ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਰਹਿੰਦ ਨੇੜੇ ਅੰਮਿ੍ਤਸਰ-ਦਿੱਲੀ ਰੇਲ ਪਟੜੀ 'ਤੇ ਵੱਡਾ ਧਮਾਕਾ

Ad Position 21
No active advertisement
ਅਜੀਤ ਡੈਸਕ 25-01-2026

ਮਾਲ ਗੱਡੀ ਦਾ ਡਰਾਈਵਰ ਜ਼ਖ਼ਮੀ
ਬਲਜਿੰਦਰ ਸਿੰਘ

ਫ਼ਤਹਿਗੜ੍ਹ ਸਾਹਿਬ, 24 ਜਨਵਰੀ-ਗਣਤੰਤਰ ਦਿਵਸ ਸਮਾਗਮਾਂ ਤੋਂ ਕਰੀਬ 2 ਦਿਨ ਪਹਿਲਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਧੀਨ ਪੈਂਦੇ ਰੇਲਵੇ ਟਰੈਕ ਸਰਹਿੰਦ ਪਿੰਡ ਖਾਨਪੁਰ ਨੇੜੇ ਬੀਤੀ ਰਾਤ ਕੁਝ ਅਣਪਛਾਤਿਆਂ ਵਲੋਂ ਅੰਮਿ੍ਤਸਰ-ਦਿੱਲੀ ਰੇਲਵੇ ਲਾਈਨ 'ਤੇ ਧਮਾਕੇ ਰਾਹੀਂ ਰੇਲ ਗੱਡੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ | ਜਿਸ ਦੌਰਾਨ ਮਾਲ ਗੱਡੀ ਦਾ ਡਰਾਈਵਰ ਮਾਮੂਲੀ ਜ਼ਖ਼ਮੀ ਹੋ ਗਿਆ, ਜਦੋਂਕਿ ਮਾਲ ਗੱਡੀ ਦੇ ਇੰਜਣ ਨੂੰ ਵੀ ਮਾਮੂਲੀ ਨੁਕਸਾਨ ਪੱੁਜਾ ਹੈ | ਇਸ ਸੰਬੰਧੀ ਡੀ.ਆਈ.ਜੀ ਰੋਪੜ ਰੇਂਜ ਨਾਨਕ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜ ਕੇ 50 ਮਿੰਟ 'ਤੇ ਪਿੰਡ ਖਾਨਪੁਰ ਰੇਲਵੇ ਪੋਲ ਨੰ. 1208/15 ਕੋਲ ਅੰਮਿ੍ਤਸਰ-ਦਿੱਲੀ ਰੇਲਵੇ ਲਾਈਨ 'ਤੇ ਧਮਾਕਾ ਹੋਣ ਦੀ ਸੂਚਨਾ ਮਿਲੀ ਸੀ ਤੇ ਮੁਢਲੀ ਜਾਂਚ ਮੁਤਾਬਕ ਇਹ ਧਮਾਕਾ ਮਾਈਨਰ ਕਿਸਮ ਦਾ ਸੀ, ਜਿਸ ਕਾਰਨ ਕੋਈ ਵੱਡਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ | ਹਾਲਾਂਕਿ ਧਮਾਕੇ ਦੀ ਤੀਬਰਤਾ ਕਾਰਨ ਮਾਲ ਗੱਡੀ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ | ਡਾਕਟਰਾਂ ਅਨੁਸਾਰ ਜ਼ਖ਼ਮੀ ਦੀ ਹਾਲਤ ਸਥਿਰ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹੈ | ਪੱਤਰਕਾਰਾਂ ਵਲੋਂ ਸਵਾਲ ਪੁੱਛੇ ਜਾਣ 'ਤੇ ਡੀ.ਆਈ.ਜੀ. ਨਾਨਕ ਸਿੰਘ ਨੇ ਕਿਹਾ ਕਿ ਜਾਂਚ ਮੁਕੰਮਲ ਹੋਣ ਤੋਂ ਪਹਿਲਾਂ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ | ਉਨ੍ਹਾਂ ਦੱਸਿਆ ਕਿ ਗੱਡੀ ਅਤੇ ਟਰੈਕ ਨੂੰ ਵੀ ਕੋਈ ਬਹੁਤਾ ਨੁਕਸਾਨ ਨਹੀਂ ਪਹੁੰਚਿਆ | ਪੁਲਿਸ ਗਣਤੰਤਰ ਦਿਵਸ ਮੌਕੇ ਕਾਫ਼ੀ ਚੌਕਸ ਹੈ ਤੇ ਇਸ ਘਟਨਾ ਦੇ ਹਰ ਪਹਿਲੂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਡੀ.ਆਈ.ਜੀ. ਨਾਨਕ ਸਿੰਘ ਨੇ ਦੱਸਿਆ ਕਿ ਇਸ ਘਟਨਾ ਨੂੰ ਕਾਨੂੰਨ-ਵਿਵਸਥਾ ਨਾਲ ਜੋੜ ਕੇ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ | ਧਮਾਕੇ ਦੇ ਕਾਰਨਾਂ ਅਤੇ ਇਸ ਵਿਚ ਸ਼ਾਮਿਲ ਸ਼ਰਾਰਤੀ ਅਨਸਰਾਂ ਦੀ ਪਛਾਣ ਲਈ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ | ਸੁਰੱਖਿਆ ਏਜੰਸੀਆਂ ਵਲੋਂ ਰੇਲਵੇ ਟਰੈਕਾਂ ਦੀ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਗਈ ਹੈ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਰੇਲਵੇ ਦੀ ਫੁੱਟ ਪਲੇਟਿੰਗ ਗੱਡੀ (ਪੈਟਰੋਲਿੰਗ), ਜੋ ਕਿ ਮੰਡੀ ਗੋਬਿੰਦਗੜ੍ਹ ਤੋਂ ਸਰਹਿੰਦ ਵੱਲ ਆ ਰਹੀ ਸੀ ਅਤੇ ਜਦੋਂ ਉਹ ਰਾਤ ਪਿੰਡ ਖਾਨਪੁਰ ਨੇੜਲੇ ਰੇਲਵੇ ਟਰੈਕ, ਜੋ ਕਿ ਸਰਹਿੰਦ ਰੇਲਵੇ ਸਟੇਸ਼ਨ ਤੋਂ ਕਾਫ਼ੀ ਦੂਰ ਹੈ, 'ਤੇ ਪੁੱਜੀ ਤਾਂ ਉੱਥੇ ਇੱਕ ਲੋਅ ਇੰਟੈਸਟੀ ਧਮਾਕਾ ਹੋਇਆ ਜਿਸ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ | ਉਨ੍ਹਾਂ ਦੱਸਿਆ ਕਿ ਰੇਲਵੇ ਟਰੈਕ ਥੋੜ੍ਹਾ ਨੁਕਸਾਨਿਆ ਗਿਆ ਸੀ, ਪਰ ਹੁਣ ਉਸ ਨੂੰ ਦਰੁਸਤ ਕਰਵਾਇਆ ਜਾ ਚੁੱਕਾ ਹੈ ਤੇ ਰੇਲਵੇ ਆਵਾਜਾਈ ਆਮ ਵਾਂਗ ਚੱਲ ਰਹੀ ਹੈ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ, ਜੀ.ਆਰ.ਪੀ., ਆਰ. ਪੀ. ਐਫ., ਫੋਰੈਂਸਿਕ ਟੀਮਾਂ ਘਟਨਾ ਸਥਾਨ 'ਤੇ ਪੁੱਜੀਆਂ ਤੇ ਇਸ ਸੰਬੰਧੀ ਐਫ.ਆਈ.ਆਰ. ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮੌਕੇ ਕਪਤਾਨ ਪੁਲਿਸ (ਪੀ.ਬੀ.ਆਈ) ਜਸਕੀਰਤ ਅਹੀਰ, ਡੀ.ਐਸ.ਪੀ. ਕੁਲਵੀਰ ਸਿੰਘ ਸੰਧੂ ਤੇ ਹੋਰ ਪੁਲਿਸ ਅਧਿਕਾਰੀ, ਵੱਖ-ਵੱਖ ਜਾਂਚ ਏਜੰਸੀਆਂ ਦੇ ਅਧਿਕਾਰੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਵਿਖੇ ਆਰੰਭ ਹੋਏ ਸ਼ਹੀਦੀ ਸ਼ਤਾਬਦੀ ਸਮਾਗਮ <br/> ਅਗਲੀ ਖ਼ਬਰ ਪਿੰਡ ਅੱਟੀ ਵਿਖੇ ਜਾਗਰੂਕਤਾ ਕੈਂਪ ਲਗਾਇਆ <br/>
Ad Position 24
No active advertisement