ਨਾਗੋਆ, 4 ਅਕਤੂਬਰ (ਪੀ. ਟੀ. ਆਈ.)-ਜਪਾਨ ਦੇ ਸੱਭਿਆਚਾਰ ਅਤੇ ਮਹਿਮਾਨ-ਨਿਵਾਜ਼ੀ ਦੀ ਸ਼ਾਨਦਾਰ ਝਲਕ ਨਾਲ ਸਜੇ ਰੌਸ਼ਨੀ ਅਤੇ ਰੰਗਾਰੰਗ ਪ੍ਰੋਗਰਾਮ ਨਾਲ 20ਵੀਆਂ ਆਈਚੀ-ਨਾਗੋਆ ਏਸ਼ਿਆਈ ਖੇਡਾਂ ਦੀ ਸਮਾਪਤੀ ਹੋ ਗਈ। 19 ਸਤੰਬਰ ਤੋਂ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਚੱਲੀਆਂ ਇਨ੍ਹਾਂ ਖੇਡਾਂ ਦੇ ਸਮਾਪਤੀ ਸਮਾਗਮ ਦੌਰਾਨ ਏਸ਼ੀਆ ਦੇ 45 ਦੇਸ਼ਾਂ ਦੇ ਖਿਡਾਰੀ ਮਿਜ਼ੂਹੋ ਪਾਰਕ ਐਥਲੈਟਿਕ ਸਟੇਡੀਅਮ ਵਿਚ ਜਸ਼ਨ ਦੇ ਮਾਹੌਲ ਵਿਚ ਸ਼ਾਮਿਲ ਹੋਏ। ਸਮਾਪਤੀ ਸਮਾਰੋਹ 90 ਮਿੰਟ ਤੱਕ ਚੱਲਿਆ। ਹਾਲਾਂਕਿ, ਇਨ੍ਹਾਂ ਖੇਡਾਂ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਬੰਧਕੀ ਮੁਸ਼ਕਲਾਂ ਅਤੇ ਕੁਪ੍ਰਬੰਧਨ ਵਰਗੀਆਂ ਸਮੱਸਿਆਵਾਂ ਵੀ ਦੇਖਣ ਨੂੰ ਮਿਲੀਆਂ ਸਨ। ਉਲੰਪਿਕ ਕੌਂਸਲ ਆਫ਼ ਏਸ਼ੀਆ (ਓ.ਸੀ.ਏ.) ਦੇ ਪ੍ਰਧਾਨ ਸ਼ੇਖ ਜੋਆਨ ਬਿਨ ਹਮਾਦ ਅਲ ਥਾਨੀ ਨੇ ਕ੍ਰਾਊਨ ਪ੍ਰਿੰਸ ਅਤੇ ਕ੍ਰਾਊਨ ਪ੍ਰਿੰਸੈਸ ਅਕਿਸ਼ੀਨੋ ਦੀ ਮੌਜੂਦਗੀ ਵਿਚ ਖੇਡਾਂ ਦੀ ਸਮਾਪਤੀ ਦਾ ਐਲਾਨ ਕੀਤਾ। ਬਾਅਦ ਵਿਚ ਓ.ਸੀ.ਏ. ਦਾ ਝੰਡਾ ਕਤਰ ਵਿਚ ਹੋਣ ਵਾਲੀਆਂ 2030 ਏਸ਼ਿਆਈ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਨੁਮਾਇੰਦੇ ਨੂੰ ਸੌਂਪਿਆ ਗਿਆ।ਦੋਹਾ ਨੂੰ ਓ.ਸੀ.ਏ. ਝੰਡਾ ਸੌਂਪਣ ਦੇ ਸਮਾਗਮ ਵਿਚ ਕਤਰ ਦੇ ਉਲੰਪਿਕ ਅਤੇ ਵਿਸ਼ਵ ਚੈਂਪੀਅਨ ਮੁਤਾਜ਼ ਬਸ਼ਿਮ ਸ਼ਾਮਿਲ ਹੋਏ। ਇਨ੍ਹਾਂ ਖੇਡਾਂ ਵਿਚ ਦੋ ਸੋਨੇ ਅਤੇ ਇਕ ਚਾਂਦੀ ਦਾ ਤਗਮਾ ਜਿੱਤਣ ਵਾਲੀ ਟਰੈਪ ਸ਼ੂਟਰ ਨੀਰੂ ਢਾਂਡਾ ਦੀ ਅਗਵਾਈ ਵਿਚ ਭਾਰਤੀ ਖਿਡਾਰੀ ਵੀ ਇਸ ਜਸ਼ਨ ਦੇ ਮਾਹੌਲ ਵਿਚ ਸ਼ਾਮਿਲ ਹੋਏ। ਚਿੱਟੇ ਅਤੇ ਨੀਲੇ ਰੰਗ ਦੀਆਂ ਕਿੱਟਾਂ ਪਹਿਨੇ ਲਗਭਗ 30 ਭਾਰਤੀ ਖਿਡਾਰੀਆਂ ਅਤੇ ਅਧਿਕਾਰੀਆਂ ਨੇ ਤਿਰੰਗਾ ਲਹਿਰਾਉਂਦੇ ਹੋਏ ‘ਐਥਲੀਟ ਪਰੇਡ’ ਵਿਚ ਹਿੱਸਾ ਲਿਆ।ਸਮਾਪਤੀ ਸਮਾਰੋਹ ਦੇ ‘ਇਕ ਏਸ਼ੀਆ’ ਦੇ ਸੰਕਲਪ ਨੂੰ ਦਰਸਾਉਣ ਲਈ ਸਟੇਡੀਅਮ ਦੇ ਵਿਚਕਾਰ ਇਕ ਛੇ-ਕੋਨਾ ਮੰਚ ਸਥਾਪਤ ਕੀਤਾ ਗਿਆ ਸੀ, ਜੋ ਇਸ ਸ਼ੋਅ ਦਾ ਮੁੱਖ ਆਕਰਸ਼ਣ ਰਿਹਾ। ਸ਼ਾਨਦਾਰ ਸਮਾਪਤੀ ਸਮਾਰੋਹ ਦੌਰਾਨ ਇਸ ਨੂੰ ਲੈਂਟਰਨਾਂ (ਰਵਾਇਤੀ ਲਾਲਟੈਣਾਂ) ਨਾਲ ਸਜਾਇਆ ਗਿਆ ਸੀ, ਜੋ ਜਪਾਨੀ ਗਰਮੀਆਂ ਦਾ ਇਕ ਖਾਸ ਪ੍ਰਤੀਕ ਹਨ। ਓ.ਸੀ.ਏ. (ਓ.ਸੀ.ਏ.) ਦੇ ਪ੍ਰਧਾਨ ਸ਼ੇਖ ਜੋਆਨ ਬਿਨ ਹਮਾਦ ਅਲ ਥਾਨੀ ਨੇ ਕਿਹਾ ਕਿ ਆਈਚੀ-ਨਾਗੋਆ ਏਸ਼ਿਆਈ ਖੇਡਾਂ ਨੇ ਏਸ਼ਿਆਈ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਿਆ ਹੈ।ਅਲ ਥਾਨੀ ਨੇ ਕਿਹਾ ਕਿ ਮੈਂ ਹੁਣ ਆਈਚੀ-ਨਾਗੋਆ ਏਸ਼ਿਆਈ ਖੇਡਾਂ ਦੇ ਅਧਿਕਾਰਤ ਤੌਰ ‘ਤੇ ਸਮਾਪਤ ਹੋਣ ਦਾ ਐਲਾਨ ਕਰਦਾ ਹਾਂ। ਪ੍ਰਦਰਸ਼ਨ ਦੇ ਕੇਂਦਰ ਵਿਚ ‘ਬੋਨ-ਓਡੋਰੀ’ ਡਾਂਸ ਸੀ, ਜਿਸ ਦੀ ਸ਼ੁਰੂਆਤ ਜਪਾਨ ਵਿਚ ਹੋਈ ਸੀ ਅਤੇ ਜੋ ਹੁਣ ਪੀੜ੍ਹੀਆਂ ਅਤੇ ਕੌਮੀਅਤਾਂ ਦੀਆਂ ਹੱਦਾਂ ਪਾਰ ਕਰਕੇ ਹੋਰ ਏਸ਼ਿਆਈ ਦੇਸ਼ਾਂ ਵਿਚ ਵੀ ਪ੍ਰਸਿੱਧ ਹੈ। ਇਸ ਨੂੰ ‘ਮਾਤਸੁਕੇਨ ਸਾਂਬਾ 2’ ਗੀਤ ਰਾਹੀਂ ਪੇਸ਼ ਕੀਤਾ ਗਿਆ ਸੀ, ਜੋ ਨਾਗੋਆ ਦੇ ਵਿਲੱਖਣ ਸੁਹਜ ਨਾਲ ਭਰਪੂਰ ਹੈ ਅਤੇ ਜਪਾਨੀ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਜਾਂਦਾ ਹੈ।ਵਿਸ਼ੇਸ਼ ਮਹਿਮਾਨਾਂ ਦੇ ਆਗਮਨ ਤੋਂ ਬਾਅਦ ਇਕ ਸ਼ਾਨਦਾਰ ਲੇਜ਼ਰ ਲਾਈਟ ਸ਼ੋਅ ਹੋਇਆ, ਜਿਸ ਵਿਚ ਨਾਗੋਆ ਸਕੂਲ ਆਫ਼ ਮਿਊਜ਼ਿਕ ਐਂਡ ਡਾਂਸ ਦੇ ਕਲਾਕਾਰਾਂ ਨੇ ‘ਚੈਰੀ ਬਲੌਸਮ’ (ਚੈਰੀ ਦੇ ਫੁੱਲਾਂ) ਨਾਲ ਸਜੇ ਪਹਿਰਾਵੇ ਪਹਿਨ ਕੇ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਖਿਡਾਰੀਆਂ ਦੀ ਪਰੇਡ ਹੋਈ। ਸਿਰਫ਼ ਝੰਡਾ ਬਰਦਾਰਾਂ ਨੇ, ਜਿਨ੍ਹਾਂ ਵਿਚ ਭਾਰਤ ਦੀ ਨੀਰੂ ਢਾਂਡਾ ਵੀ ਸ਼ਾਮਿਲ ਸੀ, ਮਾਰਚ ਕੀਤਾ। ਫਿਰ ਰੌਸ਼ਨੀ ਅਤੇ ਸੰਗੀਤ ਦੀ ਧੁਨ ‘ਤੇ 45 ਦੇਸ਼ਾਂ ਦੇ ਦਲ ਅਖਾੜੇ ਵਿਚ ਦਾਖਲ ਹੋਏ। ਇਸ ਤੋਂ ਬਾਅਦ ਖੇਡਾਂ ਦੌਰਾਨ ਹੋਏ ਕੁਝ ਯਾਦਗਾਰੀ ਪ੍ਰਦਰਸ਼ਨਾਂ ਅਤੇ ਮੁਕਾਬਲਿਆਂ ਦੀਆਂ ਝਲਕੀਆਂ ਦਿਖਾਈਆਂ ਗਈਆਂ।ਓ.ਸੀ.ਏ. ਪ੍ਰਧਾਨ ਵਲੋਂ ਪਹਿਲੀਆਂ ਏਸ਼ਿਆਈ ਖੇਡਾਂ ਦੀ ਮਸ਼ਾਲ ਅਤੇ ਓ.ਸੀ.ਏ. ਝੰਡੇ ਦੇ ਨਾਲ-ਨਾਲ ਮੌਜੂਦਾ ਓ.ਸੀ.ਏ. ਝੰਡਾ ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲਰਹਿਮਾਨ ਅਲ ਥਾਨੀ ਨੂੰ ਸੌਂਪਿਆ ਗਿਆ।ਕਤਰ ਦੇ ਸਭ ਤੋਂ ਸਫਲ ਖਿਡਾਰੀ ਬਸ਼ਿਮ ਨੇ ਮੁੱਖ ਮੰਚ ਸੰਭਾਲਿਆ। ਉਨ੍ਹਾਂ ਓ.ਸੀ.ਏ. ਝੰਡਾ ਲਿਆ ਅਤੇ ਵੱਡੀ ਸਕ੍ਰੀਨ ‘ਤੇ ਉਨ੍ਹਾਂ ਨੂੰ ਉੱਚੀ ਛਾਲ (ਹਾਈ ਜੰਪ) ਦੇ ਮੁਕਾਬਲੇ ਵਿਚ ਹਿੱਸਾ ਲੈਂਦੇ ਅਤੇ ਸਟੈਂਡਾਂ ਤੋਂ ਦੇਖਦੇ ਹੋਏ ਡਿਜੀਟਲ ਚਿੱਤਰ ਰਾਹੀਂ ਦਿਖਾਇਆ ਗਿਆ।
ਆਈਚੀ-ਨਾਗੋਆ ਖੇਡਾਂ ਦੌਰਾਨ 54 ਵਿਸ਼ਵ ਰਿਕਾਰਡ, 11 ਜੂਨੀਅਰ ਵਿਸ਼ਵ ਰਿਕਾਰਡ, 89 ਏਸ਼ੀਅਨ ਰਿਕਾਰਡ ਅਤੇ 212 ਏਸ਼ੀਆਈ ਖੇਡਾਂ ਦੇ ਰਿਕਾਰਡ ਸਮੇਤ 350 ਤੋਂ ਵੱਧ ਰਿਕਾਰਡ ਟੁੱਟੇ ਹਨ। ਭਾਰਤ 85 ਤਗਮਿਆਂ (21 ਸੋਨੇ, 27 ਚਾਂਦੀ, 37 ਕਾਂਸੀ) ਨਾਲ ਤਗਮਾ ਸੂਚੀ ਵਿਚ ਚੌਥੇ ਸਥਾਨ ’ਤੇ ਰਿਹਾ। ਇਹ ਗਿਣਤੀ ਹਾਂਗਜ਼ੂ (ਚੀਨ) ਵਿਚ ਹੋਈਆਂ ਪਿਛਲੀਆਂ ਖੇਡਾਂ ਦੇ ਮੁਕਾਬਲੇ 21 ਘੱਟ ਸੀ।ਚੀਨ ਲਗਾਤਾਰ 12ਵੀਂ ਵਾਰ ਸੂਚੀ ਵਿਚ ਸਿਖਰ ’ਤੇ ਰਿਹਾ। ਉਸ ਨੇ ਕੁੱਲ 341 ਤਗਮੇ (169 ਸੋਨੇ, 89 ਚਾਂਦੀ ਅਤੇ 83 ਕਾਂਸੀ) ਜਿੱਤੇ, ਜੋ ਕਿ ਦੇਸ਼ ਦੇ ਬਾਹਰ ਹੋਈਆਂ ਏਸ਼ਿਆਈ ਖੇਡਾਂ ਵਿਚ ਉਸ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਮੇਜ਼ਬਾਨ ਜਪਾਨ 269 ਤਗਮਿਆਂ (83 ਸੋਨੇ, 95 ਚਾਂਦੀ ਅਤੇ 91 ਕਾਂਸੀ) ਨਾਲ ਦੂਜੇ ਸਥਾਨ ’ਤੇ ਰਿਹਾ, ਜਦਕਿ ਦੱਖਣੀ ਕੋਰੀਆ 39 ਸੋਨੇ, 43 ਚਾਂਦੀ ਅਤੇ 68 ਕਾਂਸੀ ਦੇ ਤਗਮਿਆਂ ਨਾਲ ਉਸ ਤੋਂ ਪਿੱਛੇ ਰਿਹਾ।