02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਪਾਰਟੀ ’ਚ ਕੋਈ ਧੜੇਬੰਦੀ ਨਹੀਂ, ਸਾਰੇ ਜਲਦ ਇਕ ਮੰਚ ’ਤੇ ਹੋਣਗੇ ਇਕੱਠੇ - ਭੁਪੇਸ਼ ਬਘੇਲ

Ad Position 21
No active advertisement
ਅਜੀਤ ਡੈਸਕ 11-07-2026

ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 10 ਜੁਲਾਈ - ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਜੋ ਪੰਜ ਦਿਨਾ ਪੰਜਾਬ ਦੌਰੇ ’ਤੇ ਹਨ, ਨਾਲ ਅੱਜ ‘ਅਜੀਤ’ ਵਲੋਂ ਵਿਸ਼ੇਸ਼ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਪਾਰਟੀ ਵਿਚ ਚੱਲ ਰਹੀ ਖਾਨਾਜੰਗੀ, ਲੀਡਰਸ਼ਿਪ ਬਦਲਾਅ ਨੂੰ ਲੈ ਕੇ ਹਾਈ ਕਮਾਨ ਦੇ ਫ਼ੈਸਲੇ, ਮੌਜੂਦਾ ਹਾਲਾਤ ਵਿਚ ਕਾਂਗਰਸ ਦੇ ਅੱਗੇ ਚੁਨੌਤੀਆਂ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਵਲੋਂ ਤਿਆਰ ਕੀਤੇ ਖਾਕੇ ਨੂੰ ਲੈ ਕੇ ਗੱਲਬਾਤ ਕੀਤੀ। ਪੰਜਾਬ ਕਾਂਗਰਸ ਵਿਚਲੀ ਧੜੇਬੰਦੀ ਨੂੰ ਲੈ ਕੇ ਕੀਤੇ ਸਵਾਲ ਦੇ ਜਵਾਬ ’ਚ ਭੁਪੇਸ਼ ਬਘੇਲ ਨੇ ਕਿਹਾ ਕਿ ਪੰਜ ਦਿਨ ਤੋਂ ਪੰਜਾਬ ਕਾਂਗਰਸ ਦੇ ਵੱਖੋ ਵੱਖਰੇ ਆਗੂਆਂ ਨਾਲ ਮੁਲਾਕਾਤ ਕਰ ਰਹੇ ਹਾਂ ਪਰ ਗੁੱਟਬਾਜ਼ੀ ਵਾਲੀ ਕੋਈ ਗੱਲ ਕਿਸੇ ਨੇ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਕਜੁੱਟ ਹਾਂ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਲਈ ਅੱਗੇ ਵਧ ਰਹੇ ਹਾਂ। ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ ਸਮੇਤ ਹੋਰ ਆਗੂਆਂ ਬਾਰੇ ਉਨ੍ਹਾਂ ਕਿਹਾ ਇਹ ਸਾਰੇ ਸੀਨੀਅਰ ਆਗੂ ਪਾਰਟੀ ਦੀ ਪੂੰਜੀ ਹਨ, ਸਾਰੇ ਆਗੂਆਂ ਨੂੰ ਹਾਈ ਕਮਾਨ ਵਲੋਂ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਕੱਲ੍ਹ ਇਨ੍ਹਾਂ ਸਾਰੇ ਆਗੂਆਂ ਦੇ ਨਾਲ ਮੇਰੀ ਮੁਲਾਕਾਤ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਾਕਾਤ ਪਹਿਲਾਂ ਅੱਜ ਹੋਣੀ ਸੀ ਜੋ ਕਿਸੇ ਕਾਰਨ ਨਹੀਂ ਹੋ ਸਕੀ ਪਰ ਕੱਲ੍ਹ (11 ਜੁਲਾਈ) ਮੁਲਾਕਾਤ ਯਕੀਨੀ ਤੌਰ ’ਤੇ ਹੋ ਜਾਵੇਗੀ, ਜਿਸ ਵਿਚ ਹਰ ਮਸਲੇ ਦਾ ਹੱਲ ਹੋ ਜਾਵੇਗਾ। ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰਨ ਲਈ ਕਈ ਆਗੂਆਂ ਨੇ ਲਾਮਬੰਦੀ ਕੀਤੀ ਸੀ ਤੇ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਤਾਰਨ ਲਈ ਉਹੀ ਕੁਝ ਹੋ ਰਿਹਾ ਹੈ, ਦੇ ਜਵਾਬ ’ਚ ਬਘੇਲ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਮਾਹੌਲ ਇਸ ਵੇਲੇ ਦਿਖ ਰਿਹਾ ਹੈ ਅਸਲ ਵਿਚ ਉਹ ਮਾਹੌਲ ਨਹੀਂ ਹੈ ਅਤੇ 2022 ਵੇਲੇ ਵੀ ਕੁਝ ਹੋਰ ਕਾਰਨ ਵੀ ਸੀ। ਅੱਜ ਦੇ ਮਾਹੌਲ ਦੀ ਉਸ ਵੇਲੇ ਦੇ ਹਾਲਾਤ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਕਿ ਉਸ ਵੇਲੇ ਰਾਇ ਸਲਾਹ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰਿਆ ਗਿਆ ਸੀ ਅਤੇ ਇਸ ਵਾਰ ਰਾਇ ਸਲਾਹ ਕਰਨ ਤੋਂ ਬਾਅਦ ਹੀ ਇਹ ਫ਼ੈਸਲਾ ਲਿਆ ਗਿਆ ਹੈ। ਹਾਈ ਕਮਾਨ ਵਲੋਂ ਇਸ ਦੇ ਬਾਅਦ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣੀਆਂ ਸੇਵਾਵਾਂ ਅੱਗੇ ਜਾਰੀ ਰੱਖਣ ਲਈ ਕਿਹਾ ਗਿਆ ਹੈ ਤੇ ਨਾਲ ਹੀ ਹਾਈ ਕਮਾਨ ਨੇ ਚੋਣ ਮੈਨੀਫੈਸਟੋ ਕਮੇਟੀ, ਕੋਰ ਕਮੇਟੀ ਸਮੇਤ ਕਈ ਹੋਰ ਕਮੇਟੀਆਂ ਬਣਾ ਕੇ ਸਾਰੀ ਲੀਡਰਸ਼ਿਪ ਨੂੰ ਹਦਾਇਤ ਦੇ ਦਿੱਤੀ ਹੈ ਕਿ ਹੁਣ ਸਾਰਿਆਂ ਨੇ ਇਕੱਠੇ ਹੋ ਕੇ ਚੋਣ ਮੈਦਾਨ ਵਿਚ ਉੱਤਰਨਾ ਹੈ। ਇਕ ਹੋਰ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਹਾਈ ਕਮਾਨ ਨੇ ਤਾਂ ਉਸ ਦਿਨ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਪ੍ਰਧਾਨ ਨਹੀਂ ਬਦਲੇਗਾ ਜਿਸ ਦਿਨ ਇਹ ਸੂਚੀ ਜਾਰੀ ਹੋ ਗਈ ਸੀ ਕਿ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਆਪਣੀਆਂ ਸੇਵਾਵਾਂ ਅੱਗੇ ਜਾਰੀ ਰੱਖਣਗੇ। ਪਰ ਜਦੋਂ ਮੀਡੀਆ ਵਿਚ ਇਸ ਗੱਲ ਦੀ ਚਰਚਾ ਛਿੜਨ ਲੱਗੀ ਤਾਂ ਮੈਂ ਵੀ ਸਪੱਸ਼ਟ ਕਰ ਦਿੱਤਾ ਕਿ ਇਹ ਗੁੱਡਾ-ਗੁੱਡੀ ਦਾ ਖੇਡ ਨਹੀਂ ਹੈ ਕਿ ਰੋਜ਼ ਰੋਜ਼ ਪ੍ਰਧਾਨ ਬਦਲੇ ਜਾਣ। ਉਨ੍ਹਾਂ ਕਿਹਾ ਕਿ ਪ੍ਰਧਾਨ ਹੁਣ ਨਹੀਂ ਬਦਲੇਗਾ ਇਹ ਤਾਂ ਹੈ ਪਰ ਮਸਲਾ ਵੀ ਹੱਲ ਕਰ ਦਿੱਤਾ ਜਾਵੇਗਾ ਕਿਉਂਕਿ ਚਾਹੇ ਪਾਰਟੀ ਦੇ ਆਗੂ ਹੋਣ ਚਾਹੇ ਪੰਜਾਬ ਦੇ ਲੋਕ ਹੋਣ, ਉਹ ਸਾਰੇ ਚਾਹੁੰਦੇ ਹਨ ਕਿ ‘ਆਪ’ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਹੁਣ ਬਦਲਣਾ ਚਾਹੀਦਾ ਹੈ ਅਤੇ ਸਾਰੇ ਹੀ ਆਗੂ ਚਾਹੁੰਦੇ ਹਨ ਕਿ ਇਸ ਬਦਲਾਅ ਵਿਚ ਉਨ੍ਹਾਂ ਸਾਰਿਆਂ ਦੀ ਭੂਮਿਕਾ ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਯੱਗ ਹੁੰਦਾ ਤਾਂ ਸਾਰੇ ਆਪੋ ਆਪਣੀ ਆਹੂਤੀ ਉਸ ਵਿਚ ਪਾਉਣਾ ਚਾਹੁੰਦੇ ਹਨ ਤਾਂ ਪੰਜਾਬ ਦੀ ਸਰਕਾਰ ਨੂੰ ਬਦਲਣ ਲਈ ਹੁਣ ਹੋਣ ਜਾ ਰਹੇ ਮਹਾਂਯੱਗ ਵਿਚ ਇਹ ਸਾਰੇ ਆਗੂ ਆਪਣੀ ਅਹੂਤੀ ਪਾਉਣਾ ਚਾਹੁੰਦੇ ਹਨ। ਬਘੇਲ ਨੇ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਤੋਂ ਹੀ ਮਨ ਬਣਾ ਚੁੱਕੇ ਹਨ ਕਿ ‘ਆਪ’ ਨੂੰ ਚਲਦਾ ਕਰਨਾ ਤੇ ਕਾਂਗਰਸ ਨੂੰ ਮੌਕਾ ਦੇਣਾ ਹੈੇ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਕਮੇਟੀਆਂ ਦੇ ਨਾਲ ਚੋਣ ਮੈਨੀਫੈਸਟੋ ਕਮੇਟੀ ਵੀ ਬਣੀ ਹੈ ਅਤੇ ਪੰਜਾਬ ਦੇ ਲੋਕਾਂ ਦੀ ਰਾਇ ਲੈਣ ਲਈ ਉਨ੍ਹਾਂ ਤੱਕ ਸਾਰੀ ਲੀਡਰਸ਼ਿਪ ਪਹੁੰਚ ਕਰੇਗੀੇ। ਕਿਸਾਨਾਂ, ਵਪਾਰੀਆਂ, ਨੌਜਵਾਨਾਂ, ਮਜ਼ਦੂਰਾਂ ਨਾਲ ਮੁਲਾਕਾਤ ਕਰ ਕੇ ਹਰ ਹਲਕੇ ਵਿਚ ਲੀਡਰਸ਼ਿਪ ਲੋਕਾਂ ਦੀ ਰਾਇ ਇਕੱਠੀ ਕਰੇਗੀ ਅਤੇ ਇਸ ’ਤੇ ਚਰਚਾ ਤੋਂ ਬਾਅਦ ਹੀ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੈਂਗਸਟਰਵਾਦ, ਨਸ਼ੇ, ਭ੍ਰਿਸ਼ਟਾਚਾਰ, ਕਾਨੂੰਨ ਵਿਵਸਥਾ, ਬੇਰੁਜ਼ਗਾਰੀ ਦੇ ਮੁੱਦੇ ਅਹਿਮ ਹਨ, ਜਿਨ੍ਹਾਂ ਨੂੰ ਲੈ ਕੇ ਲੋਕਾਂ ਵਿਚ ਉੱਤਰਿਆ ਜਾਵੇਗਾ। ਇਕ ਹੋਰ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਆਪਣੇ ਚੋਣ ਮਨੋਰਥ ਪੱਤਰ ਵਿਚ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਸਰਕਾਰ ਬਣਦੇ ਹੀ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਮਿਲਣਗੇ, ਜਿਸ ਹਿਸਾਬ ਨਾਲ ਹੁਣ 51 ਹਜ਼ਾਰ ਰੁਪਏ ਦਿੱਤੇ ਜਾਣੇ ਚਾਹੀਦੇ ਸਨ ਪਰ ਸਰਕਾਰ ਨੇ ਆਪਣਾ ਕਾਰਜਕਾਲ ਮੁੱਕਣ ਦੇ ਕੁਝ ਮਹੀਨੇ ਪਹਿਲਾਂ ਔਰਤਾਂ ਨੂੰ ਪੈਸੇ ਦੇ ਕੇ ਖਾਨਾ ਪੂਰਤੀ ਕੀਤੀ ਹੈ। ਸਰਕਾਰ ਨੂੰ 51 ਮਹੀਨਿਆਂ ਦਾ ਹਿਸਾਬ ਵੀ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਪਾਰਟੀ ਨੂੰ ਕਮਜ਼ੋਰ ਨਹੀਂ ਸਮਝ ਰਹੇ ਪਰ ਇਸ ਵਾਰ ਮੁਕਾਬਲਾ ਦਿਲਚਸਪ ਹੋਵੇਗਾ ਕਿਸੇ ਹਲਕੇ ਵਿਚ ਤਿਕੋਣਾ ਮੁਕਾਬਲਾ ਹੋਵੇਗਾ, ਕਿਤੇ ਪੰਜ ਕੋਣਾ ਮੁਕਾਬਲਾ ਹੋਵੇਗਾ, ਕਿਤੇ ਭਾਜਪਾ ਦੇ ਨਾਲ ਟੱਕਰ ਹੋਵੇਗੀ ਅਤੇ ਕਿਸੇ ਹਲਕੇ ਵਿਚ ਅਕਾਲੀ ਦਲ ਨਾਲ ਟੱਕਰ ਹੋਵੇਗੀ। ਰਾਜਾ ਵੜਿੰਗ ਦੇ ਬਿਆਨ ਕਿ ਵਿਧਾਨ ਸਭਾ ਚੋਣਾਂ ’ਚ 70 ਦੇ ਕਰੀਬ ਉਮੀਦਵਾਰ ਬਦਲੇ ਜਾ ਸਕਦੇ ਹਨ? ਬਾਰੇ ਬਘੇਲ ਨੇ ਕਿਹਾ ਕਿ ਇਹ ਕੋਈ ਰਾਜਾ ਵੜਿੰਗ ਦਾ ਆਪਣਾ ਬਿਆਨ ਨਹੀਂ ਸੀ, ਸਗੋਂ ਇਹ ਪਾਰਟੀ ਵਲੋਂ ਤੈਅ ਕੀਤਾ ਗਿਆ ਸੀ ਕਿ 50 ਫ਼ੀਸਦੀ ਦੇ ਕਰੀਬ ਸੀਟਾਂ ਨੌਜਵਾਨਾਂ, ਔਰਤਾਂ ਅਤੇ ਹਰ ਵਰਗ ਦੇ ਨੌਜਵਾਨ ਉਮੀਦਵਾਰਾਂ ਨੂੰ ਦਿੱਤੀਆਂ ਜਾਣ। ਇਸ ਵਿਚ ਐਸ.ਸੀ., ਐਸ.ਟੀ., ਓ.ਬੀ.ਸੀ. ਅਤੇ ਹੋਰ ਵਰਗਾਂ ਨੂੰ ਵੀ ਜਗ੍ਹਾ ਦਿੱਤੀ ਜਾਣੀ ਹੈ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਹਾਈ ਕੋਰਟ ਵਲੋਂ ਰਾਜਪਾਲ ਯਾਦਵ ਨੂੰ ਜੇਲ੍ਹ ਭੇਜਣ ਦਾ ਹੁਕਮ ਅਗਲੀ ਖ਼ਬਰ ਹੁਣ ਬਿਨਾਂ ਡਾਕਟਰ ਦੀ ਪਰਚੀ ਤੋਂ ਨਹੀਂ ਮਿਲਣਗੀਆਂ 12 ਫ਼ੀਸਦੀ ਤੋਂ ਵੱਧ ਅਲਕੋਹਲ ਵਾਲੀਆਂ ਦਵਾਈਆਂ
Ad Position 24
No active advertisement