ਹਨ ਤਾਂ ਜੋ ਬੰਨ੍ਹ ਨੂੰ ਬਚਾਇਆ ਜਾ ਸਕੇ | ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਰੋਜ਼ਾਨਾ 32 ਕਿੱਲੋਮੀਟਰ ਦੇ ਦਾਇਰੇ ਵਿਚ ਆਉਂਦੇ ਇਨ੍ਹਾਂ ਡੇਰਿਆਂ ਅਤੇ ਪਿੰਡਾਂ ਤੱਕ ਪਹੁੰਚ ਕਰਦੇ ਹਨ | ਪਾਣੀ ਵਿਚ ਘਿਰੇ ਘਰਾਂ ਵਿਚ ਅਜੇ ਵੀ ਲੋਕ ਆਪਣੇ ਘਰ ਛੱਡਣ ਲਈ ਤਿਆਰ ਨਹੀਂ ਹੋਏ | ਹਲਾਂਕਿ ਘਰ ਵਿਚ ਪਹਿਲਾਂ ਦੇ ਮੁਕਾਬਲੇ ਪਰਿਵਾਰਾਂ ਦੇ ਮੈਂਬਰ ਘੱਟ ਜ਼ਰੂਰ ਗਏ ਹਨ |
ਕਬੀਰਪੁਰ ਮੰਡੀ ਵਿਖੇ ਮਿੱਟੀ ਦੇ ਬੋਰੇ ਭਰਨ ਦੀ ਸੇਵਾ ਲਗਾਤਾਰ ਜਾਰੀ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ)-ਦਰਿਆ ਬਿਆਸ 'ਚ ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਚੱਕ ਪੱਤੀ ਬਾਲੂ ਬਹਾਦਰ ਤੋਂ ਆਰਜ਼ੀ ਬੰਨ੍ਹ ਟੁੱਟ ਗਿਆ ਸੀ, ਜਿਸ ਕਾਰਨ ਬੂਲੇ, ਕਬੀਰਪੁਰ, ਚੱਕਾ, ਲੋਧੀਵਾਲ, ਹਜ਼ਾਰਾ, ਮੰਡ ਗੁੱਦਾ, ਮੰਡ ਹੁਸੈਨਪੁਰ ਸਮੇਤ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਨਾਲ ਪ੍ਰਭਾਵਿਤ ਹੋ ਗਈਆਂ ਸਨ ਅਤੇ ਖ਼ਰਾਬ ਹੋਣੀਆਂ ਸ਼ੁਰੂ ਹੋ ਗਈਆਂ ਹਨ | ਜਿਸ ਤੋਂ ਬਾਅਦ ਬੰਨ੍ਹ ਬੰਨ੍ਹਣ ਲਈ ਆਸ ਪਾਸ ਪਿੰਡਾਂ ਦੀਆਂ ਸੰਗਤਾਂ ਵੱਲੋਂ ਸੇਵਾ ਸ਼ੁਰੂ ਕਰ ਦਿੱਤੀ ਸੀ ਤੇ ਸੰਗਤਾਂ ਵਲੋਂ ਸੰਤ ਮਹਾਂਪੁਰਸ਼ਾਂ ਦੇ ਸਹਿਯੋਗ ਦੇ ਨਾਲ ਪਿੰਡ ਕਬੀਰਪੁਰ ਦੀ ਦਾਣਾ ਮੰਡੀ ਵਿਖੇ ਮਿੱਟੀ ਦੇ ਬੋਰੇ ਭਰੇ ਜਾ ਰਹੇ ਹਨ ਅਤੇ ਇਸ ਮੌਕੇ ਸੇਵਾ ਵਿਚ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ | ਉਨ੍ਹਾਂ ਵੱਲੋਂ ਸੰਗਤਾਂ ਨੂੰ ਮਿੱਟੀ ਦੇ ਟਿੱਪਰ ਅਤੇ ਜੇ.ਸੀ.ਬੀ. ਮਸ਼ੀਨਾਂ ਵੀ ਮੁਹੱਈਆ ਕਰਵਾਈ ਗਈਆਂ ਹਨ | ਇਸ ਤੋਂ ਇਲਾਵਾ ਮਾਝੇ ਅਤੇ ਮਾਲਵੇ ਤੋਂ ਵੀ ਵੱਡੀ ਗਿਣਤੀ ਚ ਸੰਗਤਾਂ ਮਿੱਟੀ ਦੇ ਟਰਾਲੀਆਂ ਲੈ ਕੇ ਪੁੱਜ ਰਹੇ ਹਨ | ਪਿੰਡ ਵਾਸੀਆਂ ਨੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਸੰਤ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਸੰਗਤਾਂ ਨੂੰ ਵੱਧ ਤੋਂ ਵੱਧ ਮਿੱਟੀ ਦੀਆਂ ਟਰਾਲੀਆਂ ਲੈ ਕੇ ਪੁੱਜਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਹੈ, ਸਿਰਫ਼ ਮਿੱਟੀ ਅਤੇ ਖ਼ਾਲੀ ਬੋਰਿਆਂ ਦੀ ਹੀ ਜ਼ਰੂਰਤ ਹੈ | ਇਸ ਮੌਕੇ ਚੱਲ ਰਹੀ ਸੇਵਾ ਦਾ ਜਾਇਜ਼ਾ ਲੈਣ ਲਈ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਖ਼ੁਦ ਵੀ ਪਹੁੰਚੇ | ਉਨ੍ਹਾਂ ਕਿਹਾ ਕਿ ਜਦੋਂ ਤੋਂ ਹੀ ਦਰਿਆ ਬਿਆਸ ਚ ਪਾਣੀ ਦਾ ਪੱਧਰ ਵੱਧ ਗਿਆ ਸੀ, ਉਸ ਦਿਨ ਤੋਂ ਹੀ ਸਾਡਾ ਪੂਰਾ ਇਲਾਕਾ ਹੜ੍ਹਾਂ ਤੋਂ ਪ੍ਰਭਾਵਿਤ ਹੋ ਗਿਆ ਸੀ ਜਿਸ ਕਾਰਨ ਕਈ ਆਰਜ਼ੀ ਬੰਨ੍ਹ ਟੁੱਟ ਗਏ ਅਤੇ ਕਈ ਜਗ੍ਹਾ ਤੋਂ ਧੁੱਸੀ ਬੰਨ੍ਹ ਵੀ ਕਮਜ਼ੋਰ ਹੋ ਗਿਆ ਹੈ | ਜਿਸ ਨੂੰ ਲੈ ਕੇ ਮੇਰੇ ਹਲਕੇ ਦੀਆਂ ਸੰਗਤਾਂ ਅਤੇ ਹੋਰ ਜ਼ਿਲਿ੍ਹਆਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੇਵਾਵਾਂ ਚੱਲ ਰਹੀਆਂ ਹਨ ਅਤੇ ਸੰਗਤਾਂ ਵੱਲੋਂ ਆਪਣੇ ਪੱਧਰ ਤੇ ਹੀ ਹੁਣ ਤੱਕ ਧੁੱਸੀ ਬੰਨ੍ਹ ਨੂੰ ਬਚਾਅ ਕੇ ਰੱਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜਿੱਥੇ ਸੰਗਤ ਨੂੰ ਲੱਗਦਾ ਹੈ ਕਿ ਇਹ ਬੰਨ੍ਹ ਕਮਜ਼ੋਰ ਹੋ ਗਿਆ ਹੈ, ਉੱਥੇ ਸੰਗਤ ਵੱਲੋਂ ਖ਼ੁਦ ਹੀ ਮੋਰਚਾ ਸੰਭਾਲ ਲਿਆ ਜਾਂਦਾ ਹੈ ਜਿਸ ਵਿਚ ਸੰਤ ਮਹਾਂਪੁਰਸ਼ ਵੀ ਪੂਰਾ ਸਹਿਯੋਗ ਕਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਮੈਂ ਵੀ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਹਮੇਸ਼ਾ ਖੜ੍ਹਾ ਹਾਂ ਖੜ੍ਹਾ ਰਹਾਂਗਾ ਅਤੇ ਹਰ ਵਿਅਕਤੀ ਦੇ ਨਾਲ ਇਸ ਔਖੀ ਘੜੀ ਵਿਚ ਸਾਥ ਦਵਾਂਗਾ | ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਗੁਰਦੀਪ ਸਿੰਘ ਸ਼ਹੀਦ, ਅਮਰਜੀਤ ਸਿੰਘ ਖਿੰਡਾ, ਸੁਖਵਿੰਦਰ ਸਿੰਘ ਲੋਧੀਵਾਲ, ਬਲਜਿੰਦਰ ਸਿੰਘ ਲੋਧੀਵਾਲ, ਸਰਪੰਚ ਇੰਦਰਜੀਤ ਸਿੰਘ ਹਾਜੀਪੁਰ, ਰਣਜੀਤ ਸਿੰਘ, ਕੌਂਸਲਰ ਸੰਤਪ੍ਰੀਤ ਸਿੰਘ, ਐਮ.ਡੀ. ਅਮਿਤੋਜ ਸਿੰਘ, ਜਗਜੀਤ ਸਿੰਘ ਚੰਦੀ, ਕਿਸਾਨ ਆਗੂ ਬੋਹੜ ਸਿੰਘ ਹਾਜਰਾ, ਇੰਦਰਜੀਤ ਸਿੰਘ ਕਬੀਰਪੁਰ, ਤਰਸੇਮ ਸਿੰਘ, ਹਰਜੀਤ ਸਿੰਘ, ਦਰਸ਼ਨ ਸਿੰਘ ਕਬੀਰਪੁਰ, ਸੁਖਦੇਵ ਸਿੰਘ, ਸਤਨਾਮ ਸਿੰਘ ਹਾਜੀਪੁਰ, ਸਾਬਕਾ ਸਰਪੰਚ ਕੁੰਦਨ ਸਿੰਘ ਆਦਿ ਵੀ ਮੌਜੂਦ ਸਨ |
ਧੁੱਸੀ ਬੰਨ੍ਹ ਨੂੰ ਬਚਾਉਣ ਲਈ ਤਿੰਨ ਦਰਜਨ ਤੋਂ ਵੱਧ ਪਿੰਡਾਂ ਦੀ ਸੰਗਤ ਜੁਟੀ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ)-ਡੈਮਾਂ ਤੋਂ ਲਗਾਤਾਰ ਪਾਣੀ ਛੱਡਣ ਕਾਰਨ ਮੰਡ ਖੇਤਰ ਦੇ ਆਰਜ਼ੀ ਬੰਨ ਟੁੱਟਣ ਤੋਂ ਬਾਅਦ ਹੁਣ ਧੁੱਸੀ ਬੰਨ੍ਹ ਵੀ ਖ਼ਤਰੇ ਕਾਰਨ ਤਿੰਨ ਦਰਜਨ ਤੋਂ ਵੱਧ ਪਿੰਡਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ ਕਿਉਂਕਿ ਦੂਜੇ ਪਾਸੇ ਸਤਲੁਜ ਵੀ ਪਿੰਡਾਂ ਨੂੰ ਢਾਅ ਲਗਾਉਂਦਾ ਹੋਇਆ ਵੱਧ ਰਿਹਾ ਹੈ | ਪ੍ਰਸ਼ਾਸਨ ਵੱਲੋਂ ਹਾਈ ਅਲਰਟ ਜਾਰੀ ਹੋਣ ਤੇ ਲਗਾਤਾਰ ਪੈ ਰਹੀ ਬਾਰਿਸ਼ ਨਾਲ ਲੋਕਾਂ ਦੇ ਸਾਹ ਸੁੱਤੇ ਪਏ ਹਨ ਅਤੇ ਕਿਸਾਨ ਇਸ ਸਮੇਂ ਬਹੁਤ ਸਦਮੇ ਵਿਚ ਹਨ ਕਿ ਫ਼ਸਲ ਬਰਬਾਦ ਹੋਣ ਕਾਰਨ ਸਿਰ ਤੇ ਹੋਰ ਕਰਜ਼ਾ ਚੜ ਜਾਵੇਗਾ | ਹੜ੍ਹ ਪੀੜਤਾਂ ਲਈ ਲਗਾਤਾਰ ਪੰਜਾਬ ਤੋਂ ਇਲਾਵਾ ਹੋਰ ਵੀ ਸੂਬਿਆਂ ਵੱਲੋਂ ਰਾਹ ਸਮਗਰੀ ਭੇਜੀ ਜਾ ਰਹੀ ਹੈ | ਮੰਡ ਖੇਤਰ ਦੇ ਪਿੰਡ ਭਰੋਆਣਾ ਦੇ ਸਰਪੰਚ ਬਲਵੀਰ ਸਿੰਘ, ਸਰੂਪ ਸਿੰਘ ਸਾਬਕਾ ਸਰਪੰਚ, ਕਾਰਜ ਸਿੰਘ ਸਰਪੰਚ ਤਕੀਆ ਆਦਿ ਨੇ ਦੱਸਿਆ ਕਿ ਦਰਿਆ ਬਿਆਸ ਹੁਣ ਧੁੱਸੀ ਬੰਨ ਨੂੰ ਵੀ ਮਾਰਦਾ ਹੋਇਆ ਅੱਗੇ 15-20 ਪਿੰਡਾਂ ਵਿਚ ਕਰੀਬ ਛੇ ਤੋਂ 7 ਹਜ਼ਾਰ ਏਕੜ ਝੋਨੇ ਦੀ ਪੱਕੀ ਫ਼ਸਲ ਨੂੰ ਬਰਬਾਦ ਕਰਨ ਵੱਲ ਤੁਰਿਆ ਹੋਇਆ ਹੈ | ਕਿਸਾਨਾਂ ਨੇ ਕਿਹਾ ਕਿ ਜੇ ਇਨ੍ਹਾਂ ਪਿੰਡਾਂ ਦੀ ਫ਼ਸਲ ਵੀ ਬਰਬਾਦ ਹੋ ਗਈ ਤਾਂ ਇਸ ਹਲਕੇ ਵਿਚ ਕਿਸਾਨਾਂ ਦਾ ਆਰਥਿਕ ਤੌਰ ਤੇ ਨੁਕਸਾਨ ਹੋਵੇਗਾ | ਪ੍ਰਸ਼ਾਸਨ ਅਤੇ ਸਰਕਾਰ ਦੀ ਨਾਲਾਇਕੀ ਦਾ ਖ਼ਮਿਆਜ਼ਾ ਭੁਗਤ ਰਹੇ ਲੋਕ ਆਪਣੀ ਫ਼ਸਲ ਬਚਾਉਣ ਲਈ ਟਿੱਪਰ ਰਾਹੀਂ ਮਿੱਟੀ ਪਾ ਕੇ ਮਜ਼ਬੂਤ ਕਰ ਰਹੇ ਹਨ | ਮੋਟਰਾਂ ਪਾਣੀ ਵਿਚ ਡੁੱਬ ਚੁੱਕੀਆਂ ਹਨ ਤੇ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈ | ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਜੇ ਧੁੱਸੀ ਬੰਨ ਟੁੱਟ ਗਿਆ ਤਾਂ ਅੱਧਾ ਸੁਲਤਾਨਪੁਰ ਹਲਕਾ ਵੀ ਡੁੱਬ ਜਾਵੇਗਾ | ਪਵਿੱਤਰ ਕਾਲੀ ਵੇਈਾ ਦਾ ਪਾਣੀ ਹੁਣ ਸੜਕਾਂ ਤੇ ਰਸਤੇ ਤੇ ਵੀ ਓਵਰਫ਼ਲੋ ਹੋ ਕੇ ਵਹਿ ਰਿਹਾ ਹੈ ਅਤੇ ਕੁੱਝ ਆਉਣ ਜਾਣ ਦੇ ਰਸਤੇ ਵੀ ਬੰਦ ਹੋ ਰਹੇ ਹਨ | ਪ੍ਰਸ਼ਾਸਨ ਵੱਲੋਂ ਵੀ ਵਾਰ - ਵਾਰ ਲੋਕਾਂ ਨੂੰ ਜਾ ਕੇ ਪਿੰਡ ਛੱਡਣ ਦੀ ਅਪੀਲ ਕੀਤੀ ਜਾ ਰਹੀ ਹੈ | ਲੋਕਾਂ ਦਾ ਕਹਿਣਾ ਕਿ ਅਜਿਹੀ ਬਰਬਾਦੀ ਪਹਿਲਾਂ 1988 ਵਿਚ ਵੇਖੀ ਸੀ ਜੋ ਹੁਣ ਵੇਖਣ ਨੂੰ ਮਿਲ ਰਹੀ ਹੈ | ਮੰਡ ਬਾਊਪੁਰ ਖੇਤਰ ਅਤੇ ਆਹਲੀ ਕਲਾ ਵਾਲੇ ਖੇਤਰ ਵਿਚ ਅਜੇ ਵੀ ਪਾਣੀ ਘਟਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਪ੍ਰਭਾਵਿਤ ਪਿੰਡਾਂ ਦੇ ਲੋਕ ਆਪਣੇ ਪੱਧਰ ਤੇ ਬੰਨਾ ਨੂੰ ਬਚਾਉਣ ਵਿਚ ਜੁਟੇ ਹੋਏ ਹਨ |
ਹੜ੍ਹਾਂ ਦੀ ਸਥਿਤੀ ਬੇਹੱਦ ਗੰਭੀਰ ਹੈ, ਪਰ ਸੂਬਾ ਸਰਕਾਰ ਇਸ ਮਸਲੇ 'ਤੇ ਸੰਜੀਦਾ ਨਹੀਂ-ਖੁਰਾਣਾ, ਚੰਦੀ
ਫਗਵਾੜਾ, (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਵਿਚ ਹੜ੍ਹਾਂ ਦੇ ਹਾਲਾਤ ਮਾੜੇ ਤੋਂ ਮਾੜੇ ਬਣਦੇ ਜਾ ਰਹੇ ਹਨ, ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪਾਣੀ ਦਾ ਪੱਧਰ ਘਟਣ ਦੀ ਬਜਾਇ ਵਧਦਾ ਜਾ ਰਿਹਾ ਹੈ | ਪੂਰੇ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਬੇਹੱਦ ਗੰਭੀਰ ਹੈ ਪਰ ਸੂਬਾ ਸਰਕਾਰ ਇਸ ਮਸਲੇ 'ਤੇ ਸੰਜੀਦਾ ਨਹੀਂ, ਸਗੋਂ ਡਰਾਮੇਬਾਜ਼ੀ ਕਰ ਰਹੀ ਹੈ | ਮੁੱਖ ਮੰਤਰੀ ਪੰਜਾਬ ਦੀ ਜਨਤਾ ਨੂੰ ਛੱਡ ਕੇ ਬਾਹਰਲੇ ਰਾਜਾਂ ਵਿਚ ਘੁੰਮਦਾ ਰਿਹਾ ਹੈ | ਇਹ ਦੋਸ਼ ਫਗਵਾੜਾ ਹਲਕੇ ਦੇ ਸ਼ੋ੍ਰਮਣੀ ਅਕਾਲੀ ਦਲ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਤੇ ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਨੇ ਫਗਵਾੜਾ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਮੌਕੇ ਲਗਾਏ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋ ਰਹੀ ਹੈ, ਜਿਸ ਦਾ ਖ਼ਮਿਆਜ਼ਾ ਲੋਕ ਭੁਗਤ ਰਹੇ ਹਨ | ਉਨ੍ਹਾਂ ਕਿਹਾ ਕਿ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਗਠਿਤ ਹੋਣ ਉਪਰੰਤ ਸਮੱਸਿਆਵਾਂ ਦਾ ਪੱਕਾ ਹੱਲ ਕਰ ਦਿੱਤਾ ਜਾਵੇਗਾ | ਚੰਦੀ ਤੇ ਖੁਰਾਣਾ ਵਲੋਂ ਫਗਵਾੜਾ ਹਲਕੇ ਦੇ ਪਿੰਡ ਪਾਂਸ਼ਟਾ, ਨਸੀਰਾਬਾਦ, ਨਰੂੜ, ਰਾਵਲਪਿੰਡੀ, ਮਲਕਪੁਰ, ਭਾਖੜੀਆਣਾ, ਬੁਹਾਨੀ, ਦੁੱਗਾ, ਸ਼ੇਖੂਪੁਰ ਆਦਿ ਪਿੰਡਾਂ ਦਾ ਦੌਰਾ ਕੀਤਾ ਤੇ ਲੋਕਾਂ ਨਾਲ ਰਾਬਤਾ ਕਾਇਮ ਕਰਨ ਉਪਰੰਤ ਉਨ੍ਹਾਂ ਨੇ ਕਿਹਾ ਹੜ੍ਹ ਪੀੜਤਾਂ ਨਾਲ ਸ਼ੋ੍ਰਮਣੀ ਅਕਾਲੀ ਦਲ ਡਟ ਕੇ ਖੜ੍ਹਾ ਹੈ ਤੇ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਲਈ ਤਤਪਰ ਹੈ | ਇਸ ਮੌਕੇ ਸਤਵਿੰਦਰ ਸਿੰਘ ਘੁੰਮਣ, ਬਿੰਦਰ ਸਿੰਘ ਰਾਵਲਪਿੰਡੀ, ਬਹਾਦਰ ਸਿੰਘ ਸੰਗਤਪੁਰ, ਹਰਵਿੰਦਰ ਸਿੰਘ ਲਵਲੀ ਵਾਲੀਆ, ਜਸਵਿੰਦਰ ਸਿੰਘ ਭਗਤਪੁਰਾ ਭਿੰਡਰ ਸਿੰਘ, ਵਿੱਕੀ ਪਾਂਸ਼ਟਾ, ਸੁਖਦੇਵ ਸਿੰਘ ਬਾਂਸਲ, ਦਵਿੰਦਰ ਮਿੰਟੂ ਪੰਚ, ਰਾਮਸਰਨ ਪੰਚ, ਸਤਨਾਮ ਸਿੰਘ, ਨਾਜਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |
ਭੁਲੱਥ ਵੇਈਾ ਦੇ ਪਾਣੀ ਦਾ ਪੱਧਰ ਬੇ-ਹੱਦ ਵਧਿਆ, ਸ਼ਮਸ਼ਾਨਘਾਟ ਦੇ ਨਾਲ ਲੱਗਾ ਪਾਣੀ
ਭੁਲੱਥ, (ਮਨਜੀਤ ਸਿੰਘ ਰਤਨ)-ਸਬ-ਡਵੀਜ਼ਨਲ ਕਸਬਾ ਭੁਲੱਥ ਤੇ ਹੋਰਾਂ ਪਿੰਡਾਂ ਵਿਚੋਂ ਲੰਘਦੀ ਕਾਲੀ ਵੇਈਾ ਦੇ ਪਾਣੀ ਦਾ ਪੱਧਰ ਪਿਛਲੇ ਦਿਨਾਂ ਤੋ ਪੈ ਰਹੀ ਬਰਸਾਤ ਤੇ ਹੋਰ ਇਲਾਕਿਆਂ ਵਿਚੋਂ ਆਏ ਪਾਣੀ ਕਰਕੇ ਬੇ-ਹੱਦ ਵੱਧ ਚੁੱਕਾ ਹੈ, ਜਿਸ ਨਾਲ ਵੇਈਾ ਨਾਲ ਲੱਗਦੇ ਖੇਤ ਪਾਣੀ ਦੀ ਲਪੇਟ ਵਿਚ ਤਾਂ ਆਏ ਹਨ, ਪ੍ਰੰਤੂ ਹੁਣ ਪਾਣੀ ਪੱਧਰ ਜ਼ਿਆਦਾ ਵੱਧ ਜਾਣ ਕਰਕੇ ਅਗਲੇ ਖੇਤਾਂ ਤੱਕ ਵੀ ਪਾਣੀ ਮਾਰ ਕਰ ਰਿਹਾ ਹੈ | ਇਸ ਤੋਂ ਇਲਾਵਾ ਭੁਲੱਥ ਦੇ ਸ਼ਮਸ਼ਾਨਘਾਟ ਗਰਬੀ ਤੇ ਸ਼ਰਕੀ ਨਾਲ ਵੇਈਾ ਦਾ ਪਾਣੀ ਲੱਗ ਚੁੱਕਾ ਹੈ ਅਤੇ ਖੇਤਾਂ ਨੂੰ ਜਾਂਦੇ ਰਸਤੇ ਵੀ ਪਾਣੀ ਨਾਲ ਡੁੱਬੇ ਨਜ਼ਰ ਆ ਰਹੇ ਹਨ | ਇਸ ਸਬੰਧੀ ਜਦੋਂ ਭੁਲੱਥ ਦੇ ਕਿਸਾਨਾਂ ਨਾਲ ਗੱਲ-ਬਾਤ ਹੋਈ ਤਾਂ ਉਹ ਕਾਫ਼ੀ ਚਿੰਤਤ ਦਿਖਾਈ ਦਿੱਤੇ | ਕਿਸਾਨਾਂ ਦਾ ਕਹਿਣਾ ਕਿ ਪਿਛਲੇ ਕਰੀਬਨ ਤਿੰਨ ਹਫ਼ਤੇ ਤੋ ਵੇਈਾ ਦੇ ਪਾਣੀ ਦਾ ਪੱਧਰ ਵਧਣ ਨਾਲ ਸੈਂਕੜੇ ਏਕੜ ਫ਼ਸਲਾਂ ਤਬਾਹ ਹੋ ਚੁੱਕੀਆਂ ਹਨ ਅਤੇ ਜਿਵੇਂ-ਜਿਵੇਂ ਪਾਣੀ ਵੱਧ ਰਿਹਾ ਹੈ ਉਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਕਿ ਅਗਲੇ ਖੇਤਾਂ ਵਿਚ ਪਾਣੀ ਮਾਰ ਕਰੇਗਾ ਜਦ ਕਿ ਪਾਣੀ ਅਗਲੇ ਖੇਤਾਂ ਤੱਕ ਦਾਖਲ ਤਾਂ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਇਸੇ ਸਾਲ ਚੌਥੀ ਵਾਰ ਵੇਈਾ ਦੇ ਪਾਣੀ ਦਾ ਪੱਧਰ ਵੱਧ ਚੁੱਕਾ ਹੈ, ਜਦ ਕਿ ਪਹਿਲਾਂ ਦੋ ਵਾਰ ਪਾਣੀ ਜਦੋਂ ਆਇਆ ਸੀ ਤਾਂ 2-4 ਦਿਨ ਤੱਕ ਪਾਣੀ ਘੱਟ ਜਾਂਦਾ ਰਿਹਾ ਫਿਰ ਜਦੋਂ ਤੀਜੀ ਵਾਰ ਆਇਆ ਉਹ ਨੁਕਸਾਨਦਾਇਕ ਸੀ ਅਤੇ ਹੁਣ ਚੌਥੀ ਵਾਰ ਵਾਲਾ ਤਾਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੇ ਤੇਜ਼ ਹੈ, ਜਿਸ ਤੋਂ ਹੁਣ ਡਰ ਵੱਧ ਰਿਹਾ ਅਤੇ ਫ਼ਸਲਾਂ ਦੀ ਚਿੰਤਾ ਸਤਾ ਰਹੀ ਹੈ | ਉਨ੍ਹਾਂ ਕਿਹਾ ਕਿ ਵੇਈਾ ਕੰਢੇ ਕਿਸਾਨਾਂ ਵੱਲੋਂ ਕਿਤੇ-ਕਿਤੇ ਦੂਜੀ ਤੇ ਤੀਜੀ ਵਾਰ ਫ਼ਸਲ ਦੀ ਬਿਜਾਈ ਕੀਤੀ ਹੈ, ਪ੍ਰੰਤੂ ਹੁਣ ਤਾਂ ਲੱਖਾਂ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਦੁਬਾਰਾ ਬਿਜਾਈ ਕਰਨੀ ਸੰਭਵ ਨਹੀਂ ਹੈ | ਕਿਸਾਨਾਂ ਨੇ ਕਿਹਾ ਕਿ ਵੇਈਾ ਦੇ ਪਾਣੀ ਦਾ ਤੇਜ਼ ਵਹਾਅ ਕਰਕੇ ਵੇਈਾ ਕੰਢੇ ਨਾਲ ਲੱਗਦੀਆਂ ਜ਼ਮੀਨਾਂ ਵੀ ਪ੍ਰਭਾਵਿਤ ਹੋਣ ਦਾ ਖ਼ਤਰਾ ਹੈ | ਪਹਿਲਾਂ ਵੀ ਜਦੋਂ ਇਸੇ ਤਰ੍ਹਾਂ ਪਾਣੀ ਆਇਆ ਸੀ ਤਾਂ ਕੁੱਝ ਜ਼ਮੀਨਾਂ ਰੁੜ੍ਹ ਗਈਆਂ ਸਨ ਅਤੇ ਇਸ ਵਾਰ ਵੀ ਅਜਿਹੇ ਨੁਕਸਾਨ ਹੋਣ ਦੀ ਪੂਰੀ ਸੰਭਾਵਨਾ ਹੈ | ਕਿਸਾਨਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਸਾਡੀਆਂ ਨਸ਼ਟ ਹੋਈ ਫ਼ਸਲਾਂ ਦਾ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਪਾਣੀ ਘਟਣ ਮੌਕੇ ਪਹਿਲ ਦੇ ਆਧਾਰ 'ਤੇ ਵੇਈਾ ਦੀ ਸਫ਼ਾਈ ਕਰਵਾਈ ਜਾਵੇ |
ਸੂਬਾ ਸਰਕਾਰ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦੀ ਰਿਪੋਰਟ ਤਿਆਰ ਕਰਕੇ ਕੇਂਦਰ ਨੂੰ ਭੇਜੇ-ਸੋਮ ਪ੍ਰਕਾਸ਼
ਢਿਲਵਾਂ, (ਪ੍ਰਵੀਨ ਕੁਮਾਰ)-ਦਰਿਆ ਬਿਆਸ ਵਿਚ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾਣ ਤੋਂ ਬਾਅਦ ਦਰਿਆ ਦੇ ਨਾਲ ਲੱਗਦੇ ਮੰਡ ਵਿਚ ਆਏ ਹੜ੍ਹ ਦੇ ਦੌਰਾਨ ਮਨੁੱਖਤਾ ਨੂੰ ਮੁੱਖ ਰੱਖਦਿਆਂ ਭਾਜਪਾ ਦੇ ਆਗੂਆਂ ਵਲੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਲਗਾਤਾਰ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ | ਇਸੇ ਕੜੀ ਦੇ ਤਹਿਤ ਉਨ੍ਹਾਂ ਵਲੋਂ ਢਿਲਵਾਂ ਧੁੱਸੀ ਬੰਨ੍ਹ ਦਾ ਦੌਰਾ ਕਰਦਿਆਂ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਕਾਰਜ ਵਿਚ ਆਪਣਾ ਯੋਗਦਾਨ ਪਾਉਂਦਿਆਂ ਡੀਜ਼ਲ ਦਾ ਖਰਚਾ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੇ ਨਾਲ ਵਿਸ਼ੇਸ਼ ਤੌਰ 'ਤੇ ਢਿਲਵਾਂ ਵਿਖੇ ਪੁੱਜੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦੀ ਚੰਗੀ ਤਰ੍ਹਾਂ ਰਿਪੋਰਟ ਤਿਆਰ ਕਰਕੇ ਕੇਂਦਰ ਨੂੰ ਭੇਜੇ ਤਾਂ ਜੋ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾ ਸਕੇ | ਇਸ ਦੌਰਾਨ ਸੋਮ ਪ੍ਰਕਾਸ਼ ਨੇ ਭਾਰੀ ਮੀਂਹ ਕਾਰਨ ਕਿਸਾਨਾਂ ਦੀਆਂ ਫ਼ਸਲਾਂ, ਦੁਧਾਰੂ ਤੇ ਹੋਰ ਪਸ਼ੂਆਂ ਸਣੇ ਲੋੜਵੰਦਾਂ ਦੇ ਘਰਾਂ ਦੇ ਹੋਏ ਨੁਕਸਾਨ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਬਰਸਾਤ ਦੇ ਦਿਨਾਂ ਵਿਚ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਕੋਈ ਅਗਾਊਾ ਪ੍ਰਬੰਧ ਨਹੀਂ ਕੀਤੇ | ਨਹਿਰਾਂ, ਨਦੀਆਂ, ਨਾਲਿਆਂ ਦੀ ਸਫ਼ਾਈ ਨਹੀਂ ਕਰਵਾਈ, ਜਿਸ ਕਾਰਨ ਵੱਡੇ ਪੱਧਰ ਤੇ ਨਹਿਰਾਂ, ਰਜਬਾਹੇ ਟੁੱਟ ਗਏ, ਜਿਨ੍ਹਾਂ ਨੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ ਕਰ ਦਿੱਤੀ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹਾਂ ਤੋਂ ਪ੍ਰਭਾਵਿਤ ਘਰੋਂ ਬੇਘਰ ਹੋਏ ਲੋਕਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਫ਼ੌਰੀ ਤੌਰ ਤੇ ਕੀਤਾ ਜਾਵੇ, ਫ਼ਸਲਾਂ ਦੀ ਬਰਬਾਦੀ ਅਤੇ ਮਜ਼ਦੂਰਾਂ ਦੇ ਰੁਜ਼ਗਾਰ ਉਜਾੜੇ ਦੇ ਨੁਕਸਾਨ ਦੀ 100 ਫ਼ੀਸਦੀ ਭਰਪਾਈ ਕਰਦਾ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਕਿਸਾਨਾਂ ਦੀ ਜ਼ਿੰਦਗੀ ਤਬਾਹੀ ਦੇ ਕਿਨਾਰੇ 'ਤੇ ਆ ਪਹੁੰਚੀ ਹੈ | ਉਨ੍ਹਾਂ ਸਪੱਸ਼ਟ ਕਿਹਾ ਕਿ ਹਾਲ ਹੀ ਵਿਚ ਆਏ ਹੜ੍ਹਾਂ ਕਾਰਨ ਫ਼ਸਲਾਂ, ਜਾਨਵਰਾਂ ਤੇ ਜਾਇਦਾਦ ਨੂੰ ਵੱਡੇ ਪੱਧਰ ਤੇ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਕਿਸਾਨ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਪ੍ਰਤੀ ਏਕੜ ਫ਼ਸਲ ਦੇ ਨੁਕਸਾਨ ਲਈ 50 ਹਜ਼ਾਰ ਰੁਪਏ ਤੇ ਜਾਨਵਰਾਂ ਦੀ ਮੌਤ ਲਈ 1 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ | ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਨੂੰ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਨੁਕਸਾਨ ਦਾ ਸਹੀ ਅੰਦਾਜ਼ਾ ਲਗਾ ਕੇ ਪੀੜਤ ਕਿਸਾਨਾਂ ਨੂੰ ਤੁਰੰਤ ਰਾਹਤ ਪਹੁੰਚਾਉਣੀ ਚਾਹੀਦੀ ਹੈ | ਇਸ ਦੇ ਨਾਲ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵੱਧ ਗਿਆ ਹੈ, ਜਿਸ ਲਈ ਸਿਹਤ ਸਹੂਲਤਾਂ ਤੇ ਸਾਫ-ਸਫਾਈ ਦੇ ਪ੍ਰਬੰਧ ਮਜ਼ਬੂਤ ਕਰਨਾ ਲਾਜ਼ਮੀ ਹੈ | ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਦੀਆਂ ਹੜ੍ਹ ਪੀੜਤ ਖੇਤੀਬਾੜੀ ਜ਼ਮੀਨਾਂ ਲਈ ਵਿਸ਼ੇਸ਼ ਵਿੱਤੀ ਪੈਕੇਜ ਜਾਰੀ ਕੀਤਾ ਜਾਵੇ | ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਭਾਜਪਾ ਪਾਰਟੀ ਉਨ੍ਹਾਂ ਦੇ ਹੱਕਾਂ ਲਈ ਹਮੇਸ਼ਾ ਸੰਘਰਸ਼ ਕਰੇਗੀ ਤੇ ਸਰਕਾਰ ਤੇ ਦਬਾਅ ਬਣਾਉਂਦੀ ਰਹੇਗੀ ਤਾਂ ਜੋ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਤੇ ਰਾਹਤ ਮਿਲ ਸਕੇ | ਇਸ ਮੌਕੇ ਬਲਜਿੰਦਰ ਸਿੰਘ ਮੰਗਾ, ਨਿਰਵੈਰ ਸਿੰਘ, ਰਾਜਪਾਲ ਸਿੰਘ, ਕੁਲਵੰਤ ਸਿੰਘ, ਪਰਮਜੀਤ ਸਿੰਘ, ਨਰੋਤਮ ਸਿੰਘ, ਰਘਬੀਰ ਸਿੰਘ, ਨਿਰਵੈਲ ਸਿੰਘ, ਰਸ਼ਪਾਲ ਸਿੰਘ, ਹਰਵਿੰਦਰ ਸਿੰਘ ਸਾਬੀ, ਸਤਨਾਮ ਸਿੰਘ, ਸਤਪਾਲ ਲਾਹੌਰੀਆ, ਹੀਰਕ ਜੋਸ਼ੀ, ਨਮਨ ਕੁਮਾਰ, ਸੰਨੀ ਸ਼ਰਮਾ, ਸੰਨੀ ਬੈਂਸ, ਅਸ਼ੋਕ ਮਾਹਲਾ, ਕਪੂਰ ਚੰਦ ਥਾਪਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰੀ ਬਾਰਿਸ਼ ਤੇ ਮੌਸਮ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਏ.ਡੀ. ਸੀ ਵਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ <br/> ਅਗਲੀ ਖ਼ਬਰ ਜਿਊਲਰਜ਼ ਦੇ ਕਰਮਚਾਰੀ 'ਤੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਹਮਲਾ ਕਰਕੇ ਕੀਤਾ ਜ਼ਖ਼ਮੀ <br/>
Ad Position 24