ਕਪੂਰਥਲਾ, 27 ਸਤੰਬਰ (ਸਡਾਨਾ)-ਨਗਰ ਨਿਗਮ ਕਰਮਚਾਰੀਆਂ ਦੀ ਹੜ੍ਹਤਾਲ ਦੇ ਚੱਲਦਿਆਂ ਸ਼ਹਿਰ ਵਿਚ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਹਨ ਤੇ ਤਿਉਹਾਰਾਂ ਦੇ ਦਿਨਾਂ ਦੇ ਨਾਲ ਨਾਲ ਨਰਾਤਿਆਂ ਦੀ ਆਰੰਭਤਾ ਦੌਰਾਨ ਰਾਮ ਲੀਲਾ ਦਾ ਮੰਚਨ ਵੀ ਸ਼ੁਰੂ ਹੋ ਗਿਆ ਹੈ, ਪਰ ਕੂੜੇ ਦੇ ਢੇਰਾਂ ਕਾਰਨ ਸ਼ਰਧਾਲੂਆਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਨਿਜਾਤ ਦਿਵਾਉਣ ਲਈ ਗੋਪਾਲ ਗਊਧਾਮ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਸ਼ਹਿਰ ਦੀਆਂ ਤਿੰਨ ਥਾਵਾਂ 'ਤੇ ਜੇ.ਸੀ.ਬੀ. ਮਸ਼ੀਨ ਨਾਲ ਸੜਕ 'ਤੇ ਫੈਲੇ ਕੂੜੇ ਦੇ ਢੇਰਾਂ ਨੂੰ ਇਕ ਪਾਸੇ ਕਰਵਾਇਆ ਗਿਆ ਤਾਂ ਜੋ ਰਾਮ ਲੀਲਾ ਦੇ ਮੰਚਨ ਦੌਰਾਨ ਰੋਜ਼ਾਨਾ ਇੱਥੋਂ ਲੰਘਣ ਵਾਲੇ ਰਾਮ ਲੀਲਾ ਦੇ ਪਾਤਰਾਂ ਅਤੇ ਸ਼ੋਭਾ ਯਾਤਰਾ ਦੌਰਾਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ | ਗਊਸ਼ਾਲਾ ਕਮੇਟੀ ਦੇ ਪ੍ਰਧਾਨ ਰਕੇਸ਼ ਚੋਪੜਾ, ਉਪ ਪ੍ਰਧਾਨ ਚੇਤਨ ਸੂਰੀ, ਜਨਰਲ ਸਕੱਤਰ ਧੀਰਜ ਬਜਾਜ ਨੇ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਵਲੋਂ ਬੀਤੀ ਰਾਤ ਡਿਪਟੀ ਕਮਿਸ਼ਨਰ ਅਮਿੱਤ ਕੁਮਾਰ ਪੰਚਾਲ, ਨਗਰ ਨਿਗਮ ਕਮਿਸ਼ਨਰ ਅਨੂਪਮ ਕਲੇਰ ਤੇ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਸੂਬਾ ਉਪ ਪ੍ਰਧਾਨ ਗੋਪਾਲ ਥਾਪਰ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀ ਸਹਿਮਤੀ ਨਾਲ ਵੱਖ-ਵੱਖ ਤਿੰਨ ਥਾਵਾਂ ਤੋਂ ਜੇ.ਸੀ.ਬੀ. ਦੀ ਮਦਦ ਨਾਲ ਕੂੜੇ ਦੇ ਢੇਰ ਸੜਕ ਤੋਂ ਇਕ ਪਾਸੇ ਕੀਤੇ ਗਏ, ਜਿਸ ਵਿਚ 7 ਨਰਾਇਣ ਮੰਦਿਰ ਦੇ ਨੇੜੇ ਸ਼ਾਲੀਮਾਰ ਬਾਗ ਤੇ ਮਸਜਿਦ ਚੌਂਕ ਦੇ ਨੇੜੇ ਵਾਲੇ ਕੂੜੇ ਦੇ ਡੰਪ ਵਾਲੀ ਜਗ੍ਹਾ ਸ਼ਾਮਲ ਹੈ | ਉਕਤ ਆਗੂਆਂ ਨੇ ਸ਼ਹਿਰ ਵਾਸੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਦੁਸਹਿਰੇ ਤੱਕ ਇਨ੍ਹਾਂ ਥਾਵਾਂ ਨੂੰ ਜਾਂਦੀਆਂ ਸੜਕਾਂ 'ਤੇ ਕੂੜਾ ਨਾ ਸੁੱਟਣ ਤਾਂ ਜੋ ਕੂੜੇ ਦੇ ਢੇਰਾਂ ਕਾਰਨ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ |