ਕਪੂਰਥਲਾ, 2 ਨਵੰਬਰ (ਵਿ.ਪ੍ਰ.)-ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਬ ਕਮੇਟੀ ਮੈਂਬਰ, ਵੱਖ-ਵੱਖ ਵਿਭਾਗਾਂ ਦੇ ਸਕੱਤਰਾਂ ਤੇ ਡੀ.ਪੀ.ਆਈ. ਸੈਕੰਡਰੀ ਗੁਰਿੰਦਰ ਸਿੰਘ ਸੋਢੀ ਦੀ ਮੌਜੂਦਗੀ ਵਿਚ ਯੂਨੀਅਨ ਦੇ ਸੂਬਾਈ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਵਿੱਤੀ ਤੇ ਵਿਭਾਗੀ ਮੰਗਾਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ | ਇਸ ਮੌਕੇ ਯੂਨੀਅਨ ਨੇ ਵਿੱਤ ਮੰਤਰੀ ਨੂੰ ਮੰਗ ਪੱਤਰ ਵੀ ਦਿੱਤਾ | ਮੀਟਿੰਗ ਉਪਰੰਤ ਯੂਨੀਅਨ ਦੇ ਸੂਬਾਈ ਪ੍ਰੈੱਸ ਸਕੱਤਰ ਸੰਦੀਪ ਕੁਮਾਰ ਨੇ ਦੱਸਿਆ ਕਿ ਜਥੇਬੰਦੀ ਵਲੋਂ 2.59 ਗੁਣਾਂਕ ਦੇ ਮਸਲੇ ਦੀ ਮੰਗ ਨੂੰ ਵਿੱਤ ਮੰਤਰੀ ਨੇ ਜਾਇਜ਼ ਦੱਸਿਆ ਤੇ ਕਿਹਾ ਕਿ ਇਸ ਦਾ ਨਿਪਟਾਰਾ ਇਕ ਮਹੀਨੇ ਵਿਚ ਕੀਤਾ ਜਾਵੇਗਾ | ਇਸੇ ਤਰ੍ਹਾਂ ਡੀ.ਏ. ਦੀਆਂ ਕਿਸ਼ਤਾਂ ਦੀ ਅਦਾਇਗੀ ਚੋਣ ਕਮਿਸ਼ਨ ਤੋਂ ਆਗਿਆ ਲੈ ਕੇ ਕੀਤੀ ਜਾਵੇਗੀ | ਇਸ ਤੋਂ ਇਲਾਵਾ ਵਿੱਤ ਮੰਤਰੀ ਤੇ ਹੋਰ ਅਧਿਕਾਰੀਆਂ ਨੇ ਬਾਰਡਰ ਅਲਾਉਂਸ, ਪੁਰਾਣੀ ਪੈਨਸ਼ਨ ਦੇ ਮਸਲੇ, ਰਮਸਾ ਅਧਿਆਪਕਾਂ ਦੇ ਬਕਾਏ, ਏ.ਸੀ.ਪੀ., ਪੇਂਡੂ ਭੱਤਾ ਤੇ ਹੋਰ ਭੱਤਿਆਂ ਸਮੇਤ ਜ਼ਰੂਰੀ ਮੰਗਾਂ 'ਤੇ 15 ਦਿਨਾਂ ਵਿਚ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ | ਪ੍ਰੈੱਸ ਸਕੱਤਰ ਨੇ ਦੱਸਿਆ ਕਿ ਵਿੱਤ ਮੰਤਰੀ ਨੇ ਡੀ.ਪੀ.ਆਈ. ਸੈਕੰਡਰੀ ਨੂੰ ਛੁੱਟੀਆਂ ਵਾਲਾ ਪੱਤਰ ਵੀ ਤੁਰੰਤ ਜਾਰੀ ਕਰਨ ਦੀ ਹਦਾਇਤ ਕੀਤੀ | ਮੀਟਿੰਗ ਵਿਚ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੁੱਲਰ, ਦਲਜੀਤ ਸਿੰਘ ਸਭਰਵਾਲ, ਜ਼ਿਲ੍ਹਾ ਜਨਰਲ ਸਕੱਤਰ ਅਮਰਵੀਰ ਸਿੰਘ ਗੁਰਦਾਸਪੁਰ, ਗੁਰਪ੍ਰੀਤ ਸਿੰਘ ਮੋਗਾ, ਸੰਦੀਪ ਕੁਮਾਰ ਕਪੂਰਥਲਾ ਆਦਿ ਹਾਜ਼ਰ ਸਨ |