05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਪਠਾਨਕੋਟ ਚੌਕ ਵਿੱਚ ਲੱਗਣ ਵਾਲਾ ਜਾਮ ਬਣ ਰਿਹਾ ਹਰ ਕਿਸੇ ਲਈ ਮੁਸੀਬਤ

Ad Position 21
No active advertisement
ਅਜੀਤ ਡੈਸਕ 19-10-2025
ਮਕਸੂਦਾਂ, 18 ਅਕਤੂਬਰ (ਸੌਰਵ ਮਹਿਤਾ)-ਜਲੰਧਰ ਸ਼ਹਿਰ ਦੇ ਐਂਟਰੀ ਪੁਆਇੰਟ ਪਠਾਨਕੋਟ ਚੌਂਕ ਵਿੱਚ ਹਰ ਰੋਜ਼ ਲੱਗਣ ਵਾਲਾ ਜਾਮ ਹੁਣ ਲੋਕਾਂ ਲਈ ਇੱਕ ਵੱਡੀ ਮੁਸੀਬਤ ਬਣ ਗਿਆ ਹੈ | ਸਵੇਰ ਤੋਂ ਸ਼ਾਮ ਤੱਕ ਜਲੰਧਰ ਤੋਂ ਪਠਾਨਕੋਟ ਵੱਲ ਜਾਣ ਵਾਲੇ ਪਾਸੇ ਅਤੇ ਪਠਾਨਕੋਟ ਵੱਲੋਂ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਰਸਤੇ 'ਤੇ ਵਾਹਨਾਂ ਦੀ ਲੰਬੀ ਲਾਈਨ ਲੱਗੀ ਰਹਿੰਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਟਰੈਫਿਕ ਪੁਲਿਸ ਵੱਲੋਂ ਹਾਲਾਤਾਂ 'ਤੇ ਕਾਬੂ ਪਾਉਣ ਵਿੱਚ ਅਸਮਰਥਤਾ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਹੀ ਹੈ |
ਐਂਬੂਲੈਂਸਾਂ ਦਾ ਰਾਹ ਵੀ ਰੁਕਿਆ ਮਰੀਜ਼ਾਂ ਦੀ ਜ਼ਿੰਦਗੀ ਖਤਰੇ ਵਿੱਚ
ਇਸ ਜਾਮ ਦਾ ਸਭ ਤੋਂ ਦਰਦਨਾਕ ਪੱਖ ਇਹ ਹੈ ਕਿ ਸਿਰਫ ਆਮ ਵਾਹਨ ਹੀ ਨਹੀਂ, ਐਂਬੂਲੈਂਸਾਂ ਵੀ ਘੰਟਿਆਂ ਤੱਕ ਫਸੀਆਂ ਰਹਿੰਦੀਆਂ ਹਨ | ਕਈ ਵਾਰ ਹਸਪਤਾਲਾਂ ਤੱਕ ਸਮੇਂ ਸਿਰ ਨਾ ਪਹੁੰਚ ਸਕਣ ਕਾਰਨ ਮਰੀਜ਼ਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਜਾਂਦਾ ਹੈ | ਲੋਕਾਂ ਨੇ ਕਿਹਾ ਕਿ ਟਰੈਫਿਕ ਪੁਲਿਸ ਦੀ ਬੇਹਿਸੀ ਤੇ ਪ੍ਰਬੰਧਾਂ ਦੀ ਕਮੀ ਕਾਰਨ ਐਮਰਜੈਂਸੀ ਸੇਵਾਵਾਂ ਤੱਕ ਪ੍ਰਭਾਵਿਤ ਹੋ ਰਹੀਆਂ ਹਨ |
ਪ੍ਰਸ਼ਾਸਨ ਦਾ ਧਿਆਨ ਸਿਰਫ ਚਲਾਨ ਕੱਟਣ ਤੱਕ ਸੀਮਤ
ਲੋਕਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ 'ਤੇ ਚਲਾਨ ਕੱਟਣਾ ਹੀ ਪੁਲਿਸ ਦਾ ਏਕਮਾਤਰ ਕੰਮ ਬਣ ਗਿਆ ਹੈ, ਜਦਕਿ ਸ਼ਹਿਰ ਦੇ ਟਰੈਫਿਕ ਸੰਕਟ 'ਤੇ ਕੋਈ ਢੰਗ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ | ਜਾਮ ਦੇ ਸਮੇਂ ਪੁਲਿਸ ਮੁਲਾਜ਼ਮਾਂ ਦੀ ਘੱਟ ਮੌਜੂਦਗੀ ਨਾਲ ਹਾਲਾਤ ਹੋਰ ਬਿਗੜ ਜਾਂਦੇ ਹਨ | ਜਿੱਥੇ ਰਾਹ ਖੋਲ੍ਹਣ ਲਈ ਸੰਗਠਿਤ ਯੋਜਨਾ ਦੀ ਲੋੜ ਹੈ, ਉੱਥੇ ਕਾਰਵਾਈ ਸਿਰਫ ਕਾਗਜ਼ਾਂ ਤੱਕ ਸੀਮਤ ਦਿਖਾਈ ਦਿੰਦੀ ਹੈ | ਦਫ਼ਤਰ ਜਾਣ ਵਾਲੇ ਕਰਮਚਾਰੀ, ਸਕੂਲ ਦੇ ਵਿਦਿਆਰਥੀ, ਵਪਾਰੀ ਤੇ ਆਮ ਯਾਤਰੀ ਘੰਟਿਆਂ ਤੱਕ ਜਾਮ ਵਿੱਚ ਫਸੇ ਰਹਿੰਦੇ ਹਨ | ਛੋਟੇ ਫਾਸਲੇ ਲਈ ਵੀ ਅੱਧਾ ਘੰਟਾ ਲੱਗ ਜਾਣਾ ਆਮ ਗੱਲ ਬਣ ਗਈ ਹੈ | ਇਸ ਨਾਲ ਨਾ ਸਿਰਫ ਸਮਾਂ, ਸਗੋਂ ਇੰਧਨ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ | ਟਰੈਫਿਕ ਮਾਹਰਾਂ ਦੇ ਅਨੁਸਾਰ, ਪਠਾਨਕੋਟ ਚੌਂਕ ਤੇ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਸੜਕਾਂ ਦੇ ਵਿਸਥਾਰ, ਨਵੀਂ ਸਿਗਨਲ ਪ੍ਰਣਾਲੀ ਤੇ ਵੱਖਰਾ ਬਾਈਪਾਸ ਰੂਟ ਬਣਾਉਣ ਦੀ ਲੋੜ ਹੈ | ਇਸ ਤੋਂ ਇਲਾਵਾ, ਟਰੈਫਿਕ ਪੁਲਿਸ ਨੂੰ ਸਥਾਈ ਤੌਰ 'ਤੇ ਡਿਊਟੀ ਸਿਸਟਮ ਵਿੱਚ ਸੁਧਾਰ ਕਰਨਾ ਚਾਹੀਦਾ ਹੈ, ਤਾਂ ਜੋ ਜਾਮ ਦੀ ਦੁਹਰਾਈ ਨਾ ਹੋਵੇ | ਉੱਥੇ ਲੋਕਾਂ ਦਾ ਸਪੱਸ਼ਟ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਸਿਰਫ਼ ਚਲਾਨ ਕੱਟਣ ਦੀ ਬਜਾਏ ਅਸਲ ਹੱਲ ਕੱਢਣ 'ਤੇ ਧਿਆਨ ਦੇਣਾ ਚਾਹੀਦਾ ਹੈ | ਜਲੰਧਰ ਸ਼ਹਿਰ ਦੀ ਵਿਕਾਸਸ਼ੀਲ ਛਵੀ ਇਸ ਟਰੈਫਿਕ ਜਾਮ ਕਾਰਨ ਪ੍ਰਭਾਵਿਤ ਹੋ ਰਹੀ ਹੈ | ਜੇਕਰ ਜਲਦ ਹੀ ਕੋਈ ਠੋਸ ਕਦਮ ਨਾ ਚੁੱਕਿਆ ਗਿਆ, ਤਾਂ ਇਹ ਸਮੱਸਿਆ ਅਗਲੇ ਦਿਨਾਂ ਵਿੱਚ ਹੋਰ ਗੰਭੀਰ ਰੂਪ ਧਾਰ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਸ਼ਹੀਦੀ ਦਿਵਸ ਮੌਕੇ ਕਮਿਸ਼ਨਰੇਟ ਪੁਲਿਸ ਨੇ ਪੰਜਾਬ ਪੁਲਿਸ ਦੇ ਸ਼ਹੀਦਾਂ ਨੂੰ ਦਿੱਤੀ ਭਾਵਪੂਰਕ ਸ਼ਰਧਾਂਜਲੀ <br/... ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੁਆਰਾ ਵਸਾਏ ਗਏ ਸ੍ਰੀ ਅਨੰਦਪਰ ਸਾਹਿਬ ਨੂੰ ਜ਼ਿਲ੍ਹਾ ਬਣਾ ਕੇ ਕੀਤਾ ਜਾਵੇ ਵਿਕਸਤ
Ad Position 24
No active advertisement