ਕਪੂਰਥਲਾ, 25 ਸਤੰਬਰ (ਅਮਰਜੀਤ ਕੋਮਲ)-ਜ਼ਿਲ੍ਹੇ ਦੀਆਂ ਮੰਡੀਆਂ ਵਿਚ ਝੋਨੇ ਦੀ ਆਮਦ ਤੇਜੀ ਨਾਲ ਸ਼ੁਰੂ ਹੋ ਗਈ ਹੈ ਤੇ ਇਸ ਸਮੇਂ 7705 ਮੀਟਰਿਕ ਟਨ ਝੋਨਾ ਮੰਡੀਆਂ ਵਿਚ ਆਇਆ ਹੈ, ਜਿਸ ਵਿਚੋਂ ਸਰਕਾਰੀ ਖ਼ਰੀਦ ਏਜੰਸੀਆਂ ਨੇ 7127 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਅਮਿੱਤ ਕੁਮਾਰ ਪੰਚਾਲ ਨੇ ਦੱਸਿਆ ਕਿ ਏਜੰਸੀਆਂ ਵਲੋਂ ਖ਼ਰੀਦੇ ਗਏ ਝੋਨੇ ਦੀ ਬਣਦੀ ਰਕਮ 12.6 ਕਰੋੜ ਰੁਪਏ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਪਾ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਮਾਰਕਫੈੱਡ ਵਲੋਂ 2838 ਮੀਟਰਿਕ ਟਨ, ਪਨਗਰੇਨ ਵਲੋਂ 2831 ਮੀਟਰਿਕ ਟਨ, ਪਨਸਪ ਵਲੋਂ 979 ਮੀਟਰਿਕ ਟਨ ਤੇ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ 207 ਮੀਟਰਿਕ ਟਨ ਝੋਨੇ ਦੇ ਖ਼ਰੀਦ ਕੀਤੀ ਹੈ | ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਕੰਬਾਈਨਾਂ ਰਾਹੀਂ ਝੋਨੇ ਦੀ ਕਟਾਈ ਕਰਵਾਉਣ ਤੇ ਜਿਸ ਕੰਬਾਈਨ ਕੋਲੋਂ ਝੋਨੇ ਦੀ ਕਟਾਈ ਕਰਵਾਉਣੀ ਹੈ, ਉਸ ਵਿਚ ਸੁਪਰ ਐਸ.ਐਮ.ਐਸ. ਸਿਸਟਮ ਲੱਗਾ ਹੋਣਾ ਚਾਹੀਦਾ ਹੈ | ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਮੰਡੀਆਂ ਵਿਚ ਝੋਨਾ ਸੁਕਾ ਕੇ ਲਿਆਉਣ ਤਾਂ ਜੋ ਉਨ੍ਹਾਂ ਨੂੰ ਝੋਨਾ ਵੇਚਣ ਲਈ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ |