02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਨੀਟ ’ਤੇ ਚਰਚਾ ਲਈ ਤਿਆਰ-ਸੜਕਾਂ ’ਤੇ ਪ੍ਰਦਰਸ਼ਨ ਦਾ ਕੋਈ ਫਾਇਦਾ ਨਹੀਂ-ਸਰਕਾਰ

Ad Position 21
No active advertisement
ਅਜੀਤ ਡੈਸਕ 23-07-2026

* ਸੰਸਦ ’ਚ ਰੇੜਕਾ ਬਰਕਰਾਰ, ਕਾਲੇ ਕੱਪੜੇ ਪਾ ਕੇ ਪੁੱਜੇ ਵਿਰੋਧੀ ਧਿਰਾਂ ਦੇ ਆਗੂ * ਕਿਹਾ, ਸਿੱਖਿਆ ਮੰਤਰੀ ਪ੍ਰਧਾਨ ਅਸਤੀਫ਼ਾ ਦੇਣ, ਫਿਰ ਕਰਾਂਗੇ ਚਰਚਾ
ਨਵੀਂ ਦਿੱਲੀ, 22 ਜੁਲਾਈ (ਪੀ.ਟੀ.ਆਈ.)-ਨੀਟ ਪੇਪਰ ਲੀਕ ਮਾਮਲਾ ਅਤੇ ਕਾਕਰੋਚ ਜਨਤਾ ਪਾਰਟੀ ਦੇ ਸਮਰਥਕਾਂ ’ਤੇ ਪੁਲਿਸ ਕਾਰਵਾਈ ਦੇ ਮੁੱਦੇ ’ਤੇ ਮੌਨਸੂਨ ਇਜਲਾਸ ਦੇ ਤੀਸਰੇ ਦਿਨ ਵੀ ਸੰਸਦ ਠੱਪ ਰਹੀ। ਵਿਰੋਧ ਪ੍ਰਦਰਸ਼ਨ ਵਜੋਂ ਸੰਸਦ ਦੇ ਅੰਦਰ ਕਾਲੇ ਕੱਪੜੇ ਪਾ ਕੇ ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਪਾਰਟੀਆਂ ਨੇ ਬੁੱਧਵਾਰ ਨੂੰ ਫਿਰ ਤੋਂ ਕੇਂਦਰ ’ਤੇ ਹਾਲ ਹੀ ਦੇ ਪ੍ਰਦਰਸ਼ਨਾਂ ਦੌਰਾਨ ਵਿਦਿਆਰਥੀਆਂ ਅਤੇ ਸੰਸਦ ਮੈਂਬਰਾਂ ਨਾਲ ਕਥਿਤ ਧੱਕਾਮੁੱਕੀ ਨੂੰ ਲੈ ਕੇ ਹਮਲਾ ਬੋਲਿਆ। ਕਾਂਗਰਸ ਦੇ ਸੰਸਦ ਮੈਂਬਰਾਂ ਨੇ ਦੋਵਾਂ ਸਦਨਾਂ ਵਿਚ ਨੀਟ ਪੇਪਰ ਲੀਕ, ਵਿਦਿਆਰਥੀਆਂ ’ਤੇ ਪੁਲਿਸ ਕਾਰਵਾਈ ਅਤੇ ਪ੍ਰੀਖਿਆ ਸੰਕਟ ’ਤੇ ਚਰਚਾ ਦੀ ਮੰਗ ਕਰਦਿਆਂ ਨੋਟਿਸ ਦਿੱਤੇ। ਸੰਸਦ ਦੇ ਦੋਵਾਂ ਸਦਨਾਂ ’ਚ ਹੰਗਾਮੇ ਕਾਰਨ ਕਾਰਵਾਈ ਵੀਰਵਾਰ ਤੱਕ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਉਹ ਸਦਨ ’ਚ ਨੀਟ ਪੇਪਰ ਲੀਕ ਮਾਮਲੇ ’ਚ ਚਰਚਾ ਉਦੋਂ ਹੀ ਕਰਨਗੇ, ਜਦੋਂ ਸਿੱਖਿਆ ਮੰਤਰੀ ਅਸਤੀਫ਼ਾ ਦੇਣਗੇ। ਉਧਰ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਲੋਕ ਸਭਾ ’ਚ ਕਿਹਾ ਕਿ ਸਰਕਾਰ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਨੀਟ ਪੇਪਰ ਲੀਕ ਮਾਮਲੇ ’ਤੇ ਚਰਚਾ ਦੀ ਪੇਸ਼ਕਸ਼ ਕਰ ਰਹੀ ਹੈ। ਪਰ ਵਿਰੋਧੀ ਇਸ ਮੁੱਦੇ ’ਤੇ ਰਾਜਨੀਤੀ ਕਰ ਰਹੇ ਹਨ।
ਲੋਕ ਸਭਾ ’ਚ ਹੰਗਾਮਾ
ਅੱਜ ਵੀ ਹੰਗਾਮੇ ਕਾਰਨ ਲੋਕ ਸਭਾ ’ਚ ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ ਨਹੀਂ ਹੋ ਸਕਿਆ ਅਤੇ ਸਦਨ ਦੀ ਕਾਰਵਾਈ ਨੂੰ ਦੋ ਵਾਰ ਮੁਲਤਵੀ ਕਰਨ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤਾ ਗਿਆ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ ਵਿਰੋਧੀ ਪਾਰਟੀਆਂ ਦੇ ਮੈਂਬਰ ਕਾਲੇ ਕੱਪੜੇ ਪਾ ਕੇ ਸਦਨ ’ਚ ਪੁੱਜੇ ਸਨ। ਸਪੀਕਰ ਓਮ ਬਿਰਲਾ ਨੇ ਕਾਂਗਰਸ ਦੇ ਕੇ.ਸੀ. ਵੇਣੂਗੋਪਾਲ ਨੂੰ ਬੋਲਣ ਦੀ ਆਗਿਆ ਦਿੱਤੀ। ਵੇਣੂਗੋਪਾਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਵਿਰੋਧੀ ਪਾਰਟੀਆਂ ਅਤੇ ਵਿਦਿਆਰਥੀਆਂ ਨਾਲ ਪੁਲਿਸ ਵਿਵਹਾਰ ਕਰ ਰਹੀ ਹੈ, ਉਹ ਸਹੀ ਨਹੀਂ ਹੈ। ਉਨ੍ਹਾਂ ਦੀ ਮੰਗ ਹੈ ਕਿ ਪਹਿਲਾਂ ਸਿੱਖਿਆ ਮੰਤਰੀ ਅਸਤੀਫ਼ਾ ਦੇਣ ਉਸ ਦੇ ਬਾਅਦ ਸਦਨ ’ਚ ਪੇਪਰ ਲੀਕ ਮੁੱਦੇ ’ਤੇ ਚਰਚਾ ਕਰਵਾਈ ਜਾਵੇ। ਜੇਕਰ ਸਰਕਾਰ ਉਨ੍ਹਾਂ ਦੀ ਮੰਗ ਸਵੀਕਾਰ ਕਰਦੀ ਹੈ ਤਾਂ ਉਹ ਚਰਚਾ ਲਈ ਤਿਆਰ ਹਨ। ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਨੇ ਕਿਹਾ ਕਿ ਪੇਪਰ ਲੀਕ ਮਾਮਲਾ ਕਾਂਗਰਸ, ਭਾਜਪਾ ਅਤੇ ਸਪਾ ਦਾ ਨਹੀਂ ਹੈ। ਇਹ ਸਾਰੇ ਲੋਕਾਂ ਨਾਲ ਜੁੜਿਆ ਮਾਮਲਾ ਹੈ। ਪ੍ਰਧਾਨ ਮੰਤਰੀ ਸਦਨ ਦੇ ਬਾਹਰ ਬਿਆਨ ਦੇ ਸਕਦੇ ਹਨ ਤਾਂ ਸਦਨ ’ਚ ਆ ਕੇ ਇਸ ਮੁੱਦੇ ’ਤੇ ਕਿਉਂ ਨਹੀਂ ਬੋਲ ਸਕਦੇ। ਇਸ ਦੇ ਬਾਅਦ ਸਪੀਕਰ ਨੇ ਕਿਹਾ ਕਿ ਚਰਚਾ ਕਦੋਂ ਕਰਨੀ ਹੈ, ਕਿੰਨੀ ਦੇਰ ਕਰਨੀ ਹੈ। ਇਹ ਗੱਲਬਾਤ ’ਚ ਤੈਅ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਚਰਚਾ ਲਈ ਤਿਆਰ ਹੈ। ਸਪੀਕਰ ਦੀ ਅਪੀਲ ਦੇ ਬਾਵਜੂਦ ਸਦਨ ’ਚ ਹੰਗਾਮਾ ਜਾਰੀ ਰਿਹਾ।
ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਨੀਟ ਪੇਪਰ ਲੀਕ ਮਾਮਲੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਕਾਲੇ ਕੱਪੜੇ ਪਾ ਕੇ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਵਿਰੁੱਧ ਪੁਲਿਸ ਕਾਰਵਾਈ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ। ਇਸ ਮੌਕੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ, ਕੇ.ਸੀ. ਵੇਣੂਗੋਪਾਲ, ਗੌਰਵ ਗੋਗੋਈ, ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਜੀਤ ਸਿੰਘ ਔਜਲਾ, ਅਖਿਲੇਸ਼ ਯਾਦਵ, ਸੌਗਤ ਰਾਏ, ਦੀਪੇਂਦਰ ਸਿੰਘ ਹੁੱਡਾ ਅਤੇ ਹੋਰ ਆਗੂ ਹਾਜ਼ਰ ਸਨ। ਵਿਰੋਧ ਪ੍ਰਦਰਸ਼ਨ ਦੌਰਾਨ ਕਾਂਗਰਸ, ਸਪਾ, ਖੱਬੇ ਪੱਖੀ ਪਾਰਟੀਆਂ, ਆਰ.ਜੇ.ਡੀ, ਟੀ.ਐਮ.ਸੀ, ਜੇ.ਐਮ.ਐਮ. ਅਤੇ ਹੋਰ ਪਾਰਟੀਆਂ ਦੇ ਸੰਸਦ ਮੈਂਬਰ ਮੌਜੂਦ ਸਨ ਅਤੇ ਉਨ੍ਹਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਦੇ ਚੈਂਬਰ ’ਚ ‘ਇੰਡੀਆ ਗੱਠਜੋੜ’ ਦੇ ਮੈਂਬਰਾਂ ਨੇ ਇਕ ਰਣਨੀਤਕ ਮੀਟਿੰਗ ਵੀ ਕੀਤੀ।
ਸੜਕਾਂ ’ਤੇ ਪ੍ਰਦਰਸ਼ਨ ਦਾ ਕੋਈ ਫਾਇਦਾ ਨਹੀਂ- ਰਿਜਿਜੂ
ਨੀਟ ਪੇਪਰ ਲੀਕ ਮਾਮਲੇ ’ਚ ਵਿਰੋਧੀਆਂ ਦੇ ਹੰਗਾਮੇ ਦਰਮਿਆਨ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਇਸ ਮਾਮਲੇ ’ਤੇ ਲੋਕ ਸਭਾ ’ਚ ਵਿਸਥਾਰ ਨਾਲ ਚਰਚਾ ਲਈ ਤਿਆਰ ਹੈ, ਨਾਲ ਹੀ ਇਹ ਵੀ ਸਪੱਸ਼ਟ ਕੀਤਾ ਕਿ ਸੜਕਾਂ ’ਤੇ ਵਿਰੋਧ ਪ੍ਰਦਰਸ਼ਨ ਦਾ ਕੋਈ ਨਤੀਜਾ ਨਹੀਂ ਨਿਕਲੇਗਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਵਿਸਥਾਰ ’ਚ ਚਰਚਾ ਲਈ ਤਿਆਰ ਹੈ, ਕਿਉਂਕਿ ਲੋਕਾਂ ਨੂੰ ਸਰਕਾਰ ਵਲੋਂ ਚੁੱਕੇ ਕਦਮਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਵਿਰੋਧੀਆਂ ’ਤੇ ਸੰਸਦ ’ਚ ਬਹਿਸ ਕਰਨ ਦੀ ਬਜਾਏ ਸੜਕਾਂ ’ਤੇ ਉਤਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਨੌਜਵਾਨਾਂ ਨਾਲ ਜੁੜੇ ਸੰਵੇਦਨਸ਼ੀਲ ਮੁੱਦਿਆਂ ’ਤੇ ਸੰਸਦ ’ਚ ਚਰਚਾ ਹੋਣੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੜਕਾਂ ’ਤੇ ਵਿਰੋਧ ਪ੍ਰਦਰਸ਼ਨ ਕਰਨ ਨਾਲ ਕੋਈ ਨਤੀਜਾ ਨਹੀਂ ਨਿਕਲੇਗਾ।
ਟੀ.ਐਮ.ਸੀ. ਦੇ ਕਲਿਆਣ ਬੈਨਰਜੀ ਪੂਰੇ ਇਜਲਾਸ ਲਈ ਮੁਅੱਤਲ
ਟੀ.ਐਮ.ਸੀ. ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੂੰ ਪੂਰੇ ਮੌਨਸੂਨ ਇਜਲਾਸ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਕਲਿਆਣ ਬੈਨਰਜੀ ਖ਼ਿਲਾਫ਼ ਇਹ ਕਾਰਵਾਈ ਮਹਿਲਾ ਸੰਸਦ ਮੈਂਬਰਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਕਾਰਨ ਕੀਤੀ ਗਈ ਹੈ। ਉਨ੍ਹਾਂ ਹੇਠਲੇ ਸਦਨ ’ਚ ਐਨ.ਸੀ.ਪੀ.ਆਈ. ਮੈਂਬਰਾਂ ਨਾਲ ਤਿੱਖੀ ਬਹਿਸ ਦੌਰਾਨ ਔਰਤ ਮੈਂਬਰਾਂ ਖ਼ਿਲਾਫ਼ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਸੀ।
ਧਰਮਿੰਦਰ ਪ੍ਰਧਾਨ ਵਲੋਂ ਓਮ ਬਿਰਲਾ ਨਾਲ ਮੁਲਾਕਾਤ
ਕੇਂਦਰ ਸਰਕਾਰ ਵਲੋਂ ਨੀਟ ਪੇਪਰ ਲੀਕ ਮੁੱਦੇ ’ਤੇ ਸਹਿਮਤ ਹੋਣ ਦੇ ਬਾਅਦ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਨੇ ਲੋਕ ਸਭਾ ਸਪੀਕਰ ਨੂੰ ਅਪੀਲ ਕੀਤੀ ਸੀ ਕਿ ਉਹ ਚਰਚਾ ਦੇ ਨਿਯਮ, ਤਾਰੀਖ ਅਤੇ ਸਮੇਂ ਸੰਬੰਧੀ ਫ਼ੈਸਲਾ ਲੈਣ ਲਈ ਸਾਰੀਆਂ ਪਾਰਟੀਆਂ ਦੀ ਮੀਟਿੰਗ ਬੁਲਾਉਣ। ਦੁਪਹਿਰ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ ’ਤੇ ਸਪੀਕਰ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੂੰ ਬਿਆਨ ਦੇਣ ਲਈ ਕਿਹਾ ਪਰ ਕਾਂਗਰਸ ਦੇ ਕੇ.ਸੀ. ਵੇਣੂਗੋਪਾਲ ਨੇ ਦਖ਼ਲ ਦਿੰਦਿਆਂ ਕਿਹਾ ਕਿ ਵਿਰੋਧੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।
ਰਾਜ ਸਭਾ ’ਚ ਹੰਗਾਮਾ
ਦਿਨ ਭਰ ਕਈ ਵਾਰ ਮੁਲਤਵੀ ਕਰਨ ਤੋਂ ਬਾਅਦ ਦੁਪਹਿਰ 3 ਵਜੇ ਰਾਜ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋਣ ’ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਮੈਂ ਤੁਹਾਡੇ (ਚੇਅਰਮੈਨ) ਰਾਹੀਂ ਕਾਂਗਰਸ ਪਾਰਟੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ (ਕਾਂਗਰਸ) ਬਾਹਰ ਗਲਤ ਸੁਨੇਹਾ ਦੇ ਰਹੇ ਹੋ ਕਿ ਤੁਸੀਂ ਚਰਚਾ ਚਾਹੁੰਦੇ ਹੋ। ਜਦੋਂ ਸਰਕਾਰ ਖੁਦ ਕਹਿ ਰਹੀ ਹੈ ਕਿ ਉਹ ਚਰਚਾ ਲਈ ਤਿਆਰ ਹੈ, ਤਾਂ ਉਹ (ਕਾਂਗਰਸ) ਵਾਰ-ਵਾਰ ਬਹਾਨੇ ਬਣਾ ਕੇ ਚਰਚਾ ਨਾ ਹੋਣ ਦੇਣ ਲਈ ਸ਼ਰਤਾਂ ਲਗਾ ਰਹੇ ਹਨ। ਰਿਜਿਜੂ ਨੇ ਕਿਹਾ ਕਿ ਸਰਕਾਰ ਸਾਰੇ ਮੁੱਦਿਆਂ ’ਤੇ ਚਰਚਾ ਕਰਨ ਲਈ ਤਿਆਰ ਹੈ, ਪਰ ਚੇਅਰਮੈਨ ਫ਼ੈਸਲਾ ਕਰਨਗੇ ਕਿ ਕਿਸ ਨਿਯਮ ਅਧੀਨ ਚਰਚਾ ਹੋ ਸਕਦੀ ਹੈ। ਡੀ.ਐਮ.ਕੇ ਦੇ ਤਿਰੂਚੀ ਸਿਵਾ ਅਤੇ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਦੋਵਾਂ ਨੇ ਚੇਅਰਮੈਨ ਹਰੀਵੰਸ਼ ਨੂੰ ਅਪੀਲ ਕੀਤੀ ਕਿ ਉਹ ਮੌਜੂਦਾ ਸਥਿਤੀ ਨੂੰ ‘ਦੁਰਲੱਭ ਤੋਂ ਦੁਰਲੱਭ’ ਦੱਸਦੇ ਹੋਏ ਨਿਯਮ 267 ਦੇ ਤਹਿਤ ਨੀਟ ਪੇਪਰ ਲੀਕ ਮੁੱਦੇ ’ਤੇ ਚਰਚਾ ਕਰਨ ਦੀ ਇਜਾਜ਼ਤ ਦੇਣ। ਉਪਰਲੇ ਸਦਨ ’ਚ ਜਾਰੀ ਹੰਗਾਮੇ ਦੌਰਾਨ ਉਨ੍ਹਾਂ ਸਦਨ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ। ਭਾਵੇਂ ਸਰਕਾਰ ਸੰਸਦ ’ਚ ਇਸ ਮੁੱਦੇ ’ਤੇ ਚਰਚਾ ਕਰਨ ਲਈ ਸਹਿਮਤ ਹੋ ਗਈ ਸੀ, ਪਰ ਵਿਰੋਧੀ ਧਿਰ ਚਾਹੁੰਦੀ ਸੀ ਕਿ ਚਰਚਾ ਨਿਯਮ 267 ਦੇ ਤਹਿਤ ਹੋਵੇ ਅਤੇ ਉਨ੍ਹਾਂ ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਸ਼ਰਤ ਵੀ ਰੱਖੀ ਸੀ।

Ad Position 22
No active advertisement
ਪਿਛਲੀ ਖ਼ਬਰ ਅਨੰਤਨਾਗ ’ਚ ਅੱਤਵਾਦੀ ਹਮਲਾ ਪੁਲਿਸ ਮੁਲਾਜ਼ਮ ਸ਼ਹੀਦ ਅਗਲੀ ਖ਼ਬਰ ਸਾਡਾ ਸਮਾਂ ਬਰਬਾਦ ਨਾ ਕਰੋ-ਸੁਪਰੀਮ ਕੋਰਟ
Ad Position 24
No active advertisement