06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਅਨੁਸਾਰ ਹੀ ਬੇਅਦਬੀ ਕਾਨੂੰਨ ’ਚ ਸੋਧਾਂ ਲਈ ਅੱਗੇ ਵਧ ਰਹੀ ਹੈ-ਚੀਮਾ

ਚੰਡੀਗੜ੍ਹ, 5 ਅਗਸਤ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਅੱਜ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਐਕਟ ਵਿਚ ਸੋਧਾਂ ਦੇ ਮੁੱਦੇ ਨੂੰ ਹੁਕਮਰਾਨ ਤੇ ਵਿਰੋਧੀ ਧਿਰ ਦਰਮਿਆਨ ਹੋਈ ਤਿੱਖੀ ਬਹਿਸ ਅਤੇ ਕਾਂਗਰਸੀ ਮੈਂਬਰਾਂ ਦੇ ਸਪੀਕਰ ਦੀ ਕੁਰਸੀ ਸਾਹਮਣੇ ਆਉਣ ਤੇ ਹੁਕਮਰਾਨ ਪਾਰਟੀ ਵਿਧਾਇਕ ਵਲੋਂ ਵੀ ਬਾਦਲਾਂ ਨੂੰ ਪੰਥ ਦੋਖੀ ਦੱਸਣ ਵਾਲੀ ਜ਼ੋਰਦਾਰ ਨਾਅਰੇਬਾਜ਼ੀ ਕਾਰਨ ਸਪੀਕਰ ਨੂੰ ਇਜਲਾਸ ਦੀ ਕਾਰਵਾਈ ਕੁਝ ਸਮੇਂ ਲਈ ਮੁਅੱਤਲ ਕਰਨੀ ਪਈ। ਬਾਅਦ ਵਿਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਇਸ

Ad Position 21
No active advertisement
ਅਜੀਤ ਡੈਸਕ 06-08-2026

ਚੰਡੀਗੜ੍ਹ, 5 ਅਗਸਤ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਅੱਜ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਐਕਟ ਵਿਚ ਸੋਧਾਂ ਦੇ ਮੁੱਦੇ ਨੂੰ ਹੁਕਮਰਾਨ ਤੇ ਵਿਰੋਧੀ ਧਿਰ ਦਰਮਿਆਨ ਹੋਈ ਤਿੱਖੀ ਬਹਿਸ ਅਤੇ ਕਾਂਗਰਸੀ ਮੈਂਬਰਾਂ ਦੇ ਸਪੀਕਰ ਦੀ ਕੁਰਸੀ ਸਾਹਮਣੇ ਆਉਣ ਤੇ ਹੁਕਮਰਾਨ ਪਾਰਟੀ ਵਿਧਾਇਕ ਵਲੋਂ ਵੀ ਬਾਦਲਾਂ ਨੂੰ ਪੰਥ ਦੋਖੀ ਦੱਸਣ ਵਾਲੀ ਜ਼ੋਰਦਾਰ ਨਾਅਰੇਬਾਜ਼ੀ ਕਾਰਨ ਸਪੀਕਰ ਨੂੰ ਇਜਲਾਸ ਦੀ ਕਾਰਵਾਈ ਕੁਝ ਸਮੇਂ ਲਈ ਮੁਅੱਤਲ ਕਰਨੀ ਪਈ। ਬਾਅਦ ਵਿਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਇਸ ਮੁੱਦੇ ’ਤੇ ਅਕਾਲੀ ਮੈਂਬਰ ਗਨੀਵ ਕੌਰ ਮਜੀਠੀਆ ਵਲੋਂ ਜੋ ਵੀ ਬੋਲਿਆ ਗਿਆ ਅਤੇ ਹੁਕਮਰਾਨ ਪਾਰਟੀ ’ਤੇ ਜੋ ਦੋਸ਼ ਲਗਾਏ ਗਏ ਉਹ ਸਭ ਕੁਝ ਨੂੰ ਸਦਨ ਦੀ ਕਾਰਵਾਈ ’ਚੋਂ ਕੱਢ ਦਿੱਤਾ ਗਿਆ। ਸਰਦਾਰਨੀ ਮਜੀਠੀਆ ਜੋ ਅੱਜ ਇਜਲਾਸ ਵਿਚ ਪਹਿਲੀ ਵਾਰ ਹੀ ਹਾਜ਼ਰ ਹੋਏ ਪੂਰੀ ਤਿਆਰੀ ਕਰਕੇ ਆਏ ਲੱਗ ਰਹੇ ਸਨ ਅਤੇ ਉਨ੍ਹਾਂ ਵਲੋਂ ਸਿਫ਼ਰ ਕਾਲ ਦੌਰਾਨ ਬੋਲਦਿਆਂ ਸਰਕਾਰ ਵਿਰੁੱਧ ਤਿੱਖੀ ਦੂਸ਼ਣਬਾਜ਼ੀ ਕੀਤੀ ਗਈ, ਜਦੋਂਕਿ ਕਾਂਗਰਸੀ ਮੈਂਬਰਾਂ ਵਲੋਂ ਵੀ ਉਨ੍ਹਾਂ ਦੇ ਦੋਸ਼ਾਂ ਦਾ ਸਮਰਥਨ ਕੀਤਾ ਗਿਆ। ਇਜਲਾਸ ਦੀ ਬੈਠਕ ਦੁਬਾਰਾ ਸ਼ੁਰੂ ਹੋਣ ’ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸਾਡੇ ਵਲੋਂ ਸਾਬਕਾ ਮੰਤਰੀ ਇੰਦਰਬੀਰ ਸਿੰਘ ਨਿੱਜਰ ਖ਼ੁਦ ਸ੍ਰੀ ਅਕਾਲ ਤਖ਼ਤ ’ਤੇ ਗਏ ਅਤੇ ਸੋਧਾਂ ਸੰਬੰਧੀ ਖਰੜਾ ਦੇ ਕੇ ਆਏ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵਲੋਂ ਸੋਧਾਂ ਸੰਬੰਧੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਕਮੇਟੀ ਦੀ ਰਿਪੋਰਟ ਮਿਲਣ ਤੋਂ ਬਾਅਦ ਹੀ ਸਰਕਾਰ ਉਸ ’ਤੇ ਵਿਚਾਰ ਕਰ ਕੇ ਅੱਗੇ ਵਧੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜਿਸ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਗਿਆ ਉਹ ਅੱਜ ਮਰਿਆਦਾ ਦੀਆਂ ਗੱਲਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਵਲੋਂ ਇਸ ਮੁੱਦੇ ’ਤੇ ਰਾਜਨੀਤੀ ਨਾ ਕਾਰਨ ਅਤੇ ਜਨਤਕ ਬਹਿਸ ਤੋਂ ਵੀ ਰੋਕਿਆ ਗਿਆ ਸੀ, ਪਰ ਅੱਜ ਸਦਨ ਵਿਚ ਇਸ ਮੁੱਦੇ ’ਤੇ ਜੋ ਵੀ ਬੋਲਿਆ ਗਿਆ ਉਹ ਜਥੇਦਾਰ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੈ ਅਤੇ ਇਸ ਨੂੰ ਸਦਨ ਦੀ ਕਾਰਵਾਈ ਤੋਂ ਕੱਢਿਆ ਜਾਵੇ। ਸ. ਚੀਮਾ ਨੇ ਕਿਹਾ ਕਿ ਜੇ ਸਾਡੀ ਪਾਰਟੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਦੀ ਹੈ ਤਾਂ ਇਸੇ ਲਈ ਸਾਡੇ ਸਾਰੇ ਮੰਤਰੀ ਤੇ ਵਿਧਾਇਕ ਜਥੇਦਾਰ ਦੇ ਹੁਕਮਾਂ ਅਨੁਸਾਰ ਤਖ਼ਤ ਸਾਹਿਬ ’ਤੇ ਪੇਸ਼ ਹੋਏ ਸਨ। ਸ. ਚੀਮਾ ਨੇ ਸਦਨ ਵਿਚ ਕਾਂਗਰਸ ਪ੍ਰਧਾਨ ਵਲੋਂ ਇਕ ਸਟੇਜ ਤੋਂ ਇਕ ਨੌਜਵਾਨ ਤੋਂ ਨਾਅਰੇ ਲਗਵਾਉਣ ਤੇ ਉਸ ’ਤੇ ਚਰਨਜੀਤ ਸਿੰਘ ਚੰਨੀ ਨੂੰ ਟੈਲੀਫੋਨ ਕਰਵਾਉਣ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਉਕਤ ਨੌਜਵਾਨ ਕੋਲੋਂ ਮੁਹਾਲੀ ਵਿਖੇ 506 ਗਰਾਮ ਹੈਰੋਇਨ ਫੜੇ ਜਾਣ ਲਈ ਕੇਸ ਦਰਜ ਹੈ ਅਤੇ ਸਪੱਸ਼ਟ ਹੈ ਕਿ ਕਾਂਗਰਸੀ ਆਗੂ ਨਸ਼ਿਆਂ ਨਾਲ ਕਿਵੇਂ ਜੁੜੇ ਹੋਏ ਹਨ। ਉਨ੍ਹਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਸੂਬੇ ਵਿਚ ਈ.ਡੀ. ਦੇ ਛਾਪਿਆਂ ਦੇ ਉਠਾਏ ਗਏ ਮੁੱਦੇ ਸੰਬੰਧੀ ਸ. ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਦੂਜੇ ਆਗੂਆਂ ਵਿਰੁੱਧ ਈ.ਡੀ ਤੇ ਸੀ.ਬੀ.ਆਈ ਦੇ ਫਰਜ਼ੀ ਕੇਸਾਂ ਦੀ ਸਾਜਿਸ਼ ਅਦਾਲਤ ਵਿਚ ਨੰਗੀ ਹੋ ਗਈ ਹੈ, ਪਰ ਉਨ੍ਹਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਕਿੰਨਾ ਸਮਾਂ ਜੇਲ੍ਹ ਵਿਚ ਰੱਖਿਆ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਹੁਣ ਭਾਜਪਾ ਦਾ ਏਜੰਡਾ ਅੱਗੇ ਵਧਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਈ.ਡੀ. ਵੀ ਉਹ ਕਰ ਰਹੀ ਹੈ ਜੋ ਭਾਜਪਾ ਖੁਦ ਨਹੀਂ ਕਰਦੀ ਤੇ ਭਾਜਪਾ ਦੀ ਲੜਾਈ ਲੜ ਰਹੀ ਹੈ।
ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਅੱਜ ਸਿਫਰ ਕਾਲ ਦੌਰਾਨ ਬੀਤੇ ਕੱਲ੍ਹ ਕੇਂਦਰੀ ਜਾਂਚ ਏਜੰਸੀ ਈ.ਡੀ. ਵਲੋਂ ਪੰਜਾਬ ਸਮਾਲ ਇੰਡਸਟਰੀ ਤੇ ਐਕਸਪੋਰਟ ਕਾਰਪੋਰੇਸ਼ਨ ਅਤੇ ਹੋਰ 11 ਥਾਵਾਂ ’ਤੇ ਮਾਰੇ ਗਏ ਛਾਪਿਆਂ ਦਾ ਮੁੱਦਾ ਉਠਾਇਆ ਅਤੇ ਦੋਸ਼ ਲਗਾਏ ਕਿ ਰਾਜ ਵਿਚ ਸਨਅਤੀ ਪਲਾਟ ਕਮਰਸ਼ੀਅਲ ਬਣਾ ਕੇ ਵੇਚੇ ਗਏ। ਉਨ੍ਹਾਂ ਗਮਾਡਾ ਅਤੇ ਪੁੱਡਾ ਦੀ ਕਾਰਗੁਜ਼ਾਰੀ ਦੀ ਵੀ ਈ.ਡੀ. ਵਲੋਂ ਹੋ ਰਹੀ ਜਾਂਚ ਅਤੇ ਬੀਤੇ ਦਿਨਾਂ ਦੌਰਾਨ ਫਿਲਮੀ ਅੰਦਾਜ਼ ਵਿਚ ਨੋਟਾਂ ਦੀ ਹਵਾ ’ਚ ਵਰਖਾ ਦੇ ਦੋਸ਼ ਵੀ ਲਗਾਏ। ਉਨ੍ਹਾਂ ਸਰਕਾਰ ਤੋਂ ਇਸ ਸਾਰੇ ਮਾਮਲੇ ’ਤੇ ਜਵਾਬ ਦੀ ਮੰਗ ਕੀਤੀ ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਸਰਕਾਰ ਸਿਫਰ ਕਾਲ ਦੇ ਮੁੱਦਿਆਂ ਸੰਬੰਧੀ ਜਵਾਬ ਦੇਣ ਲਈ ਪਾਬੰਧ ਨਹੀਂ ਹੈ। ਵਿਧਾਨ ਸਭਾ ਵਿਚ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਕੁੱਲ 68,228 ਭਰਤੀਆਂ ਜਿਨ੍ਹਾਂ ਵਿਚ ਸਕੂਲ ਸਿੱਖਿਆ ਵਿਭਾਗ ਵਿਚ 16,316 , ਗ੍ਰਹਿ ਵਿਭਾਗ ਵਿਚ 14,723, ਬਿਜਲੀ ਵਿਭਾਗ ਵਿਚ 8706, ਸਥਾਨਕ ਸਰਕਾਰਾਂ ਵਿਚ 5681 ਅਤੇ ਸਿਹਤ ਵਿਭਾਗ ਵਿਚ ਹੋਈਆਂ 4758 ਭਰਤੀਆਂ ਨੂੰ ਪਾਰਦਰਸ਼ੀ ਢੰਗ ਨਾਲ ਕੀਤੇ ਜਾਣ ਸੰਬੰਧੀ ਮਤਾ ਪੇਸ਼ ਕੀਤਾ ਗਿਆ। ਮਤੇ ਰਾਹੀਂ ਰਾਜ ਸਰਕਾਰ ਦਾ ਧੰਨਵਾਦ ਕੀਤਾ ਗਿਆ। ਮਤੇ ਵਿਚ ਕਿਹਾ ਗਿਆ ਕਿ ਰਾਜ ਵਿਚ ਪੂੰਜੀ ਨਿਵੇਸ਼ ਲਈ ਚੰਗਾ ਮਾਹੌਲ ਬਣਉਣ ਕਾਰਨ 1,83,837 ਕਰੋੜ ਦੇ ਪੂੰਜੀ ਨਿਵੇਸ਼ ਸੰਬੰਧੀ 9899 ਤਜਵੀਜ਼ਾਂ ਪ੍ਰਾਪਤ ਹੋਈਆਂ। ਵਿਧਾਨ ਸਭਾ ਇਸ ਮਤੇ ’ਤੇ ਬਹਿਸ ਦੌਰਾਨ ਲਗਾਤਾਰ ਤਿੱਖੀ ਨੋਕ-ਝੋਕ ਅਤੇ ਦੂਸ਼ਣਬਾਜ਼ੀ ਦਾ ਅਖਾੜਾ ਬਣੀ ਰਹੀ। ਵਿਰੋਧੀ ਮੈਂਬਰਾਂ ਸੁਖਪਾਲ  ਸਿੰਘ ਖਹਿਰਾ, ਅਵਤਾਰ ਹੈਨਰੀ (ਜੂਨੀਅਰ), ਪ੍ਰਗਟ ਸਿੰਘ ਅਤੇ ਅਕਾਲੀ ਮੈਂਬਰ ਮਨਪ੍ਰੀਤ ਸਿੰਘ ਇਆਲ਼ੀ ਦਾ ਕਹਿਣਾ ਸੀ ਕਿ ਸਰਕਾਰ ਇਨ੍ਹਾਂ ਭਰਤੀਆਂ ਸੰਬੰਧੀ ਵਾਈਟ ਪੇਪਰ ਜਾਰੀ ਕਰੇ ਅਤੇ ਦੱਸੇ ਕਿੰਨੇ ਮੁਲਾਜ਼ਮ ਪੱਕੇ ਤੇ ਕਿੰਨੇ ਆਰਜ਼ੀ ਜਾਂ ਠੇਕੇ ’ਤੇ ਭਰਤੀ ਕੀਤੇ ਗਏ ਹਨ। ਉਨ੍ਹਾਂ ਦੋਸ਼ ਲਗਾਏ ਕਿ ਇਨ੍ਹਾਂ ਭਰਤੀਆਂ ਵਿਚ ਗੈਰ ਪੰਜਾਬੀਆਂ ਨੂੰ ਵੱਡਾ ਹਿੱਸਾ ਮਿਲਿਆ, ਪਰ ਸਰਕਾਰੀ ਧਿਰ ਦੇ ਬੁਲਾਰਿਆਂ ਵਲੋਂ ਇਨ੍ਹਾਂ ਭਰਤੀਆਂ ਦੀ ਕਾਫ਼ੀ ਸ਼ਲਾਘਾ ਹੋਈ ਤੇ ਦਾਅਵਾ ਕੀਤਾ ਗਿਆ ਕਿ ਗ਼ਰੀਬਾਂ ਤੇ ਪਛੜੇ ਖੇਤਰਾਂ ਨੂੰ ਵੀ ਇਨ੍ਹਾਂ ਭਰਤੀਆਂ ਵਿਚ ਜਗ੍ਹਾ ਮਿਲੀ। ਇਕ ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਦੇ ਹਲਕੇ ਦੇ ਇਕ ਪਿੰਡ ਵਿਚ 77 ਨੌਜਵਾਨਾਂ ਨੂੰ ਨੌਕਰੀ ਮਿਲੀ ਹੈ। ਸਦਨ ਵਲੋਂ ਕੋਈ 90 ਮਿੰਟਾਂ ਦੀ ਬਹਿਸ ਬਾਅਦ ਰੋਲੇ ਰੱਪੇ ਵਿਚ ਵੀ ਇਸ ਮਤੇ ਨੂੰ ਪਾਸ ਕਰ ਦਿੱਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ’ਚ ਮੁੜ ਭਖੀ ਪੰਜਾਬ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਅਗਲੀ ਖ਼ਬਰ ਵਿਦਿਆਰਥੀ ਪ੍ਰਦਰਸ਼ਨਾਂ ਨੂੰ ਲੈ ਕੇ ਸੁਪਰੀਮ ਕੋਰਟ ਦੀ ਪ੍ਰਸ਼ਾਸਨ ਤੇ ਏਜੰਸੀਆਂ ਨੂੰ ਨਸੀਹਤ
Ad Position 24
No active advertisement