ਕਪੂਰਥਲਾ, 18 ਦਸੰਬਰ (ਅਮਰਜੀਤ ਕੋਮਲ)-ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਵਲੋਂ ਕੇਂਦਰ ਸਰਕਾਰ ਦੀਆਂ ਮਜ਼ਦੂਰ ਤੇ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਆਰ.ਸੀ.ਐਫ. ਦੇ ਡਾ. ਭੀਮ ਰਾਓ ਅੰਬੇਡਕਰ ਚੌਕ ਵਿਚ ਰੋਸ ਵਿਖਾਵਾ ਕੀਤਾ ਗਿਆ | ਰੋਹ ਵਿਚ ਆਏ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ, ਜਨਰਲ ਸਕੱਤਰ ਸਰਵਜੀਤ ਸਿੰਘ ਤੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਬਾਜਵਾ ਨੇ ਮੁਲਾਜ਼ਮਾਂ ਨੂੰ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਵਿਰੁੱਧ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾ ਸਿਰਫ਼ ਕਿਰਤ ਕਾਨੂੰਨਾਂ ਨੂੰ ਬਦਲ ਰਹੀ ਹੈ, ਸਗੋਂ ਬਿਜਲੀ ਸੋਧ ਬਿੱਲ, ਬੀਮਾ ਸੋਧ ਬਿੱਲ, ਵਰਗੇ ਕਠੋਰ ਕਾਨੂੰਨਾਂ ਰਾਹੀਂ ਆਮ ਲੋਕਾਂ ਤੇ ਕਿਸਾਨਾਂ ਦੀ ਕਮਰ ਤੋੜਨ ਦੀ ਤਿਆਰੀ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲ ਲਾਗੂ ਹੋਣ ਨਾਲ ਬਿਜਲੀ ਨਿੱਜੀ ਹੱਥਾਂ ਵਿਚ ਤਬਦੀਲ ਹੋ ਜਾਵੇਗੀ ਤੇ ਆਮ ਲੋਕਾਂ ਦੀਆਂ ਜੇਬਾਂ 'ਤੇ ਵੱਡਾ ਬੋਝ ਪਵੇਗਾ | ਉਨ੍ਹਾਂ ਕਿਹਾ ਕਿ ਬੀਮਾ ਤੇ ਬਿਜਲੀ ਸੋਧ ਬਿੱਲਾਂ ਦਾ ਇੱਕੋ ਇਕ ਉਦੇਸ਼ ਕਿਸਾਨਾਂ ਤੇ ਮੱਧ ਵਰਗ ਨੂੰ ਵੱਡੀਆਂ ਕੰਪਨੀਆਂ ਦਾ ਗ਼ੁਲਾਮ ਬਣਾਉਣਾ ਹੈ | ਯੂਨੀਅਨ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਚਾਰ ਕਿਰਤ ਕੋਡਾਂ ਦਾ ਵੀ ਜ਼ੋਰਦਾਰ ਵਿਰੋਧ ਕੀਤਾ ਤੇ ਕਿਹਾ ਕਿ ਮਜ਼ਦੂਰਾਂ ਨੇ ਲੰਮੇ ਸੰਘਰਸ਼ ਤੋਂ ਬਾਅਦ ਸ਼ਹਾਦਤਾਂ ਦੇ ਕੇ ਕੰਮ ਦੇ 8 ਘੰਟੇ ਨਿਸ਼ਚਿਤ ਕਰਵਾਏ ਸਨ ਤੇ ਕੇਂਦਰ ਸਰਕਾਰ ਇਨ੍ਹਾਂ ਕਿਰਤ ਕੋਡਾਂ ਰਾਹੀਂ ਕੰਮ ਦੇ 12 ਘੰਟੇ ਕਰਨ, ਕੰਪਨੀਆਂ ਨੂੰ ਬਿਨਾਂ ਕਿਸੇ ਠੋਸ ਕਾਰਨ ਦੇ ਮਜ਼ਦੂਰਾਂ ਦੀ ਛਾਂਟੀ ਦਾ ਅਧਿਕਾਰ ਦੇਣ, ਯੂਨੀਅਨਾਂ ਬਣਾਉਣ ਦੇ ਸੰਵਿਧਾਨਕ ਅਧਿਕਾਰ ਨੂੰ ਸੀਮਤ ਕਰ ਰਹੀ ਹੈ | ਯੂਨੀਅਨ ਦੇ ਚੇਅਰਮੈਨ ਇੰਜ. ਦਰਸ਼ਨ ਲਾਲ ਤੇ ਸਰਪ੍ਰਸਤ ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਜਦੋਂ ਤੱਕ ਚਾਰ ਕਿਰਤ ਕੋਡ ਵਾਪਸ ਨਹੀਂ ਲਏ ਜਾਂਦੇ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਹੁੰਦੀ, ਯੂਨੀਅਨ ਆਪਣਾ ਸੰਘਰਸ਼ ਨਿਰੰਤਰ ਜਾਰੀ ਰੱਖੇਗੀ | ਰੋਸ ਵਿਖਾਵੇ ਤੋਂ ਬਾਅਦ ਯੂਨੀਅਨ ਦੇ ਇਕ ਉੱਚ ਪੱਧਰੀ ਵਫ਼ਦ ਨੇ ਆਰ.ਸੀ.ਐਫ. ਦੇ ਜਨਰਲ ਮੈਨੇਜਰ ਪ੍ਰਸ਼ਾਂਤ ਕੁਮਾਰ ਮਿਸ਼ਰਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂਅ ਇਕ ਮੰਗ ਪੱਤਰ ਦਿੱਤਾ | ਰੋਸ ਵਿਖਾਵੇ 'ਚ ਓ.ਬੀ.ਸੀ. ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦ ਪ੍ਰਸ਼ਾਦ, ਐਸ.ਸੀ. ਐਂਡ ਐਸ.ਟੀ. ਐਸੋਸੀਏਸ਼ਨ ਦੇ ਪ੍ਰਧਾਨ ਜੀਤ ਸਿੰਘ, ਇੰਜ. ਐਸੋਸੀਏਸ਼ਨ ਦੇ ਸਕੱਤਰ ਜਗਦੀਸ਼ ਸਿੰਘ ਤੇ ਬਖ਼ਸ਼ੀਸ਼ ਸਿੰਘ, ਯੂਨੀਅਨ ਦੇ ਸੰਯੁਕਤ ਸਕੱਤਰ ਜਸਪਾਲ ਸਿੰਘ ਸੇਖੋਂ, ਸੰਗਠਨ ਸਕੱਤਰ ਭਰਤ ਰਾਜ, ਕੈਸ਼ੀਅਰ ਹਰਵਿੰਦਰਪਾਲ, ਨਰਿੰਦਰ ਕੁਮਾਰ, ਬਚਿੱਤਰ ਸਿੰਘ, ਪ੍ਰਦੀਪ ਕੁਮਾਰ, ਤਲਵਿੰਦਰ ਸਿੰਘ, ਤਰਲੋਚਨ ਸਿੰਘ, ਅਰਵਿੰਦ ਕੁਮਾਰ ਸ਼ਾਹ, ਬਲਦੇਵ ਰਾਜ, ਜਗਦੀਪ ਸਿੰਘ, ਅਵਤਾਰ ਸਿੰਘ, ਹਰਪ੍ਰੀਤ, ਅਸ਼ਵਨੀ, ਅਨਿਲ, ਅਵਤਾਰ ਸਿੰਘ ਗਿੱਲ, ਬਲਜਿੰਦਰ ਸਿੰਘ ਮੀਤ, ਗੁਰਵੀਰ ਸਿੰਘ ਪਾਲ, ਗੁਰਵੀਰ ਸਿੰਘ, ਜੀ. ਪਾਲ, ਐਨ. ਗੁਰਜੀਤ ਕਲਸੀ, ਰਣਵੀਰ ਸਿੰਘ, ਮਨਦੀਪ ਸਿੰਘ, ਮੇਘਨਾਥ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਰਜਿੰਦਰ, ਵਰਿੰਦਰ, ਮੱਖਣ, ਹਰੀ ਓਮ, ਨਵੀਨ, ਅਮਿੱਤ ਰਾਠੀ, ਹਰਜਿੰਦਰ ਹੈਰੀ, ਪਵਨ, ਪ੍ਰੀਤਮ, ਗੁਰਚਰਨ ਸਿੰਘ, ਪ੍ਰਵੀਨ ਸੋਨੀ, ਰਾਜੇਸ਼ ਮੀਨਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤ ਮੁਲਾਜ਼ਮ ਸ਼ਾਮਿਲ ਸਨ |