ਸੁਲਤਾਨਪੁਰ ਲੋਧੀ, 21 ਸਤੰਬਰ (ਨਰੇਸ਼ ਹੈਪੀ, ਥਿੰਦ)-ਪੰਜਾਬ ਅੰਦਰ ਹੜ੍ਹ ਆਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਡ ਖੇਤਰ ਸੁਲਤਾਨਪੁਰ ਲੋਧੀ ਦੇ ਪਿੰਡ ਭਰੋਆਣਾ ਅਤੇ ਆਹਲੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਝੂਠੇ ਲਾਰੇ ਲਾ ਕੇ ਸੱਤਾ ਹਾਸਲ ਕਰਨ ਵਾਲੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੁਣ ਆਖ਼ਰੀ ਸਾਹਾਂ ਤੇ ਹੈ ਕਿਉਂਕਿ ਪੰਜਾਬ ਦੇ ਲੋਕਾਂ ਅੰਦਰ ਮੌਜੂਦਾ ਸਰਕਾਰ ਪ੍ਰਤੀ ਭਾਰੀ ਰੋਸ ਹੈ | ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਨਾਲ ਡੱਟ ਕੇ ਖੜਾ ਹੈ | ਉਨ੍ਹਾਂ ਮੰਡ ਖੇਤਰ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਭਰੋਸਾ ਦਵਾਇਆ ਕਿ ਅਗਲੀ ਫ਼ਸਲ ਬੀਜਣ ਤੱਕ ਕਿਸਾਨਾਂ ਦੀ ਹਰ ਤਰਾਂ ਦੀ ਮਦਦ ਕੀਤੀ ਜਾਵੇਗੀ | ਪਿੰਡ ਆਹਲੀ ਕਲਾਂ ਵਿਖੇ ਸੇਵਾਮੁਕਤ ਸਕੱਤਰ ਮਹਿੰਦਰ ਸਿੰਘ ਆਹਲੀ ਸਾਬਕਾ ਚੇਅਰਮੈਨ ਗੁਰਜੰਟ ਸਿੰਘ ਸੰਧੂ, ਸਰਪੰਚ ਸ਼ਮਿੰਦਰ ਸਿੰਘ ਸੰਧੂ, ਜਥੇਦਾਰ ਰਣਜੀਤ ਸਿੰਘ ਆਹਲੀ ਖੁਰਦ, ਕਿਸਾਨ ਆਗੂ ਰਸ਼ਪਾਲ ਸਿੰਘ ਸੰਧੂ ਆਦਿ ਨੇ ਸੁਖਬੀਰ ਸਿੰਘ ਬਾਦਲ ਨੂੰ ਮੰਡ ਖੇਤਰ ਦੇ ਹਾਲਾਤਾਂ ਅਤੇ ਲੋੜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਡੀਜ਼ਲ ਲਈ ਦੋ ਲੱਖ ਰੁਪਏ ਨਕਦ ਦਿੱਤੇ | ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਲੋਕ ਬਹੁਤ ਜ਼ਿਆਦਾ ਇਹਨਾਂ ਪ੍ਰਭਾਵਿਤ ਪਿੰਡਾਂ ਵਿੱਚ ਗਰੀਬ ਹਨ, ਉਨ੍ਹਾਂ ਨੂੰ 50 ਹਜ਼ਾਰ ਪ੍ਰਤੀ ਨਗਦ ਮਦਦ ਵੀ ਕੀਤੀ ਜਾਵੇਗੀ ਜਿਸ ਦੇ ਲਈ ਉਨ੍ਹਾਂ ਨੇ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੂੰ ਜ਼ਿਲ੍ਹਾ ਕਪੂਰਥਲਾ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਜੋ ਇਹਨਾਂ ਲੋਕਾਂ ਦੀ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਪਹਿਚਾਣ ਕਰਕੇ ਇੱਕ ਰਿਪੋਰਟ ਤਿਆਰ ਕਰਨਗੇ | ਉਨ੍ਹਾਂ ਪ੍ਰਭਾਵਿਤ ਲੋਕਾਂ ਲਈ ਫ਼ਸਲ ਬੀਜਣ ਵਾਸਤੇ ਬੀਜ ਅਤੇ ਪਸ਼ੂਆਂ ਲਈ ਆਚਾਰ ਵੀ ਦੇਣ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਇੱਕ ਸਾਲ ਦੇ ਅੰਦਰ ਅੰਦਰ ਪੱਕੇ ਬੰਨ ਬਣਾ ਕੇ ਲੋਕਾਂ ਨੂੰ ਹੜ੍ਹਾਂ ਦੀ ਸਮੱਸਿਆ ਤੋਂ ਪੱਕੇ ਤੌਰ ਤੇ ਛੁਟਕਾਰਾ ਦਵਾਇਆ ਜਾਵੇਗਾ | ਇਸ ਮੌਕੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਇਲਾਕੇ ਦੀਆਂ ਮੁਸ਼ਕਲਾਂ ਅਤੇ ਲੋੜਾਂ ਬਾਰੇ ਮੰਗ ਪੱਤਰ ਵੀ ਸੌਂਪਿਆ | ਇਸੇ ਦੌਰਾਨ ਪਿੰਡ ਭਰੋਆਣਾ ਵਿਖੇ ਐਸਜੀਪੀਸੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਇੰਜ: ਸਵਰਨ ਸਿੰਘ ਮੈਂਬਰ ਪੀਏਸੀ ਨੇ ਸੁਖਬੀਰ ਸਿੰਘ ਬਾਦਲ ਨੂੰ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ | ਪਿੰਡ ਸੂਜੋਕਾਲੀਆ, ਮੰਗੂਪੁਰ, ਬਾਜਾ ਆਦਿ ਤੋਂ ਆਏ ਕਿਸਾਨਾਂ ਦੀ ਬੰਨ ਬੰਨਣ ਲਈ ਤਾਰ ਵਾਸਤੇ ਸਹਾਇਤਾ ਮੰਗਣ ਤੇ ਸੁਖਬੀਰ ਸਿੰਘ ਬਾਦਲ ਨੇ ਵੱਧ ਤੋਂ ਵੱਧ ਮਦਦ ਦੇਣ ਦਾ ਭਰੋਸਾ ਦਵਾਇਆ | ਉਨ੍ਹਾਂ ਪਿੰਡ ਭਰੋਆਣਾ, ਮੰਡ ਇੰਦਰਪੁਰ, ਸਰੂਪਵਾਲ ਆਦਿ ਨੂੰ ਵੇਈਾ ਦੀ ਪੈਂਦੀ ਮਾਰ ਤੋਂ ਬਚਾਉਣ ਲਈ ਵੀ ਉਨ੍ਹਾਂ ਦੀ ਮੰਗ ਤੇ ਪੋਕ ਮਸ਼ੀਨ ਅਤੇ ਡੀਜ਼ਲ ਦੇਣ ਦਾ ਐਲਾਨ ਕੀਤਾ | ਉਨ੍ਹਾਂ ਇਹ ਵੀ ਕਿਹਾ ਕਿ ਲੋੜਵੰਦ ਲੋਕਾਂ ਨੂੰ ਕਣਕ ਵੀ ਦਿੱਤੀ ਜਾਵੇਗੀ | ਕਿਸਾਨਾਂ ਨੇ ਬੰਨ ਬੰਨਣ ਤੇ ਖੇਤਾਂ ਦੀ ਸਫ਼ਾਈ ਲਈ ਡੀਜ਼ਲ ਦੀ ਮੰਗ ਕੀਤੀ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੌਜਵਾਨ ਅਕਾਲੀ ਆਗੂ ਕਰਨਜੀਤ ਸਿੰਘ ਆਹਲੀ ਨੇ ਸੁਖਬੀਰ ਸਿੰਘ ਬਾਦਲ ਨੂੰ ਮੰਡ ਖੇਤਰ ਦੇ ਪ੍ਰਭਾਵਿਤ ਇਲਾਕੇ ਅਤੇ ਲੋਕਾਂ ਦੀਆਂ ਲੋੜਾਂ ਬਾਰੇ ਵਿਸਥਾਰ ਨਾਲ ਦੱਸਿਆ ਜਿਸ ਤੇ ਸੁਖਬੀਰ ਸਿੰਘ ਬਾਦਲ ਨੇ ਪ੍ਰਭਾਵਿਤ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਵਾਇਆ | ਇਸ ਮੌਕੇ ਪਰਮਬੰਸ ਸਿੰਘ ਬੰਟੀ ਰੋਮਾਣਾ, ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ, ਬਚਿੱਤਰ ਸਿੰਘ ਕੋਹਾੜ, ਹਰਜਾਪ ਸਿੰਘ ਸੰਘਾ, ਜਥੇਦਾਰ ਜਰਨੈਲ ਸਿੰਘ ਵਾਹਦ ਸਾਬਕਾ ਚੇਅਰਮੈਨ, ਸੀਨੀਅਰ ਕੌਮੀ ਅਕਾਲੀ ਆਗੂ ਸੁਖਦੇਵ ਸਿੰਘ ਨਾਨਕਪੁਰ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ, ਅਵਤਾਰ ਸਿੰਘ ਮੀਰੇ ਸਾਬਕਾ ਚੇਅਰਮੈਨ, ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੂਲੇ, ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ, ਐਡੀਸ਼ਨਲ ਮੈਨੇਜਰ ਚੰਚਲ ਸਿੰਘ, ਸੇਵਾ ਮੁਕਤ ਮੈਨੇਜਰ ਜਰਨੈਲ ਸਿੰਘ ਬੂਲੇ, ਯੂਥ ਅਕਾਲੀ ਦਲ ਦੇ ਪ੍ਰਧਾਨ ਮਨਜੀਤ ਸਿੰਘ ਗੋਲਡੀ ਸਰਪੰਚ ਡੌਲਾ, ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਦਰਬਾਰਾ ਸਿੰਘ ਵਿਰਦੀ, ਜਥੇਦਾਰ ਦਿਲਬਾਗ ਸਿੰਘ ਗਿੱਲ ਐਮ ਡੀ,ਅਰੁਣਦੀਪ ਸਿੰਘ ਸੈਦਪੁਰ, ਸਤਨਾਮ ਸਿੰਘ ਰਾਮੇ, ਸਰਪੰਚ ਕਾਰਜ ਸਿੰਘ ਤਕੀਆ, ਸਾਬਕਾ ਸਰਪੰਚ ਸਰੂਪ ਸਿੰਘ ਭਰੋਆਣਾ, ਜਥੇਦਾਰ ਹਰਜਿੰਦਰ ਸਿੰਘ ਲਾਡੀ, ਸਰਪੰਚ ਸਰਬਨ ਲਾਲ, ਸਰਪੰਚ ਜਸਬੀਰ ਸਿੰਘ, ਬਲਦੇਵ ਸਿੰਘ ਖ਼ਾਲਸਾ, ਦਿਆਲ ਸਿੰਘ ਦੀਪੇਵਾਲ, ਬਾਬਾ ਭਜਨ ਸਿੰਘ, ਮੁਖ਼ਤਿਆਰ ਸਿੰਘ ਖਿੰਡਾ, ਬਲਵਿੰਦਰ ਸਿੰਘ ਤੁੜ, ਹੈ ਬਚਿੱਤਰ ਸਿੰਘ ਹੋਠੀ, ਬੀਬੀ ਬਲਜੀਤ ਕੌਰ ਕਮਾਲਪੁਰ ਆਦਿ ਵੀ ਹਾਜ਼ਰ ਸਨ |