14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪਰਵਿੰਦਰ ਸਿੰਘ ਝੋਟਾ ਹੱਤਿਆ ਕਾਂਡ-ਮੁੱਖ ਮੁਲਜ਼ਮ ਗ੍ਰਿਫ਼ਤਾਰ ਘਰ ਤੇ ਦੁਕਾਨ ’ਤੇ ਚੱਲਿਆ ਬੁਲਡੋਜ਼ਰ, ਲੋਕਾਂ ਨੇ ਦੁਕਾਨ ਦੀ ਭੰਨਤੋੜ ਕਰ ਕੇ ਲਗਾਈ ਅੱਗ

ਬਲਵਿੰਦਰ ਸਿੰਘ ਧਾਲੀਵਾਲ/ ਗੁਰਚੇਤ ਸਿੰਘ ਫੱਤੇਵਾਲੀਆ ਮਾਨਸਾ, 14 ਅਕਤੂਬਰ-ਭਾਵੇਂ ਮਾਨਸਾ ਪੁਲਿਸ ਨੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੇ ਕਾਤਲ ਕੈਮਿਸਟ ਅਸ਼ਵਨੀ ਕੁਮਾਰ ਨੂੰ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਪਰ ਹੱਤਿਆਕਾਂਡ ਪ੍ਰਤੀ ਲੋਕ ਰੋਹ ਸਿਖਰ ’ਤੇ ਹੈ। ....

Ad Position 21
No active advertisement
ਅਜੀਤ ਡੈਸਕ 15-10-2026

ਬਲਵਿੰਦਰ ਸਿੰਘ ਧਾਲੀਵਾਲ/ ਗੁਰਚੇਤ ਸਿੰਘ ਫੱਤੇਵਾਲੀਆ
ਮਾਨਸਾ, 14 ਅਕਤੂਬਰ-ਭਾਵੇਂ ਮਾਨਸਾ ਪੁਲਿਸ ਨੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੇ ਕਾਤਲ ਕੈਮਿਸਟ ਅਸ਼ਵਨੀ ਕੁਮਾਰ ਨੂੰ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਪਰ ਹੱਤਿਆਕਾਂਡ ਪ੍ਰਤੀ ਲੋਕ ਰੋਹ ਸਿਖਰ ’ਤੇ ਹੈ। ਅੱਜ ਸਥਾਨਕ ਤਿੰਨਕੋਨੀ ’ਤੇ ਧਰਨਾ ਜਾਰੀ ਰਿਹਾ, ਜਿਸ ’ਚ ਪੰਜਾਬ ਭਰ ’ਚੋਂ ਹਜ਼ਾਰਾਂ ਲੋਕ ਸ਼ਾਮਿਲ ਹੋਏ। ਇਥੋਂ ਤੱਕ ਕਿ ਗੁਆਂਢੀ ਰਾਜਾਂ ’ਚੋਂ ਵੀ ਕੁਝ ਵਿਅਕਤੀ ਪਹੁੰਚੇ। ਸ਼ਹਿਰ ’ਚ ਮਾਹੌਲ ਸਹਿਮ ਵਾਲਾ ਬਣਿਆ ਹੋਇਆ ਹੈ। ਅੱਜ ਵੀ ਦੁਕਾਨਦਾਰਾਂ ਨੇ ਖ਼ੁਦ ਦੁਕਾਨਾਂ ਬੰਦ ਰੱਖੀਆਂ। ਪੁਲਿਸ ਵਲੋਂ ਸਥਾਨਕ ਵੀਰ ਨਗਰ ਸਥਿਤ ਮੁਲਜ਼ਮ ਦਾ ਘਰ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ ਗਿਆ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਜਾਇਜ਼ ਉਸਾਰੀ ਸੀ। ਇਸੇ ਦੌਰਾਨ ਜਦੋਂ ਪ੍ਰਸ਼ਾਸਨ ਦੁਕਾਨ ਦਾ ਕੁਝ ਹਿੱਸਾ ਢਾਹੁਣ ਲੱਗਿਆ ਤਾਂ ਵੱਡੀ ਗਿਣਤੀ ’ਚ ਸੰਘਰਸ਼ਕਾਰੀ ਪਹੁੰਚ ਗਏ, ਜਿਨ੍ਹਾਂ ’ਚ ਨਿਹੰਗ-ਸਿੰਘਾਂ ਦੀ ਗਿਣਤੀ ਵਧੇਰੇ ਸੀ। ਉਨ੍ਹਾਂ ਖ਼ੁਦ ਜੇ.ਸੀ.ਬੀ. ਨਾਲ ਦੁਕਾਨ ਨੂੰ ਮਲਬੇ ’ਚ ਤਬਦੀਲ ਕਰਨ ਉਪਰੰਤ ਅੱਗ ਵੀ ਲਗਾ ਦਿੱਤੀ। ਵੱਡੀ ਗਿਣਤੀ ’ਚ ਲੋਕਾਂ ਦੇ ਪਹੁੰਚਣ ਕਰ ਕੇ ਪੁਲਿਸ ਵਲੋਂ ਸੁਰੱਖਿਆ ਦੇ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰ ਅੰਤਿਮ ਸੰਸਕਾਰ ਨਾ ਕਰਨ ਦੀ ਮੰਗ ’ਤੇ ਅੜੇ ਹੋਏ ਹਨ। ਉਨ੍ਹਾਂ ਦੀ ਮੰਗ ਹੈ ਕਿ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ ਅਤੇ ਮੁੱਖ ਮੰਤਰੀ ਤੇ ਡੀ.ਜੀ.ਪੀ. ਪੰਜਾਬ ਅਸਤੀਫ਼ਾ ਦੇਣ। ਉੱਧਰ ਇਸ ਮਾਮਲੇ ਦਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਨੋਟਿਸ ਲੈਂਦਿਆਂ ਰਾਜ ਦੇ ਮੁੱਖ ਸਕੱਤਰ ਅਤੇ ਡੀ.ਜੀ.ਪੀ. ਤੋਂ ਰਿਪੋਰਟ ਮੰਗੀ ਹੈ। ਦੱਸਣਯੋਗ ਹੈ ਕਿ ਗੋਲੀਬਾਰੀ ਸਮੇਂ ਝੋਟੇ ਨਾਲ ਉਸ ਦੇ ਸਾਥੀ ਬਲਦੇਵ ਸਿੰਘ (65), ਕੁਲਵਿੰਦਰ ਸਿੰਘ (42), ਹੈਪੀ ਸਿੰਘ (24) ਤੇ ਗੋਬਿੰਦ ਸਿੰਘ (30) ਜ਼ਖ਼ਮੀ ਹੋ ਗਏ ਸਨ। ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਬਲਦੇਵ ਸਿੰਘ ਨੂੰ ਬਠਿੰਡਾ ਦੇ ਨਿਊਰੋ ਸਪਾਈਨ ਸੈਂਟਰ, ਜਦਕਿ ਹੈਪੀ ਸਿੰਘ ਨੂੰ ਬਠਿੰਡਾ ਤੋਂ ਡੀ.ਐਮ.ਸੀ. ਲੁਧਿਆਣਾ ਲਈ ਰੈਫ਼ਰ ਕਰ ਦਿੱਤਾ ਗਿਆ ਸੀ। ਦੂਸਰੇ ਮਾਨਸਾ ਵਿਖੇ ਹੀ ਜੇਰੇ ਇਲਾਜ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਚਾਰੇ ਖ਼ਤਰੇ ਤੋਂ ਬਾਹਰ ਹਨ ਅਤੇ ਬਾਹਰਲੇ ਹਸਪਤਾਲਾਂ ’ਚ ਭੇਜੇ ਗਏ ਜ਼ਖ਼ਮੀਆਂ ਦੇ  ਆਪ੍ਰੇਸ਼ਨ ਹੋਣੇ ਹਨ। ਉੱਧਰ ਪੁਲਿਸ ਨੇ ਅੱਜ ਸ਼ਹਿਰ ਨੂੰ ਛਾਉਣੀ ’ਚ ਬਦਲਿਆ ਹੋਇਆ ਸੀ। ਡੀ.ਆਈ.ਜੀ. ਬਠਿੰਡਾ ਰੇਂਜ ਹਰਜੀਤ ਸਿੰਘ ਖੁਦ ਨਿਗਰਾਨੀ ਕਰ ਰਹੇ ਸਨ।

ਮੇਰੇ ਪੁੱਤਰ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ-ਭੀਮ ਸਿੰਘ
ਧਰਨੇ ਨੂੰ ਸੰਬੋਧਨ ਕਰਦਿਆਂ ਝੋਟੇ ਦੇ ਪਿਤਾ ਤੇ ਸਾਬਕਾ ਫ਼ੌਜੀ ਭੀਮ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਾਸਟ ਟਰੈਕ ਅਦਾਲਤ ਚਲਾ ਕੇ 6 ਮਹੀਨਿਆਂ ਦੇ ਵਿਚ-ਵਿਚ ਨਸ਼ਾ ਤਸਕਰ ਅਸ਼ਵਨੀ ਕੁਮਾਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰ ਦੇ ਸਹਿਯੋਗੀਆਂ ਅਤੇ ਉਸ ਦੀ ਸਰਪ੍ਰਸਤੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ। ਭੀਮ ਸਿੰਘ ਨੇ ਭਾਵੁਕ ਅਪੀਲ ਕਰਦਿਆਂ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣੇ ਗ਼ੁੱਸੇ ਨੂੰ ਕਾਬੂ ’ਚ ਰੱਖਣ ਅਤੇ ਕੋਈ ਵੀ ਹਿੰਸਕ ਕਾਰਵਾਈ ਨਾ ਕਰਨ ਕਿਉਂਕਿ ਅਜਿਹਾ ਕਰਨ ਨਾਲ ਪੁਲਿਸ ਤੇ ਸਰਕਾਰ ਨੂੰ ਉਨ੍ਹਾਂ ਖ਼ਿਲਾਫ਼ ਬੋਲਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਮੇਰੇ ਪੁੱਤਰ ਨੇ ਨਸ਼ਿਆਂ ਖ਼ਿਲਾਫ਼ ਜੋ ਦੀਵਾ ਬਲਦਾ ਰੱਖਿਆ ਸੀ, ਉਸ ਨੂੰ ਉਹ ਲੋਕਾਂ ਦੇ ਸਹਿਯੋਗ ਨਾਲ ਕਦੇ ਵੀ ਬੁਝਣ ਨਹੀਂ ਦੇਣਗੇ ਅਤੇ ਨਸ਼ਿਆਂ ਖ਼ਿਲਾਫ਼ ਜੰਗ ’ਚ ਹੁਣ ਉਹ ਖ਼ੁਦ ਮੋਹਰੀ ਹੋ ਕੇ ਲੜਨਗੇ।

ਚੰਨੀ, ਪਰਗਟ ਸਿੰਘ, ਰਾਜਾ ਵੜਿੰਗ, ਭੂੰਦੜ, ਸਿਮਰਨਜੀਤ ਸਿੰਘ ਮਾਨ, ਕਰੀਮਪੁਰੀ, ਤਰਸੇਮ ਸਿੰਘ ਖ਼ਾਲਸਾ ਆਦਿ ਪਹੁੰਚੇ
ਧਰਨੇ ਨੂੰ ਸੰਬੋਧਨ ਕਰਨ ਤੇ ਸ਼ਾਮਿਲ ਹੋਣ ਵਾਲਿਆਂ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ, ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਮਹਿਲਾ ਕਾਂਗਰਸ ਪੰਜਾਬ ਦੀ ਪ੍ਰਧਾਨ ਗੁਰਸ਼ਰਨ ਕੌਰ, ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਪਿਤਾ ਤਰਸੇਮ ਸਿੰਘ ਖ਼ਾਲਸਾ, ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ, ਸੀ.ਪੀ.ਆਈ. ਦੇ ਕੌਮੀ ਕੌਂਸਲਰ ਤੇ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ, ਕਾਂਗਰਸ ਆਗੂ ਮਨਜੀਤ ਸਿੰਘ ਝਲਬੂਟੀ, ਬਾਬਾ ਪਾਲ ਸਿੰਘ ਸਮਾਓਂ, ਕੁਲਵੰਤ ਰਾਏ ਸਿੰਗਲਾ, ਕਿਸਾਨ ਆਗੂ ਸੁਰਜੀਤ ਸਿੰਘ ਫੂਲ, ਗੁਰਜੰਟ ਸਿੰਘ ਮਾਨਸਾ ਤੇ ਰਾਮ ਸਿੰਘ ਭੈਣੀਬਾਘਾ, ਕਾਂਗਰਸ ਆਗੂ ਗੁਰਪ੍ਰੀਤ ਸਿੰਘ ਵਿੱਕੀ, ਦਲ ਖਾਲਸਾ ਦੇ ਪਰਮਜੀਤ ਸਿੰਘ ਮੰਡ, ਬਾਬਾ ਹਰਦੀਪ ਸਿੰਘ ਮਹਿਰਾਜ, ਬਾਬਾ ਮਾਨ ਸਿੰਘ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਹਰਿੰਦਰਪਾਲ ਸਿੰਘ ਚੰਦੂਮਾਜਰਾ, ਲਖਵਿੰਦਰ ਸਿੰਘ ਮੂਸਾ ਤੇ ਮਲਕੀਤ ਸਿੰਘ ਸਮਾਓਂ, ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਤੇ ਮਿੱਠੂ ਸਿੰਘ ਕਾਹਨੇਕੇ, ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੀਰੋਕੇ, ਲੱਖਾ ਸਿਧਾਣਾ, ਭਾਨਾ ਸਿੱਧੂ, ਇੰਦਰਜੀਤ ਸਿੰਘ ਮੁਨਸ਼ੀ, ਅਕਾਲੀ ਦਲ (ਵਾਰਿਸ ਪੰਜਾਬ ਦੇ) ਐਡਵੋਕੇਟ ਇਮਾਨ ਸਿੰਘ ਖਾਰਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਕੌਮੀ ਇਨਸਾਫ਼ ਮੋਰਚੇ ਦੇ ਆਗੂ ਨਿਹੰਗ-ਸਿੰਘ ਰਾਜਾ ਰਾਮ ਸਿੰਘ, ਭਾਈ ਗੁਰਜੀਤ ਸਿੰਘ  ਖ਼ਾਲਸਾ, ਐਂਟੀ ਡਰੱਗ ਫੋਰਸ ਦੇ ਗਗਨਦੀਪ, ਸੀ.ਪੀ.ਐੱਮ. ਦੇ ਕੁਲਵਿੰਦਰ ਸਿੰਘ ਉੱਡਤ, ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ ਤੇ ਜਤਿੰਦਰ ਸਿੰਘ ਸੋਢੀ, ਸੀ.ਪੀ.ਆਈ. ਦੇ ਕ੍ਰਿਸ਼ਨ ਚੌਹਾਨ, ਧੰਨਾ ਮੱਲ ਗੋਇਲ, ਮਜ਼ਦੂਰ ਆਗੂ ਭਗਵੰਤ ਸਿੰਘ ਸਮਾਓਂ, ਆਰ.ਟੀ.ਆਈ. ਕਾਰਕੁਨ ਮਾਣਿਕ ਗੋਇਲ, ਜਸਵੀਰ ਕੌਰ ਨੱਤ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦੇ ਕਾਤਲ ਨੂੰ ਸਜ਼ਾਵਾਂ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਧਰਨੇ ’ਚ ਪਹੁੰਚੇ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੇ 15 ਅਕਤੂਬਰ ਦੇ ਪੰਜਾਬ ਬੰਦ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ।

ਮੈਡੀਕਲ ਸਟੋਰ ਦੇ ਮਾਲਕ ’ਤੇ ਮੁਕੱਦਮਾ ਦਰਜ
ਇਸੇ ਦੌਰਾਨ ਝੋਟੇ ਦੀ ਹੱਤਿਆ ਦੇ ਮਾਮਲੇ ’ਚ ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਅਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਲਿਆ। ਇਹ ਮੁਕੱਦਮਾ ਝੋਟੇ ਦੇ ਪਿਤਾ ਭੀਮ ਸਿੰਘ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ। ਬਿਆਨ ’ਚ ਮੰਗ ਕੀਤੀ ਗਈ ਹੈ ਕਿ ਪੁਲਿਸ ਤੇ ਸਿਆਸੀ ਲੋਕਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇ।
Ad Position 22
No active advertisement
ਅਗਲੀ ਖ਼ਬਰ ਕੋਈ ਵੀ ਦੋਸ਼ੀ ਬਖ਼ਸ਼ਿਆ ਨਹੀਂ ਜਾਵੇਗਾ-ਮੁੱਖ ਮੰਤਰੀ ਕਿਹਾ, ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਨਹੀਂ ਕਰਾਂਗੇ
Ad Position 24