ਫਗਵਾੜਾ, 27 ਸਤੰਬਰ (ਹਰਜੋਤ ਸਿੰਘ ਚਾਨਾ)-ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕਤਾ ਲਈ ਰੈਸਟ ਹਾਊਸ ਵਿਖੇ ਮੈਗਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਜਿਸ ਦੀ ਪ੍ਰਧਾਨਗੀ ਐੱਸ.ਡੀ.ਐੱਮ ਜਸ਼ਨਜੀਤ ਸਿੰਘ ਨੇ ਕੀਤੀ | ਸੈਮੀਨਾਰ 'ਚ ਖੇਤੀਬਾੜੀ ਅਫ਼ਸਰ ਪਰਮਜੀਤ ਸਿੰਘ ਮਹੇ ਨੇ ਪਰਾਲੀ ਸਾੜਨ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟਣ, ਖਾਦਾਂ ਤੇ ਪਾਣੀ ਦੀ ਵੱਧ ਵਰਤੋਂ ਤੇ ਵਾਤਾਵਰਨ ਨੂੰ ਨੁਕਸਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਨੇ ਪਰਾਲੀ ਪ੍ਰਬੰਧਨ ਲਈ ਮਸ਼ੀਨਾਂ ਦੀ ਵਰਤੋਂ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ | ਸਹਿਕਾਰੀ ਸਭਾਵਾਂ ਵਿਭਾਗ ਤੋਂ ਕੁਲਦੀਪ ਸਿੰਘ ਨੇ ਵੀ ਦੱਸਿਆ ਕਿ ਸਹਿਕਾਰੀ ਸਭਾਵਾਂ ਕੋਲ ਪਰਾਲੀ ਸੰਭਾਲਣ ਵਾਲੀਆਂ ਮਸ਼ੀਨਾਂ ਉਪਲਬਧ ਹਨ | ਸੈਮੀਨਾਰ 'ਚ ਸਰਪੰਚਾਂ, ਨੰਬਰਦਾਰਾਂ ਤੇ ਕਲਸਟਰ ਕੋਆਰਡੀਨੇਟਰਾਂ ਨੂੰ ਸਰਕਾਰ ਦੀ ਇਨ ਸੀਟੂ ਸਟਰਾਅ ਮੈਨੇਜਮੈਂਟ ਸਕੀਮ ਬਾਰੇ ਜਾਣੂ ਕਰਾਇਆ ਗਿਆ ਤੇ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਗਈ | ਐਸ.ਡੀ.ਐਮ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ 'ਤੇ 5,000 ਤੋਂ 30,000 ਰੁਪਏ ਤੱਕ ਜੁਰਮਾਨਾ ਲੱਗਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |