ਟਰੰਪ ਦੀ ਹੱਤਿਆ ਦੀ ਸਾਜਿਸ਼ ਬਾਰੇ ਖੁਫੀਆ ਜਾਣਕਾਰੀ ਨਾਲ ਤਣਾਅ ਹੋਰ ਵਧਿਆ
ਅਜੀਤ ਡੈਸਕ
11-07-2026
ਤਹਿਰਾਨ, 10 ਜੁਲਾਈ (ਏਜੰਸੀ)-ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਇਕ ਵਾਰ ਫਿਰ ਵਧਦਾ ਨਜ਼ਰ ਆ ਰਿਹਾ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਈਰਾਨ ਦੇ ਕੁਝ ਇਲਾਕਿਆਂ ’ਚ ਅਣਪਛਾਤੇ ਹਵਾਈ ਹਮਲੇ ਹੋਏ ਹਨ, ਜਿਨ੍ਹਾਂ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਵੀ ਦੇਸ਼ ਜਾਂ ਸੰਗਠਨ ਨੇ ਨਹੀਂ ਲਈ ਹੈ। ਇਨ੍ਹਾਂ ਹਮਲਿਆਂ ਕਾਰਨ ਖੇਤਰ ’ਚ ਸੁਰੱਖਿਆ ਚਿੰਤਾਵਾਂ ਵਧ ਗਈਆਂ ਹਨ ਤੇ ਸਥਿਤੀ ‘ਤੇ ਅੰਤਰਰਾਸ਼ਟਰੀ ਭਾਈਚਾਰੇ ਦੀ ਨਜ਼ਰ ਬਣੀ ਹੋਈ ਹੈ। ਇਸੇ ਦੌਰਾਨ ਅਮਰੀਕੀ ਤੇ ਇਜ਼ਰਾਈਲੀ ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਇਜ਼ਰਾਈਲ ਨੇ ਅਮਰੀਕਾ ਨਾਲ ਅਜਿਹੀ ਖੁਫੀਆ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ’ਚ ਈਰਾਨ ਵਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੱਤਿਆ ਦੀ ਇਕ ਨਵੀਂ ਸਾਜਿਸ਼ ਦਾ ਜ਼ਿਕਰ ਹੈ। ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਹੋ ਸਕੀ ਤੇ ਨਾ ਹੀ ਈਰਾਨ ਵਲੋਂ ਇਸ ਬਾਰੇ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਆਈ ਹੈ। ਅਮਰੀਕੀ ਸੁਰੱਖਿਆ ਏਜੰਸੀਆਂ ਇਸ ਜਾਣਕਾਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰ ਰਹੀਆਂ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਜਿਹੀਆਂ ਰਿਪੋਰਟਾਂ ਖੇਤਰ ਵਿੱਚ ਪਹਿਲਾਂ ਤੋਂ ਮੌਜੂਦ ਤਣਾਅ ਨੂੰ ਹੋਰ ਵਧਾ ਸਕਦੀਆਂ ਹਨ ਤੇ ਕੂਟਨੀਤਿਕ ਕੋਸ਼ਿਸ਼ਾਂ ‘ਤੇ ਵੀ ਅਸਰ ਪੈ ਸਕਦਾ ਹੈ।