ਪੇਂਡੂ ਖੇਡ ਮੈਦਾਨ ਨੌਜਵਾਨਾਂ ਨੂੰ ਬੁਰਾਈਆਂ ਤੋਂ ਰੋਕਣ ’ਚ ਵੱਡਾ ਯੋਗਦਾਨ ਪਾਉਣਗੇ-ਭਗਵੰਤ ਮਾਨ

ਪਾਤੜਾਂ, 24 ਅਗਸਤ (ਜਗਦੀਸ਼ ਸਿੰਘ ਕੰਬੋਜ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡ ਦੇਧਨਾ ਤੋਂ ਵੱਖ-ਵੱਖ ਜ਼ਿਲ੍ਹਿਆਂ ’ਚ ਸਥਾਪਿਤ ਕੀਤੇ ਗਏ 509 ਤੋਂ ਵੱਧ ਆਧੁਨਿਕ ‘ਪੇਂਡੂ ਖੇਡ ਮੈਦਾਨਾਂ’ ਦਾ ਉਦਘਾਟਨ ਕਰਕੇ ਜ਼ਮੀਨੀ ਪੱਧਰ ’ਤੇ ਖੇਡਾਂ ਨੂੰ ਹੁਲਾਰਾ ਦੇਣ ਵੱਲ ਵੱਡਾ ਕਦਮ ਚੁੱਕਿਆ। ਨਾਲ ਹੀ ਹੁਣ ਤੱਕ ਨੌਜਵਾਨਾਂ ਨੂੰ ਸਮਰਪਿਤ ਕੀਤੇ ਗਏ ਖੇਡ ਮੈਦਾਨਾਂ ਦੀ ਕੁੱਲ ਗਿਣਤੀ 764 ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਪਿੰਡਾਂ ਦੇ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਖੇਡ ਸਹੂਲਤਾਂ ਪ੍ਰਦਾਨ ਕਰੇਗੀ ਅਤੇ ‘ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੁੜਨ’ ਦੇ ਸੁਨੇਹੇ ਨੂੰ ਉਤਸ਼ਾਹਿਤ ਕਰਦਿਆਂ ਨਸ਼ਿਆਂ ਵਿਰੁੱਧ ਸਰਕਾਰ ਦੀ ਲੜਾਈ ਨੂੰ ਹੋਰ ਮਜ਼ਬੂਤ ਕਰੇਗੀ। ਮੁੱਖ ਮੰਤਰੀ ਨੇ ਆਧੁਨਿਕ ਖੇਡ ਸਟੇਡੀਅਮ ਦਾ ਉਦਘਾਟਨ ਕਰਨ ਮਗਰੋਂ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਅਤੇ ਡੀ.ਟੀ.ਓ. ਕਰਨ ਸਿੰਘ ਦੇ ਯਤਨਾਂ ਨਾਲ ਇਕੱਤਰ ਕੀਤੇ ਗਏ ਹਲਕੇ ਦੇ ਲੋਕਾਂ ਦੀ ਵੱਡੀ ਸ਼ਮੂਲੀਅਤ ਵਾਲੀ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਖੇਡ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਸਾਲ ਪੰਜਾਬ ਭਰ ’ਚ ਆਧੁਨਿਕ ਸਹੂਲਤਾਂ ਨਾਲ ਲੈਸ 3100 ਪੇਂਡੂ ਖੇਡ ਮੈਦਾਨ ਮੁਕੰਮਲ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ 764 ਖੇਡ ਮੈਦਾਨ ਸਮਰਪਿਤ ਖਿਡਾਰੀਆਂ ਨੂੰ ਅਰਪਣ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ’ਚ ਸਾਰੇ ਪੇਂਡੂ ਖੇਡ ਮੈਦਾਨਾਂ ਵਿਚ ਵਾਲੀਬਾਲ, ਫੁੱਟਬਾਲ, ਕ੍ਰਿਕਟ ਅਤੇ ਹੋਰ ਰਵਾਇਤੀ ਖੇਡਾਂ ਲਈ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਰਾਤ ਨੂੰ ਖੇਡਣ ਲਈ ਹਾਈ-ਮਾਸਟ ਲਾਈਟਾਂ, ਪੈਦਲ ਚੱਲਣ ਵਾਲੇ ਟਰੈਕਾਂ ਦੇ ਨਾਲ ਫੁੱਟ ਲਾਈਟਾਂ ਅਤੇ ਸਾਰੇ ਪੇਂਡੂ ਖੇਡ ਮੈਦਾਨ ’ਚ ਚੇਨ-ਲਿੰਕ ਫੈਂਸਿੰਗ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸਰਕਾਰ ਨੇ 1744 ਕਰੋੜ ਰੁਪਏ ਦਾ ਖੇਡ ਬਜਟ ਅਲਾਟ ਕੀਤਾ ਹੈ ਅਤੇ 1500 ਕਰੋੜ ਰੁਪਏ ਵਿਸ਼ੇਸ਼ ਤੌਰ ’ਤੇ ਪੇਂਡੂ ਖੇਡ ਮੈਦਾਨ ’ਤੇ ਖ਼ਰਚ ਕੀਤੇ ਜਾ ਰਹੇ ਹਨ। ਸਰਕਾਰ ਪਹਿਲਾਂ ਹੀ 500 ਅੰਤਰਰਾਸ਼ਟਰੀ ਮਿਆਰੀ ਪੇਂਡੂ ਜਿੰਮ ਵੀ ਮੁਕੰਮਲ ਕਰ ਚੁੱਕੀ ਹੈ ਤੇ 30 ਅਗਸਤ ਤੋਂ 13 ਸਤੰਬਰ ਤੱਕ ਪੀ.ਸੀ.ਏ. ਸਟੇਡੀਅਮ ਮੋਹਾਲੀ ਵਿਖੇ ਆਈ.ਪੀ.ਐਲ. ਦੀ ਤਰਜ਼ ’ਤੇ ਟੀ-20 ਲੀਗ ਵੀ ਕਰਵਾਈ ਜਾ ਰਹੀ ਹੈ। ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 2022 ਤੋਂ ਹੁਣ ਤੱਕ 40,415 ਖਿਡਾਰੀਆਂ ਨੂੰ 135 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਭ੍ਰਿਸ਼ਟਾਚਾਰ, ਨਸ਼ਿਆਂ ਅਤੇ ਬੇਰੁਜ਼ਗਾਰੀ ਖ਼ਿਲਾਫ਼ ਹੈ, ਜਦਕਿ ਵਿਰੋਧੀ ਪਾਰਟੀਆਂ ਸਿਰਫ਼ ਕੁਰਸੀ ਲਈ ਲੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰੱਖੜੀ ’ਤੇ ਨਵੀਂ ਰਜਿਸਟ੍ਰੇਸ਼ਨ ਪੂਰੀ ਕਰਨ ਵਾਲੀਆਂ ਭੈਣਾਂ ਦੇ ਖਾਤਿਆਂ ’ਚ ‘ਸਨਮਾਨ ਰਾਸ਼ੀ’ ਜਮ੍ਹਾਂ ਕਰਵਾਈ ਜਾ ਰਹੀ ਹੈ। ਉਨ੍ਹਾਂ ਹਲਕਾ ਸ਼ੁਤਰਾਣਾ ਦੀ ਗੱਲ ਕਰਦਿਆਂ ਕਿਹਾ ਕਿ ਇਸ ਹਲਕੇ ਦੇ ਲੋਕਾਂ ਨੂੰ ਜਿੱਥੇ ਛੇਤੀ ਪਟਿਆਲਾ ਤੋਂ ਪਾਤੜਾਂ ਤੱਕ ਚਾਰ ਮਾਰਗੀ ਸੜਕ ਬਣਾ ਕੇ ਵੱਡੀ ਸਹੂਲਤ ਦਿੱਤੀ ਜਾ ਰਹੀ ਹੈ ਉੱਥੇ ਹੀ ਕਰੋੜਾਂ ਰੁਪਏ ਦੀ ਲਾਗਤ ਨਾਲ ਹਸਪਤਾਲ ਬਣਾ ਕੇ ਉਨ੍ਹਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਅਤੇ ਆੜ੍ਹਤੀਆਂ ਦੀ ਮੁਸ਼ਕਿਲ ਨੂੰ ਦੇਖਦਿਆਂ ਪਾਤੜਾਂ ਦੀ ਨਵੀਂ ਅਨਾਜ ਮੰਡੀ ਬਣਾਏ ਜਾਣ ਦੀ ਯੋਜਨਾ ਵੀ ਛੇਤੀ ਹੀ ਤਿਆਰ ਕੀਤੀ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਵਨਿੰਦਰ ਕੌਰ ਲੂੰਬਾ ਤੇ ਸੀਨੀਅਰ ‘ਆਪ’ ਆਗੂ ਕਰਨ ਸਿੰਘ ਡੀ.ਟੀ.ਓ. ਨੇ ਹਲਕੇ ਵਿਚ ਨਵੇਂ ਖੇਡ ਸਟੇਡੀਅਮ ਬਣਾ ਕੇ ਨੌਜਵਾਨਾਂ ਨੂੰ ਅਰਪਣ ਕਰਨ ਤੇ ਹਲਕੇ ’ਚ ਵਿਕਾਸ ਕਾਰਜ ਕਰਨ ਦੇ ਕੀਤੇ ਗਏ ਐਲਾਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ, ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ, ਅੰਮ੍ਰਿਤਪਾਲ ਸਿੰਘ ਕਾਲੇਕਾ ਪ੍ਰਧਾਨ ਨਗਰ ਕੌਂਸਲ ਪਾਤੜਾਂ, ਕੁਲਦੀਪ ਸਿੰਘ ਥਿੰਦ ਸੀਨੀਅਰ ‘ਆਪ’ ਆਗੂ, ਮਦਨ ਲਾਲ ਗੋਇਲ ਪ੍ਰਧਾਨ ਸ਼ਹਿਰੀ, ਮਿੱਠੂ ਸਿੰਘ ਪ੍ਰਧਾਨ ਨਗਰ ਪੰਚਾਇਤ ਘੱਗਾ, ਬਿੱਟੂ ਘੱਗਾ, ਤਜਿੰਦਰ ਸਿੰਘ ਤੇਜੀ ਅਤੇ ਰਣਜੀਤ ਸਿੰਘ ਸਮੇਤ ਹੋਰ ਬਹੁਤ ਸਾਰੇ ਆਗੂ ਮੌਜੂਦ ਸਨ।