ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ
ਬਰਨਾਲਾ, 2 ਅਗਸਤ-ਪੰਜਾਬ ਕਾਂਗਰਸ ਵਲੋਂ ਅੱਜ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ਹੇਠ ‘ਹਰ ਬੂਥ ਕਾਂਗਰਸ ਮਜ਼ਬੂਤ’ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਤੇ ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕੀਤਾ। ਸਮਾਗਮ ਦੌਰਾਨ ਜਦੋਂ ਭੁਪੇਸ਼ ਬਘੇਲ ਨੇ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਉਸ ਸਮੇਂ ਪੰਡਾਲ ਵਿਚ ਕੁਝ ਵਰਕਰਾਂ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਅਤੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਭਾਰੀ ਹੰਗਾਮਾ ਹੋ ਗਿਆ। ਇਸ ਹੰਗਾਮੇ ਦੌਰਾਨ ਭਾਵੇਂ ਕਿ ਭੁਪੇਸ਼ ਬਘੇਲ ਸਟੇਜ ਤੋਂ ਬੋਲਦੇ ਰਹੇ ਪਰ ਹੇਠਾਂ ਪੰਡਾਲ ਵਿਚ ਕਿਸੇ ਵੀ ਵਰਕਰ ਨੇ ਉਨ੍ਹਾਂ ਦਾ ਭਾਸ਼ਨ ਨਹੀਂ ਸੁਣਿਆ। ਆਪਣੇ ਸੰਬੋਧਨ ਦੌਰਾਨ ਭੁਪੇਸ਼ ਬਘੇਲ ਨੇ ਕਿਹਾ ਕਿ ਕਾਂਗਰਸ ਇਕ ਲੋਕਤੰਤਰਿਕ ਪਾਰਟੀ ਹੈ ਅਤੇ ਇਸ ਵਿਚ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਅਧਿਕਾਰ ਹੈ। ਪਾਰਟੀ ਵਿਚ ਕੌਮੀ ਪ੍ਰਧਾਨ ਅਤੇ ਪ੍ਰਦੇਸ਼ ਪ੍ਰਧਾਨ ਤੋਂ ਲੈ ਕੇ ਹਰ ਨਿਯੁਕਤੀ ਵਰਕਰਾਂ ਦੀ ਰਾਇ ਅਤੇ ਲੋਕਤੰਤਰਿਕ ਢੰਗ ਨਾਲ ਹੁੰਦੀ ਹੈ, ਜਦੋਂਕਿ ਦੂਸਰੀਆਂ ਪਾਰਟੀਆਂ ਵਿਚ ਅਹੁਦੇਦਾਰੀਆਂ ਧੱਕੇ ਨਾਲ ਥੋਪ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਵਲੋਂ ਕਿਹਾ ਗਿਆ ਕਿ ਆਗੂਆਂ ਤੇ ਵਰਕਰਾਂ ਦਾ ਇਕਜੁੱਟ ਰਹਿਣਾ ਸਮੇਂ ਦੀ ਲੋੜ ਹੈ ਅਤੇ ਇਕਜੁੱਟਤਾ ਦੇ ਨਾਲ ਹੀ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਜਿੱਤੀਆਂ ਜਾ ਸਕਦੀਆਂ ਹਨ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਮੇਰੀ ਬਹੁਤ ਸਾਰੇ ਵੱਡੇ ਲੀਡਰਾਂ ਨਾਲ ਇਹੋ ਲੜਾਈ ਹੈ ਕਿ ਮੈਂ ਆਮ ਵਰਕਰਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦਾ ਹਾਂ ਜਦੋਂਕਿ ਵੱਡੇ ਲੀਡਰ ਚਾਹੁੰਦੇ ਹਨ ਕਿ ਕਿਸੇ ਨੂੰ ਵੀ ਵੱਡੇ ਲੀਡਰਾਂ ਵਾਲੇ ਗੋਲ ਝਕੀਰੇ ਵਿਚ ਵੜਨ ਨਾ ਦਿੱਤਾ ਜਾਵੇ, ਪਰ ਮੈਂ ਉਸ ਗੋਲ ਝਕੀਰੇ ਵਿਚ ਆਮ ਬੰਦੇ ਨੂੰ ਦਾਖ਼ਲ ਕਰਵਾਉਣਾ ਚਾਹੁੰਦਾ ਹਾਂ ਕਿਉਂਕਿ ਰਾਹੁਲ ਗਾਂਧੀ ਨੇ ਮੇਰੇ ਵਰਗੇ ਆਮ ਬੰਦੇ ਨੂੰ ਲੀਡਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਕਾਂਗਰਸ ਪਾਰਟੀ ਵਲੋਂ ਲੋਕ ਸਭਾ ਚੋਣਾਂ ਵਿਚ ਸੂਬੇ ਦੀਆਂ 7 ਸੀਟਾਂ ਜਿੱਤੀਆਂ ਗਈਆਂ ਸਨ, ਇਸੇ ਤਰ੍ਹਾਂ ਪਾਰਟੀ ਨੂੰ ਹੁਣ ਬੂਥ ਪੱਧਰ ’ਤੇ ਮਜ਼ਬੂਤ ਕਰਕੇ ਵਿਧਾਨ ਸਭਾ ਚੋਣਾਂ ਜਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਬ੍ਰਹਮ ਮਹਿੰਦਰਾ, ਕਾਲਾ ਢਿੱਲੋਂ ਨੂੰ ਸਿਰ ਦਾ ਤਾਜ ਕਹਿ ਕੇ ਇਹ ਸੰਦੇਸ਼ ਦੇਣ ਦਾ ਵੀ ਯਤਨ ਕੀਤਾ ਗਿਆ ਕਿ ਨਾ ਕੇਵਲ ਉਹ ਬਤੌਰ ਪ੍ਰਧਾਨ ਸਾਰੇ ਆਗੂਆਂ ਅਤੇ ਵਰਕਰਾਂ ਦਾ ਸਤਿਕਾਰ ਕਰਦੇ ਹਨ ਬਲਕਿ ਸਾਰਿਆਂ ਤੋਂ ਚੰਗੀਆਂ ਗੱਲਾਂ ਸਿੱਖਣ ਦੀ ਵੀ ਕੋਸ਼ਿਸ਼ ਕਰਦੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਜਿਸ ਢੰਗ ਨਾਲ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਕਾਲਾ ਢਿੱਲੋਂ ਨੇ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਹੈ ਉਸੇ ਢੰਗ ਨਾਲ ਅਗਾਮੀ ਚੋਣਾਂ ਵਿਚ ਜ਼ਿਲ੍ਹੇ ਦੀਆਂ ਤਿੰਨੋਂ ਸੀਟਾਂ ਕਾਲਾ ਢਿੱਲੋਂ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਜਿੱਤੇਗੀ। ਆਮ ਆਦਮੀ ਪਾਰਟੀ ’ਤੇ ਨਿਸ਼ਾਨੇ ਸਾਧਦਿਆਂ ਵੜਿੰਗ ਨੇ ਕਿਹਾ ਕਿ ਭਗਵੰਤ ਮਾਨ ਨਾਲੋਂ ਮਾੜਾ ਮੁੱਖ ਮੰਤਰੀ ਪੰਜਾਬ ਵਿਚ ਨਹੀਂ ਹੋ ਸਕਦਾ। ‘ਆਪ’ ਦੇ ਰਾਜ ਵਿਚ ਪੰਜਾਬ ’ਚ ਗੈਂਗਸਟਰ, ਨਸ਼ਾ, ਬੇਰੁਜ਼ਗਾਰੀ ਬਹੁਤ ਜ਼ਿਆਦਾ ਵਧ ਗਈ ਹੈ। ਸੂਬੇ ਦਾ ਕਰਜ਼ਾ ਦਿਨੋਂ ਦਿਨ ਬਹੁਤ ਜ਼ਿਆਦਾ ਵਧ ਰਿਹਾ ਹੈ ਅਤੇ ਉਦਯੋਗ ਇੱਥੋਂ ਬਾਹਰ ਜਾ ਰਹੇ ਹਨ। ਇਸ ਲਈ ਸਾਨੂੰ ਸੂਬੇ ਦੇ ਹਿਤਾਂ ਲਈ ਇਕੱਠੇ ਹੋਣ ਦੀ ਲੋੜ ਹੈ ਤਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ 6 ਪੇਪਰ ਲੀਕ ਹੋਣ, ਹਰ ਵਰਗ ਦੇ ਮੁਲਾਜ਼ਮਾਂ ਤੇ ਕਿਸਾਨਾਂ ਦੀ ਕੀਤੀ ਜਾ ਰਹੀ ਕੁੱਟਮਾਰ ਦਾ ਹਿਸਾਬ ਲਿਆ ਜਾ ਸਕੇ। ਇਸ ਮੌਕੇ ਕਾਰਜਕਾਰੀ ਪ੍ਰਧਾਨ ਡਾ. ਰਾਜ ਕੁਮਾਰ ਵੇਰਕਾ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਰਜ਼ੀਆ ਸੁਲਤਾਨਾ, ਕੌਮੀ ਸਕੱਤਰ ਮੈਡਮ ਹੀਨਾ ਕਾਂਬੜੇ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਸਾਬਕਾ ਜ਼ਿਲ੍ਹਾ ਪ੍ਰਧਾਨ ਮੱਖਣ ਸ਼ਰਮਾ, ਜਗਜੀਤ ਸਿੰਘ ਧੌਲਾ, ਐਸ.ਸੀ. ਵਿੰਗ ਦੇ ਸੂਬਾ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ, ਬਲਾਕ ਪ੍ਰਧਾਨ ਮਹੇਸ਼ ਲੋਟਾ, ਸਤਨਾਮ ਸਿੰਘ ਪੱਤੀ ਸੇਖਵਾਂ, ਅਰੁਣ ਪ੍ਰਤਾਪ ਸਿੰਘ ਢਿੱਲੋਂ, ਬੀਬੀ ਸੁਰਿੰਦਰ ਕੌਰ ਬਾਲੀਆਂ, ਗੁਰਕੀਮਤ ਸਿੰਘ ਸਿੱਧੂ, ਵਰੁਣ ਬੱਤਾ, ਜਸਮੇਲ ਸਿੰਘ ਡੇਅਰੀਵਾਲਾ, ਰਾਜਵਿੰਦਰ ਸਿੰਘ ਸ਼ੀਤਲ, ਕੈਪਟਨ ਭੁਪਿੰਦਰ ਸਿੰਘ ਝਲੂਰ, ਬਲਦੇਵ ਸਿੰਘ ਪੇਧਨੀ, ਰਣਧੀਰ ਕੌਸ਼ਲ, ਕੁਲਦੀਪ ਗੁੱਗ ਸਮੇਤ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਸਨ।
ਕਾਂਗਰਸ ’ਚ ਹਰ ਵਿਅਕਤੀ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਅਧਿਕਾਰ-ਭੁਪੇਸ਼ ਬਘੇਲ
ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ ਬਰਨਾਲਾ, 2 ਅਗਸਤ-ਪੰਜਾਬ ਕਾਂਗਰਸ ਵਲੋਂ ਅੱਜ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ਹੇਠ ‘ਹਰ ਬੂਥ ਕਾਂਗਰਸ ਮਜ਼ਬੂਤ’ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਤੇ ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕੀਤਾ। ਸਮਾਗਮ ਦੌਰਾਨ ਜਦੋਂ ਭੁਪੇਸ਼ ਬਘੇਲ ਨੇ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਉਸ ਸਮੇਂ ਪੰਡਾਲ ਵਿਚ ਕੁਝ ਵਰਕਰਾਂ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਅਤੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਭਾਰੀ ਹੰਗਾਮਾ ਹੋ ਗਿਆ। ਇਸ ਹੰਗਾਮੇ ਦੌਰਾਨ ਭਾਵੇਂ ਕਿ ਭੁਪੇਸ਼ ਬਘੇਲ ਸਟੇਜ ਤੋਂ ਬੋਲਦੇ ਰਹੇ ਪਰ ਹੇਠਾਂ ਪੰਡਾਲ ਵਿਚ ਕਿਸੇ ਵੀ ਵਰਕਰ ਨੇ ਉਨ੍ਹਾਂ ਦਾ ...
ਅਜੀਤ ਡੈਸਕ
03-08-2026