ਕਪੂਰਥਲਾ, 3 ਨਵੰਬਰ (ਅਮਰਜੀਤ ਸਿੰਘ ਸਡਾਨਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵਲੋਂ ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਸਟੇਟ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਆਰੰਭ ਹੋਇਆ ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਮੁਹੱਲਿਆਂ 'ਚੋਂ ਹੁੰਦਾ ਹੋਇਆ ਸ਼ਾਮ ਦੇ ਸਮੇਂ ਵਾਪਸ ਸਟੇਟ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ | ਨਗਰ ਕੀਰਤਨ ਦੌਰਾਨ ਜਿੱਥੇ ਕਮਾਲੀਆ ਖ਼ਾਲਸਾ ਹਾਈ ਸਕੂਲ ਦੇ ਬੱਚਿਆਂ ਨੇ ਆਪਣੇ ਬੈਂਡ ਦੇ ਨਾਲ ਸ਼ਿਰਕਤ ਕੀਤੀ, ਉੱਥੇ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਦੇ ਨੌਜਵਾਨਾਂ ਨੇ ਸੰਗਤਾਂ ਨੂੰ ਗਤਕੇ ਦੇ ਜੌਹਰ ਵੀ ਦਿਖਾਏ | ਨਗਰ ਕੀਰਤਨ ਦੌਰਾਨ ਰਾਗੀ, ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਤੇ ਸ਼ਬਦ ਚੌਂਕੀ ਜਥੇ ਵਲੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਪਿੱਛੇ ਗੁਰਬਾਣੀ ਕੀਰਤਨ ਗਾਇਣ ਕੀਤਾ ਗਿਆ | ਰਸਤੇ ਵਿਚ ਵੱਖ-ਵੱਖ ਥਾਵਾਂ ਤੇ ਸ਼ਰਧਾਲੂਆਂ ਵੱਲੋਂ ਲੰਗਰ ਲਗਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ | ਸਟੇਟ ਗੁਰਦੁਆਰਾ ਸਾਹਿਬ ਦੇ ਇੰਚਾਰਜ ਭਾਈ ਮੋਹਕਮ ਸਿੰਘ ਵਲੋਂ ਨਗਰ ਕੀਰਤਨ ਦੌਰਾਨ ਸਹਿਯੋਗੀ ਜਥੇਬੰਦੀਆਂ ਤੇ ਵੱਖ-ਵੱਖ ਸ਼ਖਸੀਅਤਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਸਬੰਧੀ 5 ਨਵੰਬਰ ਨੂੰ ਸਵੇਰੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਦੀਵਾਨ ਸੱਜਣਗੇ ਤੇ ਰਾਤ ਦੇ ਸਮੇਂ ਵੀ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ | ਇਸ ਮੌਕੇ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ, ਇੰਚਾਰਜ ਮੋਹਕਮ ਸਿੰਘ, ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ, ਭਾਈ ਸ਼ੇਰ ਸਿੰਘ, ਗੁਰਚਰਨ ਸਿੰਘ, ਕਿਰਪਾਲ ਸਿੰਘ, ਗੁਰਵਿੰਦਰ ਸਿੰਘ, ਤਜਿੰਦਰਪਾਲ ਸਿੰਘ, ਦਰਸ਼ਨ ਸਿੰਘ, ਜਸਬੀਰ ਸਿੰਘ, ਸਿਮਰਨਪ੍ਰੀਤ ਸਿੰਘ, ਇੰਦਰਮੋਹਨ ਸਿੰਘ, ਰਸ਼ਪਾਲ ਸਿੰਘ ਸਿਟੀ ਕੇਬਲ, ਜਥੇ. ਜਸਵਿੰਦਰ ਸਿੰਘ ਬੱਤਰਾ, ਵਰਿਆਮ ਸਿੰਘ ਕਪੂਰ, ਸੁਖਰਾਜ ਸਿੰਘ, ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਜਸਬੀਰ ਸਿੰਘ ਰਾਣਾ, ਮਨਮੋਹਨ ਸਿੰਘ, ਦਵਿੰਦਰ ਸਿੰਘ ਦੇਵ, ਸਵਰਨ ਸਿੰਘ, ਸ਼ਾਇਰ ਕੰਵਰ ਇਕਬਾਲ ਸਿੰਘ, ਹਰਦਿਆਲ ਸਿੰਘ ਝੀਤਾ, ਬਾਬਾ ਸੁਰਿੰਦਰ ਸਿੰਘ, ਮਹਿੰਦਰਪਾਲ ਸਿੰਘ ਬੇਦੀ, ਮਨਜੀਤ ਸਿੰਘ ਪ੍ਰਦੇਸੀ, ਪ੍ਰਚਾਰਕ ਹਰਵਿੰਦਰ ਸਿੰਘ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਨਰਿੰਦਰ ਸਿੰਘ ਬੱਤਰਾ, ਕੁਲਵਿੰਦਰ ਸਿੰਘ, ਆਗਿਆਪਾਲ ਸਿੰਘ, ਰਾਜਦੀਪ ਸਿੰਘ, ਰਜਿੰਦਰ ਸਿੰਘ ਧੰਜਲ, ਭਾਈ ਪਲਵਿੰਦਰ ਸਿੰਘ ਸਾਰੰਗ ਤੇ ਹੋਰ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |