ਨਵੀਂ ਦਿੱਲੀ, 6 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਅਦ ਐਤਵਾਰ ਨੂੰ ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਵਿਰੋਧੀ ਪਾਰਟੀਆਂ ’ਤੇ ‘ਨਾਰਾਜ਼ ਫੁੱਫੜ’ ਵਾਲਾ ਤੰਜ਼ ਕੱਸਿਆ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੀ ਤਰੱਕੀ ਦਾ ਚਾਹੇ ਕਿੰਨਾ ਵੀ ਵਿਰੋਧ ਕਰ ਲੈਣ, ਲੋਕਾਂ ਦੇ ਸਮਰਥਨ ਨਾਲ ‘2047 ਤੱਕ ਵਿਕਸਿਤ ਭਾਰਤ’ ਦਾ ਸੰਕਲਪ ਪੂਰਾ ਹੋ ਕੇ ਰਹੇਗਾ। ਇਹ ਟਿੱਪਣੀ ਪ੍ਰਧਾਨ ਮੰਤਰੀ ਦੇ ਉਸ ਬਿਆਨ ਦੇ ਇਕ ਦਿਨ ਬਾਅਦ ਆਈ ਹੈ, ਜਿਸ ’ਚ ਉਨ੍ਹਾਂ ਕਿਹਾ ਸੀ ਭਾਰਤ ਨਾ ਕੇਵਲ 7.8 ਫੀਸਦੀ ਦੀ ਵਿਕਾਸ ਦਰ ਨਾਲ ਅੱਗੇ ਵਧ ਰਿਹਾ ਹੈ, ਬਲਕਿ ਜੰਗ ਤੇ ਰੁਕਾਵਟਾਂ ਦੇ ਬਾਵਜੂਦ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰ ਰਿਹਾ ਹੈ। ਇਸ ਦੌਰਾਨ ਉਨ੍ਹਾਂ ਵਿਰੋਧੀ ਧਿਰ ’ਤੇ ਨਿਸ਼ਾਨਾ ਸਾਧਣ ਲਈ ‘ਨਾਰਾਜ਼ ਫੁੱਫੜ’ ਦੀ ਉਦਾਹਰਨ ਦਿੱਤੀ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਨਾਰਾਜ਼ ਫੁੱਫੜ’ ਵਾਲੀ ਟਿੱਪਣੀ ’ਤੇ ਕਾਂਗਰਸ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਜਿਹੀਆਂ ਟਿੱਪਣੀਆਂ ਦੀ ਵਰਤੋਂ ਵਿਰੋਧੀ ਧਿਰ ਨੂੰ ਹਰ ਸਾਲ ਇਕ ਨਵਾਂ ਨਾਂਅ ਦੇਣ ਦੀ ਉਨ੍ਹਾਂ (ਮੋਦੀ) ਦੀ ਉਸ ਰਣਨੀਤੀ ਦਾ ਹਿੱਸਾ ਹੈ, ਜਿਸ ਨਾਲ ਉਹ ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾ ਸਕਣ। ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਨਰਿੰਦਰ ਮੋਦੀ ਕੱਲ੍ਹ ਸ੍ਰੀ ਰਾਮ ਕਾਲਜ ਗਏ ਸਨ, ਜਿਥੇ ਦੇਸ਼ ਦੇ ਨੌਜਵਾਨਾਂ, ਸਿੱਖਿਆ ਤੇ ਉਨ੍ਹਾਂ ਦੇ ਭਵਿੱਖ ’ਤੇ ਗੱਲਬਾਤ ਕਰਨ ਦਾ ਮੌਕਾ ਸੀ, ਪਰ ਅਫ਼ਸੋਸ ਨੌਜਵਾਨਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਬਜਾਏ ਭਾਸ਼ਣ ਇਕ ਰਾਜਨੀਤਕ ਮੁਹਿੰਮ ’ਚ ਬਦਲ ਗਿਆ।