14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸੂਬਾ ਸਰਕਾਰ ਵਲੋਂ 15 ਵਿਭਾਗਾਂ ਦਾ ਰਿਕਾਰਡ ਸੀ.ਬੀ.ਆਈ. ਹਵਾਲੇ ਕਰਨ ਦੇ ਆਦੇਸ਼ ਕੇਂਦਰੀ ਜਾਂਚ ਏਜੰਸੀ ਨਾਲ ਤਾਲਮੇਲ ਲਈ ਗੌਤਮ ਜੈਨ ਨੋਡਲ ਅਫਸਰ ਨਿਯੁਕਤ

ਹਰਕਵਲਜੀਤ ਸਿੰਘ ਚੰਡੀਗੜ੍ਹ, 14 ਅਕਤੂਬਰ-ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਅੱਜ ਰਾਤ ਇਕ ਹੁਕਮ ਜਾਰੀ ਕਰਕੇ ਰਾਜ ਦੇ 15 ਵਿਭਾਗਾਂ ਨੂੰ ਸੀ.ਬੀ.ਆਈ. ਜਾਂਚ ਲਈ ਇਨ੍ਹਾਂ ਵਿਭਾਗਾਂ ਤੋਂ ਮੰਗੇ ਗਏ ਰਿਕਾਰਡ ਨਾਲ ਸੰਬੰਧਿਤ ਅਸਲ ਫਾਈਲਾਂ ਤੇ ....

Ad Position 21
No active advertisement
ਅਜੀਤ ਡੈਸਕ 15-10-2026

ਹਰਕਵਲਜੀਤ ਸਿੰਘ
ਚੰਡੀਗੜ੍ਹ, 14 ਅਕਤੂਬਰ-ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਅੱਜ ਰਾਤ ਇਕ ਹੁਕਮ ਜਾਰੀ ਕਰਕੇ ਰਾਜ ਦੇ 15 ਵਿਭਾਗਾਂ ਨੂੰ ਸੀ.ਬੀ.ਆਈ. ਜਾਂਚ ਲਈ ਇਨ੍ਹਾਂ ਵਿਭਾਗਾਂ ਤੋਂ ਮੰਗੇ ਗਏ ਰਿਕਾਰਡ ਨਾਲ ਸੰਬੰਧਿਤ ਅਸਲ ਫਾਈਲਾਂ ਤੇ ਲੋੜੀਂਦੇ ਦਸਤਾਵੇਜ਼ ਫੋਰੀ ਤੌਰ ’ਤੇ ਭੇਜਣ ਲਈ ਕਿਹਾ ਹੈ। ਰਾਜ ਸਰਕਾਰ ਵਲੋਂ ਸੀ.ਬੀ.ਆਈ. ਨੂੰ ਰਿਕਾਰਡ ਮੁਹੱਈਆ ਕਰਵਾਉਣ ਅਤੇ ਤਾਲਮੇਲ ਲਈ ਰਾਜ ਸਰਕਾਰ ਵਲੋਂ ਪ੍ਰਸੋਨਲ ਵਿਭਾਗ ਦੇ ਵਿਸ਼ੇਸ਼ ਸਕੱਤਰ ਗੌਤਮ ਜੈਨ ਆਈ.ਏ.ਐਸ. ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਮੁਹਾਲੀ ਦੇ ਇਕ ਬਿਲਡਰ ਦੀ ਈ.ਡੀ. ਵਲੋਂ ਕੀਤੀ ਜਾਂਚ ਦੌਰਾਨ ਅਜਿਹੇ ਦੋਸ਼ ਲੱਗੇ ਸਨ ਕਿ ਮੁੱਖ ਮੰਤਰੀ ਸਕੱਤਰੇਤ ਵਿਚਲੇ ਅਧਿਕਾਰੀ, ਕਈ ਫ਼ੈਸਲਿਆਂ ਤੇ ਨੀਤੀਆਂ ਬਣਵਾਉਣ ਵਿਚ ਅਸਰ ਪਾ ਰਹੇ ਹਨ, ਟਰਾਂਸਫਰਾਂ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ ਅਤੇ ਟੈਂਡਰਾਂ ਦੀ ਅਲਾਟਮੈਂਟ ’ਚ ਵੀ ਕੁਝ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਨੀਤੀਆਂ ਤੇ ਨਿਯਮ ਬਦਲੇ ਜਾਂਦੇ ਰਹੇ ਹਨ। ਈ.ਡੀ. ਵਲੋਂ ਡੀ.ਜੀ.ਪੀ. ਪੰਜਾਬ ਨੂੰ ਅਜਿਹੇ ਦੋਸ਼ਾਂ ਸੰਬੰਧੀ ਪੁਲਿਸ ਕੇਸ ਦਰਜ ਕਰਨ ਲਈ ਲਿਖੇ ਪੱਤਰ ਨੂੰ ਆਧਾਰ ਬਣਾਉਂਦਿਆਂ ਇਹ ਜਾਂਚ ਸੀ.ਬੀ.ਆਈ. ਨੂੰ ਦਿੰਦਿਆਂ ਇਸ ਸੰਬੰਧੀ ਜਾਂਚ ਦੀ ਮੁੱਢਲੀ ਰਿਪੋਰਟ 4 ਦਸੰਬਰ 2026 ਤੱਕ ਹਾਈ ਕੋਰਟ ਨੂੰ ਦਿੱਤੇ ਜਾਣ ਦੇ ਆਦੇਸ਼ ਦਿੱਤੇ ਗਏ ਸਨ। ਅੱਜ ਜਿਨ੍ਹਾਂ ਵਿਭਾਗਾਂ ਦਾ ਰਿਕਾਰਡ ਸੀ.ਬੀ.ਆਈ. ਵਲੋਂ ਮੰਗਿਆ ਗਿਆ, ਉਨ੍ਹਾਂ ’ਚ ਗ੍ਰਹਿ, ਪ੍ਰਸੋਨਲ, ਮਾਲ ਤੇ ਮੁੜ ਵਸੇਬਾ, ਮਕਾਨ ਉਸਾਰੀ, ਸਿਹਤ, ਜੇਲ੍ਹਾਂ, ਬਿਜਲੀ ਵਿਭਾਗ, ਜੰਗਲਾਤ, ਫੂਡ ਸਪਲਾਈ, ਦਿਹਾਤੀ ਵਿਕਾਸ ਤੇ ਪੰਚਾਇਤਾਂ, ਸਹਿਕਾਰਤਾ ਤੇ ਪਸ਼ੂ ਪਾਲਣ ਵਿਭਾਗ ਸ਼ਾਮਿਲ ਹਨ। ਉਕਤ ਤੋਂ ਸਪਸ਼ਟ ਹੈ ਕਿ ਰਾਜ ਦੇ ਸਾਰੇ ਮੁੱਖ ਵਿਭਾਗ ਜਾਂਚ ਦੇ ਘੇਰੇ ’ਚ ਆ ਗਏ ਹਨ। ਸੀ.ਬੀ.ਆਈ. ਵਲੋਂ ਕੋਈ 20 ਵਰਗਾਂ ਦੇ ਫ਼ੈਸਲਿਆਂ ਦੀ ਪੜਚੋਲ ਕੀਤੀ ਜਾ ਰਹੀ ਹੈ, ਜੋ ਸਤੰਬਰ 2023 ਤੋਂ ਲੈ ਕੇ ਮਾਰਚ 2026 ਨਾਲ ਸੰਬੰਧਿਤ ਹੈ। ਸੂਚਨਾ ਅਨੁਸਾਰ ਸੀ.ਬੀ.ਆਈ. ਵਲੋਂ ਮੁੱਖ ਮੰਤਰੀ ਸਕੱਤਰੇਤ ’ਚ ਹੋਈਆਂ ਨਿਯੁਕਤੀਆਂ ਸੰਬੰਧੀ ਵੀ ਰਿਕਾਰਡ ਮੰਗਿਆ ਗਿਆ ਹੈ, ਜਿਨ੍ਹਾਂ ’ਚ ਰਾਜਬੀਰ ਸਿੰਘ ਘੁੰਮਣ ਅਤੇ ਜਤਿਨ ਕੁਮਾਰ ਗੋਇਲ ਦੀਆਂ ਨਿਯੁਕਤੀਆਂ ਵੀ ਸ਼ਾਮਿਲ ਹਨ। ਰਾਜ ਦੇ ਆਈ.ਏ.ਐਸ. ਤੇ ਆਈ.ਪੀ.ਐਸ. ਅਧਿਕਾਰੀਆਂ ਦੇ ਇਸ ਸਮੇਤ ਦੌਰਾਨ ਹੋਏ ਤਬਾਦਲਿਆਂ ਨਾਲ ਸੰਬੰਧਿਤ ਫਾਈਲਾਂ ਮੰਗੀਆਂ ਗਈਆਂ ਹਨ ਕਿਉਂਕਿ ਈ.ਡੀ. ਦਾ ਦੋਸ਼ ਸੀ ਕਿ ਤਬਾਦਲਿਆਂ ’ਚ ਰਿਸ਼ਵਤਖੋਰੀ ਵੀ ਚੱਲਦੀ ਰਹੀ। ਕਈ ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈਆਂ ਖਤਮ ਹੋਣ ਸੰਬੰਧੀ ਰਿਕਾਰਡ ਵੀ ਮੰਗਿਆ ਗਿਆ ਹੈ। ਈ.ਡੀ. ਨੇ ਸਰਕਾਰ ਦੀਆਂ ਗੁਪਤ ਫਾਈਲਾਂ ਦੀ ਜਾਣਕਾਰੀ ਅਣਅਧਿਕਾਰਤ ਲੋਕਾਂ ਕੋਲ ਜਾਣ ਦੇ ਵੀ ਦੋਸ਼ ਲਗਾਏ ਸਨ। ਸੀ.ਬੀ.ਆਈ. ਨੇ ਮੁਹਾਲੀ ਤੇ ਜ਼ੀਰਕਪੁਰ ਸਮੇਤ ਕਈ ਥਾਵਾਂ ’ਤੇ ਅਲਾਟ ਹੋਏ ਹਾਊਸਿੰਗ ਪ੍ਰਾਜੈਕਟਾਂ ਦਾ ਵੀ ਰਿਕਾਰਡ ਮੰਗਿਆ ਹੈ। ਹਸਪਤਾਲਾਂ ਨੂੰ ਦਿੱਤੇ ਗਏ ਲਾਇਸੰਸ, ਵੇਰਕਾ ਦੀਆਂ ਡੀਲਰਸ਼ਿਪਾਂ ਦੇਣ, ਅਸਿਸਟੈਂਟ ਟਾਊਨ ਪਲੈਨਰਾਂ, ਲੈਂਡ ਯੂਜ਼ ਚੇਜ ਦੇ ਕੇਸਾਂ, ਹਥਿਆਰਾਂ ਦੇ ਲਾਇਸੰਸ ਦੇਣ ਸੰਬੰਧੀ ਵੀ ਰਿਕਾਰਡ ਮੰਗਿਆ ਹੈ ਤੇ ਲਾਇਸੰਸਾਂ ਸੰਬੰਧੀ ਦੋ ਚੇਅਰਮੈਨਾਂ ਗਗਨਦੀਪ ਸਿੰਘ ਆਹਲੂਵਾਲੀਆ ਅਤੇ ਡਾ. ਰੋਮੀ ਰਾਜਾ ਮਹਾਜਨ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਚਰਚਾ ਇਹ ਹੈ ਕਿ ਹੁਣ ਅਗਲੇ ਦਿਨਾਂ ਦੌਰਾਨ ਬਹੁਤੇ ਵਿਭਾਗ ਸੀ.ਬੀ.ਆਈ. ਨੂੰ ਜਾਣਕਾਰੀ ਮੁਹੱਈਆ ਕਰਵਾਉਣ ਅਤੇ ਆਪਣੇ ਸਪਸ਼ਟੀਕਰਨ ਬਣਾਉਣ ’ਚ ਹੀ ਲੱਗੇ ਰਹਿਣਗੇ।

Ad Position 22
No active advertisement
ਪਿਛਲੀ ਖ਼ਬਰ ਡਾਕਟਰ ਹਰਵਿੰਦਰ ਸਿੰਘ ਧਾਲੀਵਾਲ ਪੀ.ਏ.ਯੂ. ਦੇ ਉਪ-ਕੁਲਪਤੀ ਨਿਯੁਕਤ ਅਗਲੀ ਖ਼ਬਰ ਸੀ.ਜੇ.ਪੀ. ਆਗੂ ਸੌਰਭ ਤੇ ਰਾਂਕਾ ਗ੍ਰਿਫ਼ਤਾਰ 5 ਦਿਨਾਂ ਲਈ ਨਿਆਇਕ ਹਿਰਾਸਤ ’ਚ ਭੇਜਿਆ
Ad Position 24