ਅਜੀਤ ਡੋਵਾਲ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਕਰਨਗੇ ਚਰਚਾ
ਬੀਜਿੰਗ, 24 ਅਗਸਤ (ਪੀ.ਟੀ.ਆਈ)-ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਸੋਮਵਾਰ ਨੂੰ ਦੋ ਦਿਨਾਂ ਦੇ ਦੌਰੇ ‘ਤੇ ਬੀਜਿੰਗ ਪਹੁੰਚੇ। ਉਹ ਆਪਣੇ ਚੀਨੀ ਹਮਰੁਤਬਾ ਅਤੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਭਾਰਤ-ਚੀਨ ਸਰਹੱਦੀ ਮੁੱਦੇ ’ਤੇ ਹੋਣ ਵਾਲੀ ਵਿਸ਼ੇਸ਼ ਪ੍ਰਤੀਨਿਧੀਆਂ ਦੀ ਗੱਲਬਾਤ ਵਿਚ ਹਿੱਸਾ ਲੈਣਗੇ। ਇਹ ਗੱਲਬਾਤ ਮੰਗਲਵਾਰ ਨੂੰ ਹੋਣੀ ਹੈ ਅਤੇ ਇਸ ਦੀ ਮਹੱਤਤਾ ਇਸ ਲਈ ਵੀ ਵਧ ਗਈ ਹੈ ਕਿਉਂਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ 12-13 ਸਤੰਬਰ ਨੂੰ ਭਾਰਤ ਵਿੱਚ ਹੋਣ ਵਾਲੇ ਬ੍ਰਿਕਸ ਸੰਮੇਲਨ ਵਿਚ ਸ਼ਾਮਿਲ ਹੋਣ ਬਾਰੇ ਅਜੇ ਵੀ ਅਨਿਸਚਿਤਤਾ ਬਣੀ ਹੋਈ ਹੈ। ਇਹ ਗੱਲਬਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਭਾਰਤ-ਚੀਨ ਸੰਬੰਧਾਂ ਵਿਚ ਸਰਹੱਦ ਅਤੇ ਅਰੁਣਾਚਲ ਪ੍ਰਦੇਸ਼ ਨਾਲ ਜੁੜੇ ਮਤਭੇਦ ਅਜੇ ਵੀ ਮਹੱਤਵਪੂਰਨ ਮੁੱਦੇ ਬਣੇ ਹੋਏ ਹਨ। 2020 ਵਿਚ ਗਲਵਾਨ ਘਾਟੀ ਝੜਪ ਅਤੇ ਪੂਰਬੀ ਲੱਦਾਖ ’ਚ ਲੰਬੇ ਸਮੇਂ ਤੱਕ ਚੱਲੇ ਫ਼ੌਜੀ ਟਕਰਾਅ ਕਾਰਨ ਭਾਰਤ ਅਤੇ ਚੀਨ ਦੇ ਸੰਬੰਧਾਂ ਵਿਚ ਤਣਾਅ ਪੈਦਾ ਹੋ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਸੰਬੰਧਾਂ ਨੂੰ ਸਥਿਰ ਕਰਨ ਲਈ ਕਈ ਕਦਮ ਚੁੱਕੇ ਹਨ। ਸੋਮਵਾਰ ਨੂੰ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਵਿਸ਼ੇਸ਼ ਪ੍ਰਤੀਨਿਧੀਆਂ ਦੀ ਗੱਲਬਾਤ ਦਾ ਐਲਾਨ ਕਰਦਿਆਂ ਕਿਹਾ ਕਿ ਡੋਵਾਲ ਅਤੇ ਵਾਂਗ ਯੀ ਸਰਹੱਦੀ ਮੁੱਦੇ ਦੇ ਨਾਲ-ਨਾਲ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਸੰਬੰਧਾਂ ਬਾਰੇ ਡੂੰਘੀ ਚਰਚਾ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ-ਚੀਨ ਵਿਸ਼ੇਸ਼ ਪ੍ਰਤੀਨਿਧੀਆਂ ਦੀ ਗੱਲਬਾਤ ਦੋਵਾਂ ਦੇਸ਼ਾਂ ਵਿਚਕਾਰ ਸਰਹੱਦੀ ਮੁੱਦੇ ’ਤੇ ਵਾਰਤਾਲਾਪ ਦਾ ਮੁੱਖ ਮਾਧਿਅਮ ਹੈ। ਇਹ ਦੋਵਾਂ ਧਿਰਾਂ ਲਈ ਆਪਸੀ ਹਿਤਾਂ ਨਾਲ ਜੁੜੇ ਮੁੱਦਿਆਂ ’ਤੇ ਸੰਚਾਰ ਦਾ ਇੱਕ ਮਹੱਤਵਪੂਰਨ ਮੰਚ ਵੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਅਗਸਤ ਵਿਚ ਚੀਨ ਅਤੇ ਭਾਰਤ ਨੇ ਗੱਲਬਾਤ ਦਾ 24ਵਾਂ ਦੌਰ ਸਫਲਤਾਪੂਰਵਕ ਪੂਰਾ ਕੀਤਾ ਸੀ। ਇਸ ਦੌਰਾਨ ਦੋਵਾਂ ਧਿਰਾਂ ਨੇ ਸਰਹੱਦੀ ਮੁੱਦੇ ’ਤੇ ਖੁੱਲ੍ਹ ਕੇ ਅਤੇ ਡੂੰਘਾਈ ਨਾਲ ਵਿਚਾਰ ਸਾਂਝੇ ਕੀਤੇ ਸਨ।