ਕਪੂਰਥਲਾ, 2 ਨਵੰਬਰ (ਅਮਰਜੀਤ ਕੋਮਲ)-ਵਿਜੀਲੈਂਸ ਜਾਗਰੂਕਤਾ ਹਫ਼ਤੇ ਦੀ ਸਮਾਪਤੀ 'ਤੇ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਹਫ਼ਤੇ ਦੌਰਾਨ ਆਰ.ਸੀ.ਐਫ. ਦੇ ਕਰਮਚਾਰੀਆਂ ਅਤੇ ਹੋਰ ਲੋਕਾਂ ਵਿਚ ਨੈਤਿਕ ਆਚਰਨ ਸਬੰਧੀ ਆਰ.ਸੀ.ਐਫ. ਦੇ ਵੱਖ-ਵੱਖ ਵਿਭਾਗਾਂ ਤੇ ਸਕੂਲਾਂ ਵਿਚ ਸੈਮੀਨਾਰ, ਭਾਸ਼ਣ ਤੇ ਪੇਂਟਿੰਗ ਮੁਕਾਬਲੇ, ਪੋਸਟਰ ਤੇ ਬੈਨਰ ਡਿਸਪਲੇ ਤੇ ਹੋਰ ਕਈ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਸ਼ਾਮਲ ਕਰਮਚਾਰੀਆਂ ਅਤੇ ਹੋਰ ਲੋਕਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਸਹੁੰ ਚੁਕਾਈ ਗਈ | ਇਸੇ ਸਬੰਧ ਵਿਚ ਵਿਜੀਲੈਂਸ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਵਿਚ ਆਰ.ਸੀ.ਐਫ. ਸਕਾਊਟਸ ਅਤੇ ਗਾਈਡ ਨੇ ਆਰ.ਸੀ.ਐਫ. ਕੰਪਲੈਕਸ ਦੀ ਪਰਿਕਰਮਾ ਕੀਤੀ | ਰੈਲੀ ਵਿਚ ਸ਼ਾਮਲ ਵਲੰਟੀਅਰਾਂ ਨੇ ਬੈਨਰ ਰਾਹੀਂ ਲੋਕਾਂ ਨੂੰ ਚੌਕਸੀ ਅਤੇ ਨੈਤਿਕ ਆਚਰਨ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ | ਇਸੇ ਦੌਰਾਨ ਚੌਕਸੀ ਜਾਗਰੂਕਤਾ ਦੇ ਸਬੰਧ ਵਿਚ ਇਕ ਨੁੱਕੜ ਨਾਟਕ ਵੀ ਖੇਡਿਆ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਵਿਨੋਦਪਾਲ ਮੁੱਖ ਚੌਕਸੀ ਅਧਿਕਾਰੀ ਸੀ.ਵੀ.ਓ. ਆਰ.ਸੀ.ਐਫ. ਨੇ ਰੋਕਥਾਮ ਚੌਕਸੀ ਉਪਾਵਾਂ ਨੂੰ ਅਪਣਾ ਕੇ ਭਿ੍ਸ਼ਟਾਚਾਰ ਮੁਕਤ ਕਾਰਜ ਸਭਿਆਚਾਰ ਪੈਦਾ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਜਾਗਰੂਕਤਾ ਪਹਿਲਕਦਮੀਆਂ ਵਿਚ ਆਰ.ਸੀ.ਐਫ. ਦੇ ਕਰਮਚਾਰੀਆਂ, ਵਿਦਿਆਰਥੀਆਂ ਤੇ ਲੋਕਾਂ ਦੀ ਸਰਗਰਮ ਸ਼ਮੂਲੀਅਤ ਦੀ ਸ਼ਲਾਘਾ ਕੀਤੀ | ਇਸ ਹਫ਼ਤੇ ਦੌਰਾਨ ਕਰਮਚਾਰੀਆਂ ਨੂੰ ਪਾਰਦਰਸ਼ਤਾ ਦੀ ਗਾਰੰਟੀ ਦੇਣ ਵਾਲੀਆਂ ਆਨਲਾਈਨ ਸ਼ਿਕਾਇਤ ਅਤੇ ਸ਼ਿਕਾਇਤ ਨਿਵਾਰਨ ਪ੍ਰਣਾਲੀਆਂ ਦੀ ਪੂਰੀ ਤਰ੍ਹਾਂ ਵਰਤੋਂ ਕਰਨ ਦੀ ਅਪੀਲ ਕੀਤੀ ਗਈ | ਜਾਗਰੂਕਤਾ ਹਫ਼ਤੇ ਦੌਰਾਨ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਤੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈਣ ਵਾਲਿਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ |