06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਕਾਂਗਰਸ ਦੀ ਅਗਵਾਈ ਹੇਠ 19 ਵਿਰੋਧੀ ਪਾਰਟੀਆਂ ਦਾ ਸ਼ਕਤੀ ਪ੍ਰਦਰਸ਼ਨ

* ਕਿਲ੍ਹੇ ’ਚ ਤਬਦੀਲ ਹੋਈ ਕੇਂਦਰੀ ਦਿੱਲੀ * ਰਾਹੁਲ, ਪ੍ਰਿਅੰਕਾ ਸਮੇਤ 250 ਨੂੰ ਹਿਰਾਸਤ ’ਚ ਲੈ ਕੇ ਛੱਡਿਆ ਉਪਮਾ ਡਾਗਾ ਪਾਰਥ ​ਨਵੀਂ ਦਿੱਲੀ, 6 ਅਕਤੂਬਰ-‘ਲੋਕਤੰਤਰ ਬਚਾਓ’ ਦਾ ਹੋਕਾ ਦਿੰਦਿਆਂ ਕਾਂਗਰਸ ਦੀ ਅਗਵਾਈ ਹੇਠ 19 ਸਿਆਸੀ ਪਾਰਟੀਆਂ ਦੇ ਤਕਰੀਬਨ 300 ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਸੜਕਾਂ ’ਤੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਸੰਸਦ ਦੇ ਮਕਰ ...

Ad Position 21
No active advertisement
ਅਜੀਤ ਡੈਸਕ 07-10-2026

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 6 ਅਕਤੂਬਰ-‘ਲੋਕਤੰਤਰ ਬਚਾਓ’ ਦਾ ਹੋਕਾ ਦਿੰਦਿਆਂ ਕਾਂਗਰਸ ਦੀ ਅਗਵਾਈ ਹੇਠ 19 ਸਿਆਸੀ ਪਾਰਟੀਆਂ ਦੇ ਤਕਰੀਬਨ 300 ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਸੜਕਾਂ ’ਤੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਸੰਸਦ ਦੇ ਮਕਰ ਦੁਆਰ ਤੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਮਾਰਚ ਕੱਢਿਆ। ਹਾਲਾਂਕਿ ਪੁਲਿਸ ਵਲੋਂ ਮਾਰਚ ਨੂੰ ਉਸ ਦੀ ਪ੍ਰਸਤਾਵਿਤ ਮੰਜ਼ਿਲ (ਚੋਣ ਕਮਿਸ਼ਨ ਦੇ ਮੁੱਖ ਦਫ਼ਤਰ) ‘ਨਿਰਵਾਚਨ ਸਦਨ’ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਅਤੇ ਕਈ ਨੇਤਾਵਾਂ ਨੂੰ ਹਿਰਾਸਤ ’ਚ ਲੈ ਲਿਆ। ਮਾਰਚ ਰੋਕਣ ਤੋਂ ਖ਼ਫਾ ਹੋਏ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਅਖਿਲੇਸ਼ ਯਾਦਵ ਸਮੇਤ ਸਾਰੇ ਸੰਸਦ ਮੈਂਬਰ ਨਿਰਵਾਚਨ ਸਦਨ ਦੇ ਕੋਲ ਲਗਦੀ ਇਮਾਰਤ ‘ਅਕਾਸ਼ਵਾਣੀ ਭਵਨ’ ’ਚ ਧਰਨੇ ’ਤੇ ਬੈਠ ਗਏ। ਰਾਹੁਲ ਗਾਂਧੀ ਨੇ ਸਵਾਲ ਚੁੱਕਦਿਆਂ ਕਿਹਾ ਕਿ 300 ਸੰਸਦ ਮੈਂਬਰ ਗਿਆਨੇਸ਼ ਕੁਮਾਰ ਨੂੰ ਮਿਲਣਾ ਚਾਹੁੰਦੇ ਹਨ, ਜੇਕਰ ਲੋਕਾਂ ਦੇ ਨੁਮਾਇੰਦਿਆਂ ਨਾਲ ਚੋਣ ਕਮਿਸ਼ਨ ਨਹੀਂ ਮਿਲੇਗਾ ਤਾਂ ਲੋਕਤੰਤਰ ਦਾ ਕੀ ਅਰਥ ਹੈ। ਹਾਲਾਂਕਿ ਚੋਣ ਕਮਿਸ਼ਨ ਹਲਕਿਆਂ ਮੁਤਾਬਿਕ ਕਮਿਸ਼ਨ ਨੂੰ ਕਾਂਗਰਸ ਜਾਂ ਕਿਸੇ ਹੋਰ ਵਿਰੋਧੀ ਧਿਰ ਵਲੋਂ ਬੈਠਕ ਬਾਰੇ ਕੋਈ ਸੂਚਨਾ ਨਹੀਂ  ਮਿਲੀ ਸੀ। ਦੂਜੇ ਪਾਸੇ ਭਾਜਪਾ ਨੇ ਵਿਰੋਧੀ ਧਿਰਾਂ ਵਲੋਂ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕੀਤੇ ਮਾਰਚ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਉਸਦੇ ਗੱਠਜੋੜ ਭਾਈਵਾਲਾਂ ਵਲੋਂ ਅਰਾਜਕਤਾ ਪੈਦਾ ਕਰਨ ਅਤੇ ਰਾਹੁਲ ਗਾਂਧੀ ਨੂੰ ਫਿਰ ਤੋਂ ਲਾਂਚ ਕਰਨ ਦੀ ਇਕ ਹੋਰ ਕੋਸ਼ਿਸ਼ ਸੀ। ਵਿਰੋਧੀ ਧਿਰਾਂ ਦੇ ਮਾਰਚ ਦੇ ਮੱਦੇਨਜ਼ਰ ਪੁਲਿਸ ਵਲੋਂ ਸੁਰੱਖਿਆ ਦੇ ਬਹੁ ਪੱਧਰੀ ਇੰਤਜ਼ਾਮ ਕੀਤੇ ਗਏ। ਜਿਸ ਤਹਿਤ ਕੇਂਦਰੀ ਦਿੱਲੀ, ਜਿਥੋਂ ਮਾਰਚ ਨਿਕਲਣਾ ਪ੍ਰਸਤਾਵਿਤ ਸੀ, ਤੱਕ ਪਹੁੰਚਣ ਵਾਲੇ ਸਾਰੇ ਰਸਤਿਆਂ ਦੀ ਨਾਕਾਬੰਦੀ ਕੀਤੀ ਗਈ। ਤਕਰੀਬਨ ਇਕ ਦਰਜਨ ਸੜਕਾਂ ਜਿਨ੍ਹਾਂ ’ਚ ਅਸ਼ੋਕਾ ਰੋਡ, ਰਾਏਸੀਨਾ ਰੋਡ, ਸੰਸਦ ਮਾਰਗ, ਰਫੀ ਮਾਰਗ, ਪੰਤ ਮਾਰਗ ਆਦਿ ਰਾਹ ਸ਼ਾਮਿਲ ਹਨ, ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ। ਭਾਰੀ ਗਿਣਤੀ ’ਚ ਦਿੱਲੀ ਪੁਲਿਸ, ਰੈਪਿਡ ਐਕਸ਼ਨ ਫੋਰਸ, ਬੀ.ਐਸ.ਐਫ. ਜਵਾਨਾਂ ਦੀ ਤਾਇਨਾਤੀ ਕੀਤੀ ਗਈ। ਨਵੀਂ ਦਿੱਲੀ ਜ਼ਿਲ੍ਹੇ ’ਚ 3000 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ, ਜਿਸ ’ਚ ਮਰਦਾਂ ਦੀਆਂ 27 ਅਤੇ ਔਰਤਾਂ ਦੀਆਂ 4 ਕੰਪਨੀਆਂ ਤਾਇਨਾਤ ਕੀਤੀਆਂ। ਥਾਂ-ਥਾਂ ’ਤੇ ਲੱਗੇ ਨਾਕਿਆਂ ਕਾਰਨ ਆਮ ਜਨ-ਜੀਵਨ ਕਾਫ਼ੀ ਪ੍ਰਭਾਵਿਤ ਹੋਇਆ। ਕੇਂਦਰੀ ਦਿੱਲੀ ’ਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਆਪਣੇ ਦਫ਼ਤਰਾਂ ਤੱਕ ਪਹੁੰਚਣ ਲਈ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੁਲਾਜ਼ਮਾਂ ਵਲੋਂ ਆਈ ਕਾਰਡ ਵਿਖਾਉਣ ’ਤੇ ਸੀਮਿਤ ਰਸਤਿਆਂ ਤੋਂ ਪੈਦਲ ਜਾਣ ਦੀ ਇਜਾਜ਼ਤ ਦਿੱਤੀ ਗਈ। ਸਕੂਲਾਂ ਤੋਂ ਆਉਣ ਵਾਲੇ ਬੱਚਿਆਂ ਨੂੰ ਲੈ ਕੇ ਆਉਣ ਵਾਲੀਆਂ ਮਾਵਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਟ੍ਰੈਫ਼ਿਕ ’ਚ ਫਸੇ ਯਾਤਰੀ ਵੀ ਪ੍ਰੇਸ਼ਾਨ ਹੋ ਕੇ ਖੱਜਲ-ਖੁਆਰ ਹੁੰਦੇ ਨਜ਼ਰ ਆਏ। ਨਾਕੇਬੰਦੀ ’ਤੇ ਰੁਕੇ ਇਕ ਕਾਰ ਸਵਾਰ ਨੇ ‘ਅਜੀਤ’ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਪਿਛਲੇ 2 ਘੰਟਿਆਂ ਤੋਂ ਇਕ ਸੜਕ ਤੋਂ ਦੂਜੀ ਸੜਕ ’ਤੇ ਭਟਕ ਰਹੇ ਹਨ। ਪਰ ਪੁਲਿਸ ਕਿਸੇ ਵੀ ਸੜਕ ਤੋਂ ਕਾਰ ਲੰਘਣ ਦੀ ਇਜਾਜ਼ਤ ਨਹੀਂ ਦੇ ਰਹੀ।

ਰਾਹੁਲ ਗਾਂਧੀ ਦੇ ਹੱਥ ’ਚ ਜੈਨ ਜ਼ੀ ਦੀ ਭਾਸ਼ਾ ਦੇ ਨਾਅਰੇ ਵਾਲਾ ਪੋਸਟਰ
ਸਵੇਰੇ ਤਕਰੀਬਨ 11 ਵਜੇ ਸੰਸਦ ਦੇ ਮਕਰ ਦੁਆਰ ’ਤੇ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਇਕੱਠੇ ਹੋਣਾ ਸ਼ੁਰੂ ਕੀਤਾ। ਨੇਤਾਵਾਂ ਦੇ ਹੱਥਾਂ ’ਚ ‘ਵੋਟ ਚੋਰ, ਗਿਆਨੇਸ਼ ਕੁਮਾਰ ਨੂੰ ਹਟਾਓ, ਲੋਕਤੰਤਰ ਬਚਾਓ’ ਅਤੇ ‘ਲੋਕਤੰਤਰ ਵਿਕਰੀ ਲਈ ਨਹੀਂ ਹੈ’, ਸਮੇਤ ਕਈ ਤਰ੍ਹਾਂ ਦੇ ਪੋਸਟਰ ਫੜੇ ਹੋਏ ਸਨ। ਨਾਲ ਹੀ ਇਕ ਵੱਡੇ ਬੈਨਰ ’ਤੇ ਚੋਣ ਕਮਿਸ਼ਨ ’ਤੇ ਤਨਜ਼ ਕੱਸਦਿਆਂ ਨਾਅਰਾ ਵੀ ਸ਼ਾਮਿਲ ਸੀ, ਜਿਸ ’ਤੇ ਲਿਖਿਆ ਸੀ ‘ਇਲੈਕਸ਼ਨ ਕਮਿਸ਼ਨ ਇਜ਼ ਕੰਪਰੋਮਾਈਜ਼ਡ’ ਪਰ ਜਿਸ ਪੋਸਟਰ ਨੇ ਸਭ ਤੋਂ ਵੱਧ ਧਿਆਨ ਖਿੱਚਿਆ ਉਹ ਰਾਹੁਲ ਗਾਂਧੀ ਦੇ ਹੱਥ ’ਚ ਫੜਿਆ ਪੋਸਟਰ ਸੀ, ਜਿਸ ’ਤੇ ਮੁੱਖ ਚੋਣ ਕਮਿਸ਼ਨਰ ਨੂੰ ਸੰਬੋਧਿਤ ਕਰਦਿਆਂ ਲਿਖਿਆ ਸੀ ‘ਗਿਆਨੇਸ਼ ! ‘ਇਟ ਇਜ਼ ਡਨ ਬਰੋ’। ਜ਼ਿਕਰਯੋਗ ਹੈ ਨਾਅਰੇ ਦੀ ਸ਼ਬਦਾਵਲੀ ਜੈਨ ਜ਼ੀ ਵਲੋਂ ਵਰਤੀ ਜਾਣ ਵਾਲੀ ਭਾਸ਼ਾ ਤੋਂ ਪ੍ਰਭਾਵਿਤ ਹੈ ਜਿਨ੍ਹਾਂ ਨੇ ਹਾਲ ’ਚ ਕੀਤੇ ਪ੍ਰਦਰਸ਼ਨ ਨਾਲ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਅਹੁਦੇ ਤੋਂ ਹਟਾਇਆ ਸੀ। ਇਸ ਪੋਸਟਰ ਦਾ ਮਕਸਦ ਨੌਜਵਾਨ ਵੋਟਰਾਂ ਨਾਲ ਜੁੜਾਵ ਦਾ ਸੰਦੇਸ਼ ਦੇਣਾ ਸੀ।


ਬੀ.ਜੇ.ਡੀ. ਵੀ ਹੋਈ ਮਾਰਚ ’ਚ ਸ਼ਾਮਿਲ
ਵਿਰੋਧੀ ਧਿਰਾਂ ਦੇ ਚੋਣ ਕਮਿਸ਼ਨ ਦੇ ਖ਼ਿਲਾਫ਼ ਮਾਰਚ ’ਚ ਭਾਜਪਾ ਦੇ ਨਜ਼ਦੀਕੀ ਮੰਨੀ ਜਾਂਦੀ ਬੀ.ਜੇ.ਡੀ. ਨੇ ਵੀ ਪਹਿਲੀ ਵਾਰ ਸ਼ਿਰਕਤ ਕੀਤੀ। ਹਾਲਾਂਕਿ ਇੰਡੀਆ ਗੱਠਜੋੜ ਤੋਂ ਦੂਰੀ ਬਣਾਉਣ ਵਾਲੀ ਆਮ ਆਦਮੀ ਪਾਰਟੀ ਅਤੇ ਡੀ.ਐਮ.ਕੇ. ਮਾਰਚ ’ਚ ਸ਼ਾਮਿਲ ਨਹੀਂ ਹੋਈ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਆਪਣੇ ਸੋਸ਼ਲ ਮੀਡੀਆ ਮੰਚ ’ਤੇ ਪਾਏ ਸੰਦੇਸ਼ ’ਚ ਬੀ.ਜੇ.ਡੀ. ਸੰਸਦ ਮੈਂਬਰਾਂ ਦੇ ਸ਼ਾਮਿਲ ਹੋਣ ਦੀ ਜਾਣਕਾਰੀ ਦਿੱਤੀ। ਰਮੇਸ਼ ਨੇ ਕਿਹਾ ਕਿ ਹੋਰ ਵੀ ਵਿਰੋਧੀ ਪਾਰਟੀਆਂ ਨਿਸਚਿਤ ਤੌਰ ’ਤੇ ਭਾਵਨਾ ਦੇ ਪੱਧਰ ’ਤੇ ਸ਼ਾਮਿਲ ਸਨ ਤੇ ਸੰਭਵ ਹੈ ਕਿ ਕੁਝ ਅਜਿਹੀਆਂ ਪਾਰਟੀਆਂ ਵੀ ਹੋਣ ਜੋ ਫਿਲਹਾਲ ਐਨ.ਡੀ.ਏ. ਗੱਠਜੋੜ ’ਚ ਨਹੀਂ ਹਨ।

ਮੁੱਖ ਚੋਣ ਕਮਿਸ਼ਨਰ ਨੂੰ ਮਿਲਣਾ ਹੀ ਪਵੇਗਾ-ਰਾਹੁਲ ਗਾਂਧੀ
ਮੁੱਖ ਚੋਣ ਕਮਿਸ਼ਨਰ ਨਾਲ ਮੁਲਾਕਾਤ ਲਈ ਬਜ਼ਿੱਦ ਰਾਹੁਲ ਗਾਂਧੀ, ਜੋ ਤਕਰੀਬਨ 5 ਘੰਟਿਆਂ ਤੋਂ ਧਰਨੇ ’ਤੇ ਸਨ, ਨੇ ਕਿਹਾ ਕਿ ਸੰਸਦ ਮੈਂਬਰ ਚੋਣ ਕਮਿਸ਼ਨਰ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਮਿਲਣਾ ਹੀ ਪਵੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਸਿਰਫ ਚੋਣ ਕਮਿਸ਼ਨਰ ਨੂੰ ਮਿਲ ਕੇ ਕਹਿਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਵੋਟ ਚੋਰੀ ਕੀਤੀ ਹੈ। ਧਰਨੇ ’ਤੇ ਬੈਠੇ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਇਥੇ (ਆਕਾਸ਼ਵਾਣੀ ਭਵਨ ’ਚ) ਬੈਠਣ ’ਚ ਕੋਈ ਪ੍ਰੇਸ਼ਾਨੀ ਨਹੀਂ। ਜਿੰਨਾ ਬੈਠਣਾ  ਪਵੇਗਾ, ਉਹ ਬੈਠਣਗੇ।

ਰਾਹੁਲ, ਪ੍ਰਿਅੰਕਾ ਸਮੇਤ ਕਈ ਆਗੂ ਹਿਰਾਸਤ ਤੋਂ ਬਾਅਦ ਰਿਹਾਅ
ਅੱਠ ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਪ੍ਰਦਰਸ਼ਨ ਤੋਂ ਬਾਅਦ ਦਿੱਲੀ ਪੁਲਿਸ ਨੇ ਮੰਗਲਵਾਰ ਰਾਤ ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਸਮੇਤ ਲਗਭਗ 250 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ, ਹਾਲਾਂਕਿ, ਉਨ੍ਹਾਂ  ਨੂੰ ਰਾਤ 10 ਵਜੇ ਤੋਂ ਥੋੜ੍ਹੀ ਦੇਰ ਬਾਅਦ ਰਿਹਾਅ ਕਰ ਦਿੱਤਾ ਗਿਆ। ਪੁਲਿਸ ਸੂਤਰਾਂ ਮੁਤਾਬਿਕ ਹਿਰਾਸਤ ’ਚ ਲਏ ਗਏ ਲੋਕਾਂ ’ਚ ਕਰੀਬ 50 ਸੰਸਦ ਮੈਂਬਰ ਵੀ ਸ਼ਾਮਿਲ ਹਨ। ਹਿਰਾਸਤ ’ਚ ਲਏ ਗਏ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਵਲੋਂ ਕਿੰਗਸਵੇ ਕੈਂਪ ਸਥਿਤ ਨਵੀਂ ਪੁਲਿਸ ਲਾਈਨਜ਼ ਵਿਖੇ ਲਿਜਾਇਆ ਗਿਆ। ਇਸ ਦੌਰਾਨ ਪੁਲਿਸ ਨੇ ਰਾਹੁਲ ਗਾਂਧੀ ਸਮੇਤ ਕਾਂਗਰਸ ਸੰਸਦ ਮੈਂਬਰਾਂ ਤੇ ਕੇ.ਸੀ. ਵੇਣੂਗੋਪਾਲ, ਪਵਨ ਖੇੜਾ, ਕੇ. ਸੁਰੇਸ਼, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਇਮਰਾਨ ਪ੍ਰਤਾਪਗੜ੍ਹੀ ਸਮੇਤ ਹੋਰ ਆਗੂਆਂ ਨੂੰ ਮੌਕੇ ਤੋਂ ਹਟਾ ਕੇ ਆਕਾਸ਼ਵਾਣੀ ਭਵਨ ਕੰਪਲੈਕਸ ਨੂੰ ਖਾਲੀ ਕਰਵਾਇਆ।

ਭਾਜਪਾ ਵਲੋਂ ਪਲਟਵਾਰ

ਭਾਜਪਾ ਨੇ ਪਲਟਵਾਰ ਕਰਦਿਆਂ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਹ ਮਾਰਚ ਕਾਂਗਰਸ ਅਤੇ ਉਨ੍ਹਾਂ ਦੇ ਭਾਈਵਾਲਾਂ ਵਲੋਂ ਅਰਾਜਕਤਾ ਪੈਦਾ ਕਰਨ ਅਤੇ ਰਾਹੁਲ ਗਾਂਧੀ ਨੂੰ ਮੁੜ ਤੋਂ ਲਾਂਚ ਕਰਨ ਦੀ ਇਕ ਹੋਰ ਕੋਸ਼ਿਸ਼ ਹੈ। ਭਾਜਪਾ ਨੇਤਾ ਸੰਬਿਤ ਪਾਤਰਾ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਰਾਹੁਲ ਗਾਂਧੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਕਿਹਾ ਕਿ ਕੀ ਐਸ.ਆਈ.ਆਰ. ਦਾ ਵਿਰੋਧ ਕਰ ਕੇ ਕਾਂਗਰਸ 2.8 ਕਰੋੜ ਮ੍ਰਿਤਕਾਂ ਦੇ ਨਾਂਅ ਵੋਟਰ ਸੂਚੀ ’ਚ ਬਣਾਈ ਰੱਖਣਾ ਚਾਹੁੰਦੀ ਹੈ ? ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਐਸ.ਆਈ.ਆਰ. ਗੈਰ-ਕਾਨੂੰਨੀ ਹੈ ਤਾਂ ਕੀ ਕਰਨਾਟਕ, ਕੇਰਲਾ, ਤਾਮਿਲਨਾਡੂ ਅਤੇ ਹਿਮਾਚਲ ਦੀਆਂ ਕਾਂਗਰਸ ਸਰਕਾਰਾਂ ਵੀ ਗੈਰ-ਕਾਨੂੰਨੀ ਹਨ। ਭਾਜਪਾ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਵੀ ਰਾਹੁਲ ਗਾਂਧੀ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਐਸ.ਆਈ.ਆਰ. ਨੂੰ ਲੈ ਕੇ ਭੈਅ ਫੈਲਾਉਣ ਵਾਲੀਆਂ ਅਤੇ ਬੇਬੁਨਿਆਦ ਗੱਲਾਂ ਕਰ ਰਹੇ ਹਨ।

ਬੈਰੀਕੇਡ ’ਤੇ ਚੜ੍ਹੇ ਰਾਹੁਲ
ਵਿਰੋਧੀ ਧਿਰਾਂ ਦੇ ਇਸ ਮਾਰਚ ਨੂੰ ਪੁਲਿਸ ਨੇ ਨਿਰਵਾਚਨ ਸਦਨ ਤੋਂ 200 ਮੀਟਰ ਦੀ ਦੂਰੀ ’ਤੇ ਹੀ ਰੋਕ ਲਿਆ। ਵਿਰੋਧੀ ਧਿਰ ਦੇ ਨੇਤਾ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਆਰ.ਐਸ.ਐਸ. ਦੇ ਆਗੂ ਵਜੋਂ ਦਰਸਾਉਂਦੇ ਕਟਆਊਟ ਲੈ ਕੇ ਚੱਲ ਰਹੇ ਸਨ ਅਤੇ ਭਾਜਪਾ ਸੀ.ਈ.ਸੀ. ਇਕ ਹਨ ਅਤੇ ‘ਲੋਕਤੰਤਰ ਬਚਾਉ’ ਦੇ ਨਾਅਰੇ ਲਾ ਰਹੇ ਸਨ। ਨਾਅਰੇਬਾਜ਼ੀ ਕਰਦੇ ਆਗੂਆਂ ਨੂੰ ਜਦੋਂ ਰੋਕਿਆ ਗਿਆ ਤਾਂ ਕੁਝ ਹੀ ਦੇਰ ਬਾਅਦ ਰਾਹੁਲ ਗਾਂਧੀ ਅਤੇ ਤ੍ਰਿਣਮੂਲ ਕਾਂਗਰਸ ਦੇ ਅਭਿਸ਼ੇਕ ਬੈਨਰਜੀ ਪੁਲਿਸ ਦੇ ਬੈਰੀਕੇਡ ’ਤੇ ਚੜ੍ਹ ਗਏ। ਰਾਹੁਲ ਗਾਂਧੀ ਨੇ ਬੈਰੀਕੇਡ ’ਤੇ ਚੜ੍ਹ ਕੇ ਤਿਰੰਗਾ ਵੀ ਲਹਿਰਾਇਆ।

 

Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਆਈ. ਵਲੋਂ ਮੁੱਖ ਮੰਤਰੀ ਦੇ ਕੈਂਪ ਆਫ਼ਿਸ ਸਮੇਤ 9 ਥਾਵਾਂ ’ਤੇ ਛਾਪੇਮਾਰੀ ਅਗਲੀ ਖ਼ਬਰ ਭਾਜਪਾ ਪੰਜਾਬ ਚੋਣਾਂ ਦੀ ਤਿਆਰੀ ਵਜੋਂ ਕੇਂਦਰੀ ਏਜੰਸੀਆਂ ਦੀ ਕਰ ਰਹੀ ਹੈ ਦੁਰਵਰਤੋਂ-ਮੁੱਖ ਮੰਤਰੀ
Ad Position 24