ਕਪੂਰਥਲਾ, 3 ਨਵੰਬਰ (ਅਮਰਜੀਤ ਕੋਮਲ)-ਸੈਨਿਕ ਸਕੂਲ ਕਪੂਰਥਲਾ ਨੇ ਮੱਧ ਪ੍ਰਦੇਸ਼ ਵਿਚ ਹੋਈ ਸਰਬ ਭਾਰਤੀ ਸੈਨਿਕ ਸਕੂਲਾਂ ਦੀ ਬਾਸਕਿਟ ਬਾਲ ਨੈਸ਼ਨਲ ਚੈਂਪੀਅਨਸ਼ਿਪ 'ਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੈਂਪੀਅਨਸ਼ਿਪ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਚੈਂਪੀਅਨਸ਼ਿਪ ਵਿਚ ਮੁੱਖ ਮਹਿਮਾਨ ਵਜੋਂ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਉਪਿੰਦਰ ਦਿਵੇਦੀ ਪੀ.ਵੀ.ਐਸ.ਐਮ., ਏ.ਵੀ.ਐਸ.ਐਮ. ਤੇ ਭਾਰਤੀ ਨੌ ਸੈਨਾ ਦੇ ਪ੍ਰਮੁੱਖ ਐਡਮਿਰਲ ਦਿਨੇਸ਼ ਕੁਮਾਰ ਤਿ੍ਪਾਠੀ, ਪੀ.ਵੀ.ਐਸ.ਐਮ., ਏ.ਵੀ.ਐਸ.ਐਮ., ਐਸ.ਐਮ. ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਸੈਨਿਕ ਸਕੂਲ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਦੇਸ਼ ਭਰ ਦੇ ਸੈਨਿਕ ਸਕੂਲਾਂ ਦੇ 8 ਗਰੁੱਪ ਬਣਾਏ ਗਏ ਤੇ ਸੈਨਿਕ ਸਕੂਲ ਕਪੂਰਥਲਾ ਨੇ ਏ ਗਰੁੱਪ ਵਿਚ ਕੌਮੀ ਖੇਡਾਂ ਵਿਚ ਗਰੁੱਪ ਬੀ ਦੀ ਵਿਜੇਤਾ ਟੀਮ ਸੈਨਿਕ ਸਕੂਲ ਝੁਨ ਝੁਨੰੂ ਨਾਲ ਫਾਈਨਲ ਮੈਚ ਖੇਡਿਆ ਤੇ ਇਸ ਮੈਚ ਵਿਚ ਸੈਨਿਕ ਸਕੂਲ ਕਪੂਰਥਲਾ ਨੇ 46 ਦੇ ਮੁਕਾਬਲੇ 61 ਅੰਕ ਹਾਸਲ ਕਰਕੇ ਵਿਰੋਧੀ ਟੀਮ ਨੂੰ ਪਛਾੜ ਕੇ ਆਪਣੀ ਜਿੱਤ ਦਰਜ ਕੀਤੀ | ਫਾਈਨਲ ਮੈਚ ਵਿਚ ਸੈਨਿਕ ਸਕੂਲ ਦੀ ਬਾਸਕਿਟਬਾਲ ਦੀ ਟੀਮ ਦੇ ਕਪਤਾਨ ਦਿਵਿਆਂਸ਼ੂ ਅੱਤਰੀ ਨੂੰ ਸਰਬਸੇ੍ਰਸ਼ਟ ਖਿਡਾਰੀ ਐਲਾਨਿਆ ਗਿਆ | ਇਸੇ ਤਰ੍ਹਾਂ ਲੜਕੀਆਂ ਦੇ ਗਰੁੱਪ ਵਿਚ ਸੈਨਿਕ ਸਕੂਲ ਦੀ ਸ਼ਾਭਵੀ ਤੇ ਆਰੂਸ਼ੀ ਨੇ ਸਿਲਵਰ ਮੈਡਲ ਜਿੱਤਿਆ | ਜੇਤੂ ਟੀਮ ਨੇ ਮੁੱਖ ਮਹਿਮਾਨ ਤੋਂ ਟਰਾਫ਼ੀ ਪ੍ਰਾਪਤ ਕੀਤੀ | ਸੈਨਿਕ ਸਕੂਲ ਦੀ ਚੈਂਪੀਅਨ ਬਣੀ ਟੀਮ ਦੇ ਸੈਨਿਕ ਸਕੂਲ ਕਪੂਰਥਲਾ ਪੁੱਜਣ 'ਤੇ ਸਕੂਲ ਦੇ ਵਿਦਿਆਰਥੀਆਂ ਨੇ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ | ਸਕੂਲ ਦੀ ਪਿ੍ੰਸੀਪਲ ਗਰੁੱਪ ਕੈਪਟਨ ਮਧੂ ਸੇਂਗਰ ਨੇ ਸਾਰੇ ਖਿਡਾਰੀਆਂ ਨੂੰ ਮੈਡਲ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਬਾਸਕਿਟ ਬਾਲ ਦੇ ਕੋਚ ਦਵਿੰਦਰ ਸਿੰਘ ਤੇ ਸੰਦੀਪ ਕੌਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸਕੂਲ ਦੇ ਉਪ ਪਿ੍ੰਸੀਪਲ ਕਮਾਂਡਰ ਸੰਦੀਪ ਸਿੰਘ ਵਿਰਕ, ਪ੍ਰਸ਼ਾਸਕੀ ਅਫ਼ਸਰ ਲੈਫ਼ਟੀਨੈਂਟ ਕਰਨਲ ਉਮੇਸ਼ ਮੌਲੇ ਨੇ ਵੀ ਜੇਤੂ ਟੀਮ ਦੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ |