ਡਡਵਿੰਡੀ, 25 ਦਸੰਬਰ (ਦਿਲਬਾਗ ਸਿੰਘ ਝੰਡ)-ਇਲਾਕੇ 'ਚ ਸਰਗਰਮ ਚੋਰ ਗਰੋਹ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਰਾਤ ਦੀ ਬਜਾਏ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਲੋਕਾਂ ਵਿਚ ਦਹਿਸ਼ਤ ਫੈਲਾਈ ਜਾ ਰਹੀ ਹੈ | ਇਸ ਦੀ ਤਾਜ਼ਾ ਮਿਸਾਲ ਨੇੜਲੇ ਪਿੰਡ ਰਾਮਪੁਰ ਜਗੀਰ ਤੋਂ ਮਿਲਦੀ ਹੈ, ਜਿੱਥੇ ਸਿਖਰ ਦੁਪਹਿਰੇ ਨੌਸਰਬਾਜ ਚੋਰਾਂ ਨੇ ਚਾਰ ਘਰਾਂ ਨੂੰ ਨਿਸ਼ਾਨਾ ਬਣਾਇਆ ਤੇ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਅੱਜ ਦੁਪਹਿਰ ਕਰੀਬ 1 ਵਜੇ ਤੋਂ 2 ਵਜੇ ਦੇ ਦਰਮਿਆਨ, ਜਦੋਂ ਘਰਾਂ ਵਿਚ ਕੋਈ ਵੀ ਮੌਜੂਦ ਨਹੀਂ ਸੀ, ਵੱਖ-ਵੱਖ ਘਰਾਂ ਦੇ ਤਾਲੇ ਤੋੜ ਕੇ ਅਲਮਾਰੀਆਂ ਖੰਘਾਲੀਆਂ ਗਈਆਂ | ਚੋਰ ਘਰਾਂ ਵਿਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਚੋਰਾਂ ਨੇ ਸੁਰਜੀਤ ਸਿੰਘ ਪੁੱਤਰ ਚਰਨ ਸਿੰਘ ਦੇ ਘਰੋਂ 2 ਤੋਲੇ ਸੋਨੇ ਦੇ ਗਹਿਣੇ ਤੇ 5 ਹਜ਼ਾਰ ਰੁਪਏ ਨਕਦ, ਅਵਤਾਰ ਸਿੰਘ ਪੁੱਤਰ ਗੱਜਣ ਸਿੰਘ ਦੇ ਘਰੋਂ 4 ਤੋਲੇ ਸੋਨੇ ਦੇ ਗਹਿਣੇ ਤੇ 10-12 ਹਜ਼ਾਰ ਰੁਪਏ ਨਕਦ, ਸੂਰਤਾ ਸਿੰਘ ਪੁੱਤਰ ਬੂਟਾ ਸਿੰਘ ਦੇ ਘਰੋਂ ਸੋਨੇ ਦੀਆਂ ਵਾਲੀਆਂ ਤੇ ਬਿੱਕਰ ਸਿੰਘ ਪੁੱਤਰ ਬੂਟਾ ਸਿੰਘ ਦੇ ਘਰੋਂ ਚਾਂਦੀ ਦੇ ਕੜੇ ਤੇ 8 ਹਜ਼ਾਰ ਰੁਪਏ ਨਕਦ ਚੋਰੀ ਕਰ ਲਏ | ਜ਼ਿਕਰਯੋਗ ਹੈ ਕਿ ਪਿੰਡ ਰਾਮਪੁਰ ਜਗੀਰ ਡੱਲਾ ਪੁਲਿਸ ਚੌਂਕੀ ਤੋਂ ਮਹਿਜ਼ ਇਕ ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਹੈ | ਚੌਂਕੀ ਦੇ ਨੇੜੇ ਦਿਨ ਦਿਹਾੜੇ ਹੋਈ ਇਸ ਵੱਡੀ ਚੋਰੀ ਦੀ ਵਾਰਦਾਤ ਨੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕਰ ਦਿੱਤੇ ਹਨ | ਉੱਧਰ ਮਾਮਲੇ ਸਬੰਧੀ ਡੱਲਾ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਦੀ ਜਾਂਚ ਕੀਤੀ ਜਾ ਚੁੱਕੀ ਹੈ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜਲਦ ਹੀ ਚੋਰਾਂ ਨੂੰ ਗਿ੍ਫ਼ਤਾਰ ਕਰਕੇ ਸਲਾਖ਼ਾਂ ਦੇ ਪਿੱਛੇ ਭੇਜਿਆ ਜਾਵੇਗਾ |