ਐੱਸ. ਏ. ਐੱਸ. ਨਗਰ, 8 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿੱਦਿਅਕ ਸੈਸ਼ਨ 2025-26 ਦੀਆਂ 10ਵੀਂ ਤੇ 12ਵੀਂ ਸ਼੍ਰੇਣੀ ਦੀਆਂ ਸਾਲਾਨਾ ਪ੍ਰੀਖਿਆਵਾਂ (ਸਮੇਤ ਓਪਨ ਸਕੂਲ) ਦੇ ਨਤੀਜੇ ਜਾਰੀ ਕਰਨ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ | ਇਸ ਸੰਬੰਧੀ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਬੋਰਡ ਵਲੋਂ ਕਰਵਾਈ ਗਈ ਵਿੱਦਿਅਕ ਸੈਸ਼ਨ 2025-26 ਦੀ 10ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ 11 ਮਈ ਨੂੰ ਦੁਪਹਿਰ 12.30 ਵਜੇ ਬੋਰਡ ਦੇ ਮੀਟਿੰਗ ਰੂਮ ਵਿਖੇ ਐਲਾਨਿਆ ਜਾਵੇਗਾ, ਜਦਕਿ ਵਿੱਦਿਅਕ ਸੈਸ਼ਨ 2025-26 ਦੀ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ 13 ਮਈ ਨੂੰ ਐਲਾਨਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਚੇਅਰਮੈਨ ਡਾ. ਅਮਰਪਾਲ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਤੇ ਮਾਪਿਆਂ ਨੂੰ ਸਲਾਹ ਅਤੇ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕਰਨ ਲਈ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਤੋਂ ਪਹਿਲਾਂ ਟੋਲ-ਫ੍ਰੀ ਕਾਊਾਸਲਿੰਗ ਸੇਵਾ 'ਮਨ ਦੀ ਸਾਂਝ' ਸ਼ੁਰੂ ਕੀਤੀ ਹੈ | ਉਨ੍ਹਾਂ ਦੱਸਿਆ ਕਿ ਇਸ ਮਹੱਤਵਪੂਰਨ ਸਮੇਂ ਦੌਰਾਨ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਮਾਰਗਦਰਸ਼ਨ, ਭਾਵਨਾਤਮਕ ਸਹਾਇਤਾ, ਪ੍ਰੇਰਨਾ ਅਤੇ ਸਲਾਹ ਸੇਵਾਵਾਂ ਪ੍ਰਦਾਨ ਕਰਨ ਲਈ ਕੇਅਰ ਨਾਰਥ ਦੇ ਸਲਾਹਕਾਰਾਂ ਅਤੇ ਮਨੋਵਿਗਿਆਨੀਆਂ ਦੀ ਇਕ ਸਿਖਲਾਈ ਪ੍ਰਾਪਤ ਟੀਮ ਟੋਲ-ਫ੍ਰੀ ਹੈਲਪ ਲਾਈਨ ਨੰਬਰ 9549161161 'ਤੇ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਉਪਲੱਬਧ ਰਹੇਗੀ |