ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਭੁਪੇਸ਼ ਬਘੇਲ ਨਾਲ ਮੁਲਾਕਾਤ ਤੋਂ ਬਾਅਦ ਦੋਵਾਂ ਧੜਿਆਂ ਵਿਚਾਲੇ ਖ਼ਾਨਾਜੰਗੀ ਹੋਰ ਵਧਣ ਦੇ ਆਸਾਰ

Ad Position 21
No active advertisement
ਅਜੀਤ ਡੈਸਕ 13-07-2026
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 12 ਜੁਲਾਈ -ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ 6 ਦਿਨਾਂ ਦੌਰੇ ਤੋਂ ਬਾਅਦ ਵਾਪਸ ਪਰਤ ਗਏ ਹਨ ਪਰ ਪੰਜਾਬ ਕਾਂਗਰਸ ਵਿਚਾਲੇ ਛਿੜੀ ਖਾਨਾਜੰਗੀ ਮੁਕਾਉਣ ਵਿਚ ਉਹ ਸਫਲ ਨਹੀਂ ਹੋ ਸਕੇ । ਭੁਪੇਸ਼ ਬਘੇਲ ਦੇ ਵਾਪਸ ਪਰਤਣ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਵਿਚਾਲੇ ਛਿੜਿਆ ਕਲੇਸ਼ ਹੋਰ ਵਧਣ ਦੀ ਸੰਭਾਵਨਾ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਨੀ-ਰੰਧਾਵਾ ਧੜਾ ਇਸ ਮਾਮਲੇ ਵਿਚ ਆਰ-ਪਾਰ ਦੀ ਲੜਾਈ ਦੇ ਰੌਂਅ ’ਚ ਨਜ਼ਰ ਆ ਰਿਹਾ ਹੈ। ਬੀਤੇ ਕੱਲ੍ਹ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੀ ਨਾਰਾਜ਼ ਧੜੇ ਨਾਲ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਹੁਣ ਹੋਰ ਗੰਭੀਰ ਮੋੜ ’ਤੇ ਪਹੁੰਚਦਾ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਨਾਰਾਜ਼ਗੀ ਤੋਂ ਬਾਅਦ ਹੁਣ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਪਾਰਟੀ ਦੇ ਸੀਨੀਅਰ ਆਗੂਆਂ ਦਾ ਇਕ ਧੜਾ ਜਲਦ ਹੀ ਕਾਂਗਰਸ ਹਾਈਕਮਾਨ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਰੱਖਣ ਦੀ ਤਿਆਰੀ ਵਿਚ ਲਗ ਗਿਆ ਹੈ ਅਤੇ ਇਸ ਮੁਲਾਕਾਤ ਦੌਰਾਨ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਹਟਾਉਣ ਦੇ ਨਾਲ-ਨਾਲ ਇੰਚਾਰਜ ਖ਼ਿਲਾਫ਼ ਵੀ ਮੋਰਚਾ ਖੋਲ੍ਹਿਆ ਜਾ ਸਕਦਾ ਹੈ। ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਈਕਮਾਨ ਨੇ ਭੁਪੇਸ਼ ਬਘੇਲ ਨੂੰ ਪੰਜਾਬ ਕਾਂਗਰਸ ਆਗੂਆਂ ਵਿਚਾਲੇ ਪੈਦਾ ਹੋਈ ਨਾਰਾਜ਼ਗੀ ਦੂਰ ਕਰਨ ਲਈ ਭੇਜਿਆ ਸੀ ਜਾਂ ਫਿਰ ਮੌਜੂਦਾ ਪ੍ਰਧਾਨ ਲਈ ਸਮਰਥਨ ਜੁਟਾਉਣ ਲਈ। ਉਨ੍ਹਾਂ ਕਿਹਾ ਕਿ ਭੁਪੇਸ਼ ਬਘੇਲ ਵਲੋਂ ਆਪਣੀ ਫੇਰੀ ਦੌਰਾਨ ਸਿਰਫ ਰਾਜਾ ਵੜਿੰਗ ਦੀ ਗੱਡੀ ਦੀ ਸਵਾਰੀ ਅਤੇ ਉਸ ਦੇ ਸਮਰਥਕਾਂ ਦੇ ਘਰ ਖਾਣਾ ਖਾਣ ਤੋਂ ਇਲਾਵਾ ਕੀ ਕੀਤਾ ਗਿਆ ਹੈ, ਇਸ ਦੀ ਜਾਣਕਾਰੀ ਵੀ ਹਾਈਕਮਾਨ ਨੂੰ ਦਿੱਤੀ ਜਾਵੇਗੀ। ਇਸੇ ਆਗੂ ਨੇ ਕਿਹਾ ਕਿ ਭੁਪੇਸ਼ ਬਘੇਲ ਨੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਸਿਰਫ ਇਕ ਹੀ ਨੇਤਾ ਦੇ ਇੰਚਾਰਜ ਹਨ ਅਤੇ ਉਸ ਨੂੰ ਬਚਾਉਣ ਲਈ ਉਥੇ ਆਏ ਹਨ, ਨਾ ਕਿ ਸਾਰਿਆਂ ਦੀ ਨਾਰਾਜ਼ਗੀ ਦੂਰ ਕਰਕੇ ਕਾਂਗਰਸ ਨੂੰ ਤਕੜਾ ਕਰਨ। ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਭੁਪੇਸ਼ ਬਘੇਲ ਨੂੰ ਇਹ ਸਪੱਸ਼ਟ ਸੰਦੇਸ਼ ਦੇ ਦਿੱਤਾ ਕਿ ਉਨ੍ਹਾਂ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਨ ਵਿਚ ਕੋਈ ਦਿਲਚਸਪੀ ਨਹੀਂ ਹੈ ਅਤੇ ਉਨ੍ਹਾਂ ਨੇ ਇਹ ਗੱਲ ਪਹਿਲਾਂ ਹੀ ਹਾਈਕਮਾਨ ਅੱਗੇ ਸਾਫ ਕਰ ਦਿੱਤੀ ਸੀ। ਹੁਣ ਇਹ ਵੀ ਕਹਿ ਦਿੱਤਾ ਕਿ ਉਹ ਸਾਬਕਾ ਮੁੱਖ ਮੰਤਰੀ ਦੇ ਤੌਰ ’ਤੇ ਹੀ ਪ੍ਰਚਾਰ ਕਰ ਲੈਣਗੇ। ਸੂਤਰਾਂ ਮੁਤਾਬਕ ਚਰਨਜੀਤ ਸਿੰਘ ਚੰਨੀ ਸਮੇਤ ਕਈ ਸੀਨੀਅਰ ਆਗੂ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਨਾਲ ਮੁਲਾਕਾਤ ਕਰਨ ਦੀ ਤਿਆਰੀ ਵਿਚ ਹਨ। ਇਸ ਦੌਰਾਨ ਉਹ ਸਿਰਫ਼ ਰਾਜਾ ਵੜਿੰਗ ਦੀ ਕਾਰਗੁਜ਼ਾਰੀ ਹੀ ਨਹੀਂ, ਸਗੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦੀ ਭੂਮਿਕਾ ’ਤੇ ਵੀ ਆਪਣਾ ਪੱਖ ਰੱਖ ਕੇ ਉਨ੍ਹਾਂ ਖ਼ਿਲਾਫ਼ ਵੀ ਆਪਣੀ ਨਾਰਾਜ਼ਗੀ ਜਤਾਉਣਗੇ। ਸੂਤਰਾਂ ਅਨੁਸਾਰ ਨਾਰਾਜ਼ ਧੜੇ ਦਾ ਮੰਨਣਾ ਹੈ ਕਿ ਪੰਜਾਬ ਦੇ ਇੰਚਾਰਜ ਹੋਣ ਨਾਤੇ ਭੁਪੇਸ਼ ਬਘੇਲ ਨੂੰ ਸਾਰੇ ਆਗੂਆਂ ਦੀ ਗੱਲ ਬਰਾਬਰੀ ਨਾਲ ਸੁਣਨੀ ਚਾਹੀਦੀ ਸੀ, ਜੋ ਉਨ੍ਹਾਂ ਵਲੋਂ ਨਹੀਂ ਕੀਤਾ ਗਿਆ । ਨਾਰਾਜ਼ ਧੜਾ ਇਸ ਗੱਲ ਦੀ ਤਿਆਰੀ ਵੀ ਕਰ ਰਿਹਾ ਹੈ ਕਿ ਹਾਈਕਮਾਨ ਨੂੰ ਇਹ ਜਾਣਕਾਰੀ ਵੀ ਦਿੱਤੀ ਜਾਵੇਗੀ ਕਿ ਨੂੰ ਭੁਪੇਸ਼ ਬਘੇਲ ਵਲੋਂ ਸਿਰਫ ਇਕ ਧਿਰ ਨੂੰ ਵੱਧ ਤਰਜੀਹ ਦਿੱਤੀ ਗਈ, ਜਿਸ ਨਾਲ ਅਸੰਤੁਸ਼ਟੀ ਹੋਰ ਵਧੀ ਅਤੇ ਵਿਵਾਦ ਖਤਮ ਹੋਣ ਦੀ ਬਜਾਏ ਹੋਰ ਡੂੰਘਾ ਹੋ ਗਿਆ। ਸੂਤਰ ਇਹ ਵੀ ਦੱਸਦੇ ਹਨ ਕਿ ਦਿੱਲੀ ਵੱਲ ਰੁਖ ਕਰਨ ਤੋਂ ਪਹਿਲਾਂ ਚੰਨੀ, ਰੰਧਾਵਾ ਧੜਾ ਇਕ ਮੀਟਿੰਗ ਹੋਰ ਵੀ ਸੱਦ ਸਕਦਾ ਹੈ, ਜਿਸ ਵਿਚ ਇਸ ਗੱਲ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਕਿ ਹਾਈਕਮਾਨ ਕੋਲ ਪੰਜਾਬ ਲਈ ਨਵੇਂ ਇੰਚਾਰਜ ਦੀ ਨਿਯੁਕਤੀ ਦਾ ਮੁੱਦਾ ਵੀ ਉਠਾਇਆ ਜਾਵੇ। ਨਾਰਾਜ਼ ਧੜਾ ਹਾਈਕਮਾਨ ਅੱਗੇ ਇਹ ਗੱਲ ਵੀ ਰੱਖੇਗਾ ਕਿ ਪੰਜਾਬ ਲਈ ਅਜਿਹਾ ਆਗੂ ਲਗਾਇਆ ਜਾਵੇ, ਜੋ ਪਾਰਟੀ ਦੇ ਸਾਰੇ ਧੜਿਆਂ ਨਾਲ ਨਿਰਪੱਖ ਢੰਗ ਨਾਲ ਗੱਲਬਾਤ ਕਰ ਸਕੇ ਅਤੇ ਅੰਦਰੂਨੀ ਗੁੱਟਬਾਜ਼ੀ ਤੇ ਨਾਰਾਜ਼ਗੀ ਨੂੰ ਘਟਾਉਣ ਵਿਚ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕੇ। ਉਧਰ ਪੰਜਾਬ ਕਾਂਗਰਸ ਵਿਚ ਬਣੇ ਹਾਲਾਤ ਦੇ ਮੱਦੇਨਜ਼ਰ ਹੁਣ ਸਾਰਿਆਂ ਦੀਆਂ ਨਜ਼ਰਾਂ ਹਾਈਕਮਾਨ ਦੇ ਅਗਲੇ ਕਦਮ ’ਤੇ ਟਿੱਕੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਲਿਆ ਗਿਆ ਫੈਸਲਾ ਨਾ ਸਿਰਫ਼ ਮੌਜੂਦਾ ਵਿਵਾਦ ਦਾ ਰੁਖ ਤੈਅ ਕਰੇਗਾ, ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਮੌਜੂਦਾ ਹਾਲਾਤ ਅਤੇ ਲੋਕਾਂ ਵਿਚਲੇ ਆਧਾਰ ਨੂੰ ਵੀ ਪ੍ਰਭਾਵਿਤ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ਕਤਰ ਦੇ ਸਾਬਕਾ ਸ਼ਾਸਕ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦਾ ਦਿਹਾਂਤ ਅਗਲੀ ਖ਼ਬਰ ਤਾਜ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Ad Position 24
No active advertisement