22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ

ਜਲੰਧਰ, 21 ਅਗਸਤ (ਜਸਪਾਲ ਸਿੰਘ)-ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਤੇ ਹੋਰਨਾਂ ਸਿੱਖ ਮਸਲਿਆਂ ਸੰਬੰਧੀ ਕੌਮੀ ਇਨਸਾਫ਼ ਮੋਰਚਾ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਸ਼ੁੱਕਰਵਾਰ ਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਇਕ ਤਰ੍ਹਾਂ ਨਾਲ ਲੋਕਾਂ ਨੇ ਆਪ ਮੁਹਾਰੇ ਬੰਦ ਦਾ ...

Ad Position 21
No active advertisement
ਅਜੀਤ ਡੈਸਕ 22-08-2026

ਜਲੰਧਰ, 21 ਅਗਸਤ (ਜਸਪਾਲ ਸਿੰਘ)-ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਤੇ ਹੋਰਨਾਂ ਸਿੱਖ ਮਸਲਿਆਂ ਸੰਬੰਧੀ ਕੌਮੀ ਇਨਸਾਫ਼ ਮੋਰਚਾ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਸ਼ੁੱਕਰਵਾਰ ਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਇਕ ਤਰ੍ਹਾਂ ਨਾਲ ਲੋਕਾਂ ਨੇ ਆਪ ਮੁਹਾਰੇ ਬੰਦ ਦਾ ਸਮਰਥਨ ਕਰਦਿਆਂ ਨਾ ਕੇਵਲ ਆਪਣੇ ਕਾਰੋਬਾਰ ਬੰਦ ਰੱਖੇ ਸਗੋਂ ਵੱਖ-ਵੱਖ ਥਾਈਂ ਧਰਨਿਆਂ ’ਚ ਵੀ ਸ਼ਮੂਲੀਅਤ ਕਰ ਕੇ ਬੰਦ ਨੂੰ ਸਫਲ ਬਣਾਇਆ। ਜਿੱਥੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ, ਉੱਥੇ ਨਿੱਜੀ ਵਿੱਦਿਅਕ ਤੇ ਕਾਰੋਬਾਰੀ ਅਦਾਰਿਆਂ ਨੂੰ ਤਾਲੇ ਲੱਗੇ ਰਹੇ। ਇਸ ਦੌਰਾਨ ਕਈ ਥਾਵਾਂ ’ਤੇ ਬੱਸ ਆਵਾਜਾਈ ਵੀ ਠੱਪ ਰਹੀ ਤੇ ਰੇਲ ਸੇਵਾਵਾਂ ’ਤੇ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਆ। ਓਧਰ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਬੰਦ ਦੇ ਸਮਰਥਨ ’ਚ ਹਾਈਵੇਜ਼ ਸਮੇਤ ਪ੍ਰਮੁੱਖ ਮਾਰਗਾਂ ’ਤੇ ਧਰਨਾ ਦੇ ਕੇ 7 ਘੰਟੇ ਦੇ ਕਰੀਬ ਚੱਕਾ ਜਾਮ ਕੀਤਾ ਤੇ ਇਸ ਦੌਰਾਨ ਕੇਵਲ ਐਬੂਲੈਂਸਾਂ, ਹਵਾਈ ਅੱਡਿਆਂ ਨੂੰ ਜਾਣ ਵਾਲੇ ਵਾਹਨਾਂ ਤੇ ਹੋਰਨਾਂ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਹਰ ਤਰ੍ਹਾਂ ਦੀ ਆਵਾਜਾਈ ਠੱਪ ਰਹੀ। ਹਾਲਾਂਕਿ ਪੰਜਾਬ ਬੰਦ ਕਾਰਨ ਕਈ ਥਾਵਾਂ ’ਤੇ ਲੋਕਾਂ ਨੂੰ ਜਾਮ ’ਚ ਫਸਣ ਕਾਰਨ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਕੁੱਲ ਮਿਲਾ ਕੇ ਪੰਜਾਬ ਬੰਦ ਪੂਰੀ ਤਰ੍ਹਾਂ ਨਾਲ ਸ਼ਾਂਤਮਈ ਰਿਹਾ ਤੇ ਕੁੱਝ ਇਕ ਥਾਵਾਂ ’ਤੇ ਮਾਮੂਲੀ ਤਕਰਾਰ ਨੂੰ ਛੱਡ ਕੇ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਦੇਖਣ ਸੁਣਨ ਨੂੰ ਨਹੀਂ ਮਿਲੀ। ਬੰਦ ਦਾ ਸੱਦਾ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਦਿੱਤਾ ਗਿਆ ਸੀ ਤੇ ਇਸ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅੰਮ੍ਰਿਤਸਰ, ਲੁਧਿਆਣਾ, ਮੋਹਾਲੀ, ਜਲੰਧਰ ਤੇ ਪਟਿਆਲਾ ਆਦਿ ਸਮੇਤ ਸੂਬੇ ਦੇ ਕਈ ਹਿੱਸਿਆਂ ਵਿਚ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ ਤੇ ਕਈ ਥਾਵਾਂ ’ਤੇ ਪੁਲਿਸ ਨੇ ਹੀ ਟਰੈਫਿਕ ਨੂੰ ਡਾਇਵਰਟ ਕਰ ਦਿੱਤਾ ਸੀ। ਇਸ ਦੌਰਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਮੈਡੀਕਲ ਐਮਰਜੈਂਸੀ, ਹਵਾਈ ਅੱਡਿਆਂ ਵੱਲ ਆਉਣ-ਜਾਣ, ਪ੍ਰੀਖਿਆਵਾਂ ਅਤੇ ਵਿਆਹ ਸਮਾਗਮਾਂ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਬੰਦ ਤੋਂ ਛੋਟ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਕੌਮੀ ਇਨਸਾਫ ਮੋਰਚੇ ਵਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਬੰਦੀਆਂ ਦੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਆਪਣੀਆਂ ਸਜ਼ਾਵਾਂ ਲੰਬਾ ਸਮਾਂ ਪਹਿਲਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਨੂੰ ਸਰਕਾਰ ਵਲੋਂ ਰਿਹਾਅ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਸਿੱਖਾਂ ਅੰਦਰ ਬੇਗਾਨਗੀ ਦਾ ਭਾਵਨਾ ਵਧਦੀ ਜਾ ਰਹੀ ਹੈ। ਮੋਰਚੇ ਦੇ ਆਗੂ ਗੁਰਚਰਨ ਸਿੰਘ ਤੇ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਲੰਮੇ ਸਮੇਂ ਤੋਂ ਲਟਕਿਆ ਹੋਇਆ ਹੈ ਅਤੇ ਸਰਕਾਰ ਨੂੰ ਇਸ ਬਾਰੇ ਗੰਭੀਰ ਤੇ ਫੈਸਲਾਕੁੰਨ ਰੁਖ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਅੰਦੋਲਨ ਕਿਸੇ ਵਿਸ਼ੇਸ਼ ਭਾਈਚਾਰੇ ਜਾਂ ਧਰਮ ਦੇ ਵਿਰੁੱਧ ਨਹੀਂ, ਸਗੋਂ ਇਨਸਾਫ਼ ਅਤੇ ਸੰਵਿਧਾਨਕ ਤੇ ਕਾਨੂੰਨੀ ਹੱਕਾਂ ਨੂੰ ਲਾਗੂ ਕਰਵਾਉਣ ਲਈ ਹੈ। ਓਧਰ ਮੋਰਚੇ ਦੇ ਸਮਰਥਕਾਂ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਪਟਿਆਲਾ, ਮੋਹਾਲੀ ਅਤੇ ਜਲੰਧਰ ਸਮੇਤ ਕਈ ਥਾਵਾਂ ’ਤੇ ਸੜਕਾਂ ’ਤੇ ਧਰਨੇ ਦੇ ਕੇ ਆਵਾਜਾਈ ਜਾਮ ਕੀਤੀ ਗਈ ਤੇ ਕਈ ਥਾਵਾਂ ’ਤੇ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨ ਸੜਕਾਂ ਦੇ ਵਿਚਕਾਰ ਖੜ੍ਹੇ ਕਰ ਦਿੱਤੇ ਗਏ, ਜਿਸ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਲੰਧਰ, ਲੁਧਿਆਣਾ ਦੇ ਲਾਡੋਵਾਲ, ਹੁਸ਼ਿਆਰਪੁਰ ਅਤੇ ਫ਼ਿਰੋਜ਼ਪੁਰ ਵਿਚ ਪ੍ਰਦਰਸ਼ਨਕਾਰੀਆਂ ਨੇ ਧਰਨੇ ਦਿੱਤੇ ਅਤੇ ਸ਼ਹਿਰਾਂ ਵਿਚ ਦੋਪਹੀਆ ਵਾਹਨਾਂ ’ਤੇ ਮਾਰਚ ਵੀ ਕੱਢੇ। ਸੰਗਰੂਰ, ਲੁਧਿਆਣਾ ਅਤੇ ਮੋਹਾਲੀ ਸਮੇਤ ਕਈ ਥਾਵਾਂ ’ਤੇ ਦਵਾਈਆਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਦੁਕਾਨਾਂ ਬੰਦ ਰਹੀਆਂ। ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਵਲੋਂ ਬੰਦ ਦੇ ਸੱਦੇ ਦੇ ਮੱਦੇਨਜ਼ਰ ਛੁੱਟੀ ਦਾ ਐਲਾਨ ਕੀਤੇ ਜਾਣ ਕਾਰਨ ਨਿੱਜੀ ਸਕੂਲ ਵੀ ਬੰਦ ਰਹੇ। ਚੰਡੀਗੜ੍ਹ ਪੁਲਿਸ ਦੇ ਜਵਾਨਾਂ ਅਤੇ ਰੈਪਿਡ ਐਕਸ਼ਨ ਫੋਰਸ (ਆਰ.ਏ.ਐੱਫ.) ਨੂੰ ਮੋਹਾਲੀ-ਚੰਡੀਗੜ੍ਹ ਸਰਹੱਦੀ ਪੁਆਇੰਟਾਂ ’ਤੇ ਲਾਏ ਗਏ ਬੈਰੀਕੇਡਾਂ ਨੇੜੇ ਤਾਇਨਾਤ ਕੀਤਾ ਗਿਆ ਸੀ । ਪਟਿਆਲਾ ਵਿਚ ਕੌਮੀ ਇਨਸਾਫ਼ ਮੋਰਚੇ ਦੇ ਆਗੂ ਗੁਰਚਰਨ ਸਿੰਘ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀਆਂ ਨੇ ਮੁੱਖ ਬੱਸ ਅੱਡੇ ਦੇ ਬਾਹਰ ਵਾਹਨ ਖੜ੍ਹੇ ਕਰ ਦਿੱਤੇ, ਜਿਸ ਨਾਲ ਦੋਵੇਂ ਪਾਸਿਆਂ ਦੀ ਆਵਾਜਾਈ ਪ੍ਰਭਾਵਿਤ ਹੋਈ। ਇਸ ਨਾਕਾਬੰਦੀ ਕਾਰਨ ਪਟਿਆਲਾ ਤੋਂ ਬਠਿੰਡਾ, ਫਿਰੋਜ਼ਪੁਰ, ਫਰੀਦਕੋਟ ਅਤੇ ਸੂਬੇ ਦੇ ਹੋਰ ਹਿੱਸਿਆਂ ਵੱਲ ਜਾਣ ਵਾਲੀਆਂ ਬੱਸਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਬੱਸ ਅੱਡੇ ਤੋਂ ਨਿਕਲਣ ਵਾਲੀਆਂ ਬੱਸਾਂ ਨੂੰ ਵੀ ਰੋਕ ਦਿੱਤਾ ਗਿਆ। ਇਸੇ ਤਰ੍ਹਾਂ ਫ਼ਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਮੁੱਖ ਵਪਾਰਕ ਇਲਾਕਿਆਂ ਵਿਚ ਵਪਾਰੀਆਂ ਨੇ ਬੰਦ ਨੂੰ ਸਮਰਥਨ ਦਿੰਦਿਆਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਸਵੇਰੇ ਖੁੱਲ੍ਹੇ ਕੁਝ ਅਦਾਰੇ, ਜਿਨ੍ਹਾਂ ਵਿੱਚ ਬੈਂਕ ਵੀ ਸ਼ਾਮਿਲ ਸਨ, ਨੂੰ ਪ੍ਰਦਰਸ਼ਨਕਾਰੀਆਂ ਵਲੋਂ ਬੰਦ ਕਰਵਾ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਜ਼ੀਰਾ ਅਤੇ ਲੁਧਿਆਣਾ ਵੱਲ ਜਾਣ ਵਾਲੇ ਸ਼ਹਿਰ ਦੇ ਮੁੱਖ ਨਿਕਾਸੀ ਮਾਰਗ ਨੂੰ ਵੀ ਬੰਦ ਕਰ ਦਿੱਤਾ। ਫ਼ਿਰੋਜ਼ਪੁਰ ਦੇ ਐੱਸ.ਐੱਸ.ਪੀ. ਭੁਪਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ। ਹੁਸ਼ਿਆਰਪੁਰ ਵਿਚ ਵੀ ਬੰਦ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਲਗਭਗ ਸਾਰੀਆਂ ਦੁਕਾਨਾਂ, ਵਪਾਰਕ ਅਦਾਰੇ, ਬੈਂਕ, ਸਕੂਲ ਅਤੇ ਕਾਲਜ ਬੰਦ ਰਹੇ। ਸਰਕਾਰੀ ਅਤੇ ਨਿੱਜੀ ਬੱਸਾਂ ਵੀ ਸੜਕਾਂ ਤੋਂ ਗਾਇਬ ਰਹੀਆਂ। ਪ੍ਰਦਰਸ਼ਨਕਾਰੀਆਂ ਨੇ ਬਿਜਲੀ ਘਰ ਚੌਕ, ਟਾਂਡਾ, ਹਾਜੀਪੁਰ ਚੌਕ, ਦਸੂਹਾ ਅਤੇ ਅੱਡਾ ਭੰਗਾਲਾ ਸਮੇਤ ਜ਼ਿਲ੍ਹੇ ਦੇ ਕਈ ਸਥਾਨਾਂ ’ਤੇ ਧਰਨੇ ਦੇ ਕੇ ਵਾਹਨਾਂ ਦੀ ਆਵਾਜਾਈ ਰੋਕੀ। ਇਸ ਕਾਰਨ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਵੀ ਆਵਾਜਾਈ ਪ੍ਰਭਾਵਿਤ ਹੋਈ। ਬੰਦ ਕਾਰਨ ਗੁਆਂਢੀ ਹਿਮਾਚਲ ਪ੍ਰਦੇਸ਼ ਸਥਿਤ ਚਿੰਤਪੁਰਨੀ ਮੰਦਰ ਨੂੰ ਜਾਣ ਵਾਲੇ ਅਤੇ ਉੱਥੋਂ ਵਾਪਸ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਪ੍ਰੇਸ਼ਾਨੀ ਹੋਈ, ਕਿਉਂਕਿ ਹੁਸ਼ਿਆਰਪੁਰ ਬੱਸ ਅੱਡੇ ਤੋਂ ਬੱਸਾਂ ਨਹੀਂ ਚੱਲੀਆਂ। ਫਰੀਦਕੋਟ ਤੋਂ ਔਰਤਾਂ ਦੇ ਇੱਕ ਸਮੂਹ ਨਾਲ ਚਿੰਤਪੁਰਨੀ ਮੰਦਰ ਮੱਥਾ ਟੇਕਣ ਆਈ 60 ਸਾਲਾ ਸਿਮਰਜੀਤ ਕੌਰ ਨੇ ਦੱਸਿਆ ਕਿ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਉਹ ਘਰ ਵਾਪਸ ਨਹੀਂ ਜਾ ਸਕੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੰਦ ਦੇ ਸੱਦੇ ਬਾਰੇ ਜਾਣਕਾਰੀ ਨਹੀਂ ਸੀ ਅਤੇ ਹੁਸ਼ਿਆਰਪੁਰ ਬੱਸ ਅੱਡੇ ’ਤੇ ਪਹੁੰਚਣ ਤੋਂ ਬਾਅਦ ਹੀ ਇਸ ਬਾਰੇ ਪਤਾ ਲੱਗਾ। ਬੱਸ ਸੇਵਾਵਾਂ ਦੁਪਹਿਰ 2 ਵਜੇ ਤੋਂ ਬਾਅਦ ਹੀ ਮੁੜ ਸ਼ੁਰੂ ਹੋਣ ਦੀ ਉਮੀਦ ਕਾਰਨ ਉਨ੍ਹਾਂ ਕੋਲ ਉਡੀਕ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਫਗਵਾੜਾ ਵਿਚ ਲੁਧਿਆਣਾ ਤੋਂ ਜਲੰਧਰ ਦਰਮਿਆਨ ਕੌਮੀ ਮਾਰਗ-44 ’ਤੇ ਆਵਾਜਾਈ ਨੂੰ ਸਥਾਨਕ ਸ਼ੂਗਰ ਮਿੱਲ ਤੋਂ ਫਗਵਾੜਾ-ਨਕੋਦਰ ਸੜਕ ਵੱਲ ਮੋੜਿਆ ਗਿਆ। ਇਸ ਕਾਰਨ ਵਾਹਨ ਚਾਲਕਾਂ ਨੂੰ ਲੰਮਾ ਚੱਕਰ ਲਗਾਉਣਾ ਪਿਆ। ਟ੍ਰੈਫਿਕ ਇੰਚਾਰਜ ਇੰਸਪੈਕਟਰ ਅਮਨ ਕੁਮਾਰ ਨੇ ਦੱਸਿਆ ਕਿ ਹੋਰ ਇਲਾਕਿਆਂ ਤੋਂ ਆਏ ਪ੍ਰਦਰਸ਼ਨਕਾਰੀਆਂ ਵੱਲੋਂ ਜਲੰਧਰ ਦਿਹਾਤੀ ਜ਼ਿਲ੍ਹੇ ਅਧੀਨ ਇੱਕ ਢਾਬੇ ਨੇੜੇ ਕੌਮੀ ਮਾਰਗ ਰੋਕਣ ਕਾਰਨ ਆਵਾਜਾਈ ਨੂੰ ਬਦਲਵੇਂ ਰਸਤੇ ਰਾਹੀਂ ਚਲਾਇਆ ਗਿਆ। ਕੌਮੀ ਮਾਰਗ ਦੇ ਇਕ ਪਾਸੇ ਲੋਡਿਡ ਟਰੱਕਾਂ ਅਤੇ ਨਿੱਜੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਇਸੇ ਤਰ੍ਹਾਂ ਜਲੰਧਰ ’ਚ ਵੀ ਜਿੱਥੇ ਵੱਖ-ਵੱਖ ਜਥੇਬੰਦੀਆਂ ਨੇ ਸ਼ਹਿਰ ਦੇ ਪ੍ਰਮੁੱਖ ਚੌਂਕਾਂ ’ਚ ਧਰਨੇ ਦੇ ਕੇ ਆਵਾਜਾਈ ਠੱਪ ਰੱਖੀ, ਉੱਥੇ ਦੁਕਾਨਦਾਰਾਂ ਤੇ ਹੋਰਨਾਂ ਨਿੱਜੀ ਕਾਰੋਬਾਰੀਆਂ ਨੇ ਖੁਦ ਹੀ ਆਪਣੀਆਂ ਦੁਕਾਨਾਂ ਤੇ ਕਾਰੋਬਾਰ ਬੰਦ ਰੱਖੇ। ਕਿਸਾਨ ਜਥੇਬੰਦੀਆਂ ਨੇ ਜਲੰਧਰ-ਫਗਵਾੜਾ ਹਾਈਵੇ ਤੇ ਜਲੰਧਰ ਨਕੋਦਰ ਮਾਰਗ ’ਤੇ ਧਰਨੇ ਦੇ ਕੇ ਆਵਾਜਾਈ ਜਾਮ ਰੱਖੀ। 

 

Ad Position 22
No active advertisement
ਪਿਛਲੀ ਖ਼ਬਰ ‘ਪੰਜਾਬ ਬੰਦ’ ਲਈ ਸਹਿਯੋਗ ਦੇਣ ਵਾਲੇ ਸੂਬਾ ਵਾਸੀਆਂ ਦਾ ਧੰਨਵਾਦ- ਗਿਆਨੀ ਹਰਪ੍ਰੀਤ ਸਿੰਘ ਅਗਲੀ ਖ਼ਬਰ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਨੰਗਲ ’ਚ ਅਰਥੀ ਫ਼ੂਕ ਮੁਜ਼ਾਹਰਾ
Ad Position 24