24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਝੋਟਾ ਹੱਤਿਆ ਕਾਂਡ : ਪੰਜਾਬ ਸਰਕਾਰ ਵਲੋਂ ਮੰਗਾਂ ਮੰਨਣ ਦਾ ਐਲਾਨ ਐਕਸ਼ਨ ਕਮੇਟੀ ਮੁੱਖ ਮੰਤਰੀ ਤੇ ਡੀ. ਜੀ. ਪੀ. ਦੇ ਅਸਤੀਫ਼ੇ ’ਤੇ ਅੜੀ

ਮਾਨਸਾ, 23 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ, ਗੁਰਚੇਤ ਸਿੰਘ ਫੱਤੇਵਾਲੀਆ)-ਭਾਵੇਂ ਪੰਜਾਬ ਸਰਕਾਰ ਨੇ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਰੱਖੀਆਂ 14 ’ਚੋਂ 12 ਮੰਗਾਂ ਨੂੰ ਮੰਨਣ ਦਾ ..

Ad Position 21
No active advertisement
ਅਜੀਤ ਡੈਸਕ 24-10-2026

ਮਾਨਸਾ, 23 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ, ਗੁਰਚੇਤ ਸਿੰਘ ਫੱਤੇਵਾਲੀਆ)-ਭਾਵੇਂ ਪੰਜਾਬ ਸਰਕਾਰ ਨੇ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਰੱਖੀਆਂ 14 ’ਚੋਂ 12 ਮੰਗਾਂ ਨੂੰ ਮੰਨਣ ਦਾ ਐਲਾਨ ਕਰ ਦਿੱਤਾ ਹੈ, ਪਰ ਐਕਸ਼ਨ ਕਮੇਟੀ ਮੁੱਖ ਮੰਤਰੀ ਤੇ ਡੀ. ਜੀ. ਪੀ. ਪੰਜਾਬ ਦੇ ਅਸਤੀਫ਼ੇ ’ਤੇ ਅੜ ਗਈ ਹੈ। ਕਮੇਟੀ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਇਹ ਮੰਗਾਂ ਮੰਨਣ ਉਪਰੰਤ ਹੀ ਝੋਟੇ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਅੱਜ ਐਕਸ਼ਨ ਕਮੇਟੀ ਤੇ ਸਰਕਾਰ ਵਲੋਂ ਗਠਿਤ ਕੀਤੀ 3 ਮੈਂਬਰੀ ਸੀਨੀਅਰ ਆਈ. ਏ. ਐਸ. ਅਧਿਕਾਰੀਆਂ ਦੀ ਮੀਟਿੰਗ ਹੋਈ, ਜਿਸ ’ਚ ਐਕਸ਼ਨ ਕਮੇਟੀ ਨੂੰ 12 ਮੰਗਾਂ ਮੰਨਣ ਦਾ ਲਿਖਤੀ ਪੱਤਰ ਵੀ ਦਿੱਤਾ ਗਿਆ। ਉਪਰੰਤ ਐਕਸ਼ਨ ਕਮੇਟੀ ਦੀ ਵੱਖਰੀ ਮੀਟਿੰਗ ਹੋਈ, ਜਿਸ ’ਚ ਉਪਰੋਕਤ ਨਿਰਨਾ ਲਿਆ ਗਿਆ। ਸ਼ਾਮ ਵੇਲੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਝੋਟੇ ਦੀ ਪਤਨੀ ਮਨਪ੍ਰੀਤ ਕੌਰ, ਆਰ. ਟੀ. ਆਈ. ਕਾਰਕੁੰਨ ਮਾਨਿਕ ਗੋਇਲ, ਕਿਸਾਨ ਆਗੂ ਗੁਰਜੰਟ ਸਿੰਘ ਮਾਨਸਾ, ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਅਮਨ ਪਟਵਾਰੀ ਤੇ ਗਗਨਦੀਪ ਸਿਰਸੀਵਾਲਾ ਨੇ ਕਿਹਾ ਕਿ ਸਰਕਾਰ ਵਲੋਂ ਕਾਇਮ ਕੀਤੀ ਗਈ ਕਮੇਟੀ ਕੋਲ ਮੁੱਖ ਮੰਤਰੀ ਤੇ ਡੀ. ਜੀ. ਪੀ. ਦੇ ਅਸਤੀਫ਼ੇ ਬਾਰੇ ਕੋਈ ਅਧਿਕਾਰ ਨਹੀਂ, ਇਸ ਲਈ ਪੰਜਾਬ ਮੰਤਰੀ ਮੰਡਲ ਜਾਂ ਮੰਤਰੀਆਂ ਦਾ ਪੈਨਲ ਮਾਨਸਾ ਆ ਕੇ ਐਕਸ਼ਨ ਕਮੇਟੀ ਨਾਲ ਗੱਲਬਾਤ ਕਰੇ ਤੇ ਉਕਤ ਦੋਵੇਂ ਮੁੱਖ ਮੰਗਾਂ ਮੰਨਣ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਨਾਲ ਹੀ ਦੱਸਿਆ ਕਿ ਧਰਨਾ ਲਗਾਤਾਰ ਜਾਰੀ ਰਹੇਗਾ ਤੇ 25 ਅਕਤੂਬਰ ਨੂੰ ਪੰਜਾਬ ਦੇ ਸਾਰੇ ਪਿੰਡਾਂ/ਸ਼ਹਿਰਾਂ ’ਚ 12 ਤੋਂ ਲੈ ਕੇ ਸ਼ਾਮ 7 ਵਜੇ ਤੱਕ ਮਾਰਚ ਕੱਢ ਕੇ ‘ਝਾੜੂ’ ਫੂਕੇ ਜਾਣਗੇ। ਉਨ੍ਹਾਂ ਆਖਿਆ ਕਿ ਜੇਕਰ ਫਿਰ ਵੀ ਸਰਕਾਰ ’ਤੇ ਕੋਈ ਅਸਰ ਨਾ ਹੋਇਆ ਤਾਂ ਹੋਰ ਵੱਡੇ ਐਕਸ਼ਨ ਉਲੀਕੇ ਜਾਣਗੇ। ਮੈਂਬਰਾਂ ਨੇ ਦੱਸਿਆ ਕਿ ਗਠਿਤ ਕਮੇਟੀ ਵਲੋਂ ਹਰਜਿੰਦਰ ਸਿੰਘ ਗਿੱਲ ਡੀ. ਐਸ. ਪੀ. ਸਬ-ਡਵੀਜ਼ਨ ਮਾਨਸਾ ਤੇ ਇੰਸਪੈਕਟਰ ਬੇਅੰਤ ਕੌਰ ਦੇ ਮੁਅੱਤਲੀ ਆਰਡਰ ਜਾਰੀ ਹੋ ਗਏ ਹਨ ਜਦਕਿ ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਦੀ ਮੁਅੱਤਲੀ ਸਬੰਧੀ ਕੋਈ ਸਰਕਾਰੀ ਆਰਡਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਮੰਨੀਆਂ ਮੰਗਾਂ ਸਬੰਧੀ ਠੋਸ ਸਬੂਤ ਮਿਲਣਗੇ ਤੋਂ ਬਾਅਦ ਹੀ ਅੱਗੇ ਬਾਰੇ ਸੋਚਿਆ ਜਾਵੇਗਾ।

14 ’ਚੋਂ 12 ਮੰਗਾਂ ਪ੍ਰਵਾਨ ਕੀਤੀਆਂ-ਅਪਨੀਤ ਰਿਆਤ 
ਉੱਧਰ ਪੰਜਾਬ ਸਰਕਾਰ ਤਰਫ਼ੋਂ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਈ. ਏ. ਐਸ. ਅਧਿਕਾਰੀ ਅਪਨੀਤ ਰਿਆਤ, ਕੰਵਲਪ੍ਰੀਤ ਕੌਰ ਬਰਾੜ ਤੇ ਨਵਜੋਤ ਕੌਰ ਨੇ ਦੱਸਿਆ ਕਿ ਪਰਵਿੰਦਰ ਸਿੰਘ ਦੇ ਪਰਿਵਾਰ ਵਲੋਂ ਸੌਂਪੀਆਂ ਗਈਆਂ 14 ਮੰਗਾਂ ’ਚੋਂ 12 ਪ੍ਰਵਾਨ ਕਰ ਲਈਆਂ ਗਈਆਂ ਹਨ, ਜਿਸ ਸਬੰਧੀ ਕਮੇਟੀ ਨੂੰ ਲਿਖਤੀ ਪੱਤਰ ਵੀ ਦਿੱਤਾ ਗਿਆ ਹੈ। ਸ੍ਰੀਮਤੀ ਰਿਆਤ ਨੇ ਦੱਸਿਆ ਕਿ ਸੀ. ਬੀ. ਆਈ. ਜਾਂਚ ਦੀ ਮੰਗ ਸੀ, ਜੋ ਹੋ ਰਹੀ ਹੈ। ਪਰਵਿੰਦਰ ਸਿੰਘ ਝੋਟਾ ਦੇ ਨਾਂਅ ’ਤੇ ਟਰੋਮਾ ਸੈਂਟਰ ਬਣਾਇਆ ਜਾਵੇਗਾ, ਮਾਨਸਾ ’ਚ ਕਿਸੇ ਸਰਕਾਰੀ ਜਗ੍ਹਾ ’ਤੇ ਉਸ ਦਾ ਬੁੱਤ ਲਗਾਇਆ ਜਾਵੇਗਾ ਤੇ ਝੋਟਾ ਸਮੇਤ ਉਸ ਦੇ ਸਾਥੀਆਂ ’ਤੇ ਦਰਜ ਮੁਕੱਦਮੇ ਰੱਦ ਕੀਤੇ ਜਾਣਗੇ। ਇਸ ਤੋਂ ਇਲਾਵਾ ਜ਼ਖ਼ਮੀਆਂ ਦਾ ਸਰਕਾਰੀ ਖਰਚੇ ’ਤੇ ਇਲਾਜ ਕਰਵਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਵੀ ਦਿੱਤਾ ਜਾਵੇਗਾ, ਪੀ. ਜੀ. ਆਈ. ਦੀ ਟੀਮ ਤੋਂ ਝੋਟੇ ਦੀ ਦੇਹ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਹੋਰ ਦੱਸਿਆ ਕਿ ਨੌਜਵਾਨਾਂ ਵਲੋਂ ਪੰਜਾਬ ਸਰਕਾਰ ਦੇ ਪਾੜੇ ਗਏ ਪੋਸਟਰਾਂ ਤੇ ਫਲੈਕਸਾਂ ਸਬੰਧੀ ਦਰਜ ਹੋਏ ਮਾਮਲਿਆਂ ਨੂੰ ਰੱਦ ਕਰਨ ਦੀ ਪੁਲਿਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਝੋਟੇ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਪੱਤਰਕਾਰ ਮਿਲਣੀ ਸਮੇਂ ਡੀ. ਆਈ. ਜੀ. ਬਠਿੰਡਾ ਰੇਂਜ ਹਰਜੀਤ ਸਿੰਘ, ਐਸ. ਐਸ. ਪੀ. ਮਾਨਸਾ ਵੈਭਵ ਚੌਧਰੀ ਵੀ ਹਾਜ਼ਰ ਸਨ।

ਧਰਨਾ 11ਵੇਂ ਦਿਨ ਵੀ ਜਾਰੀ
ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਇਨਸਾਫ਼ ਲੈਣ ਲਈ ਸਥਾਨਕ ਤਿੰਨਕੋਨੀ ਨਜ਼ਦੀਕ ਧਰਨਾ 11ਵੇਂ ਦਿਨ ਵੀ ਜਾਰੀ ਰਿਹਾ, ਜਿਸ ’ਚ ਵੱਡੀ ਗਿਣਤੀ ’ਚ ਲੋਕ ਸ਼ਾਮਿਲ ਹੋਏ। ਧਰਨੇ ਨੂੰ ਉੱਘੇ ਚਿੰਤਕ ਡਾ. ਪਿਆਰੇ ਲਾਲ ਗਰਗ, ਪੱਤਰਕਾਰ ਹਮੀਰ ਸਿੰਘ, ਸੀ. ਪੀ. ਆਈ. ਦੇ ਕੌਮੀ ਕੌਂਸਲਰ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ, ਬਲਕੌਰ ਸਿੰਘ ਸਿੱਧੂ, ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਬੁਲਾਰਿਆਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ।

Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਵਲੋਂ ਮੁੱਖ ਚੋਣ ਕਮਿਸ਼ਨਰ ਦੀ ਕਾਰਜਸ਼ੈਲੀ ਤੇ ਬੇਨਿਯਮੀਆਂ ਦੀ ਸੁਤੰਤਰ ਜਾਂਚ ਲਈ ਮਤਾ ਪਾਸ ਵੋਟਰ ਹੁਣ ਸਰਕਾਰ ਨਹੀ... ਅਗਲੀ ਖ਼ਬਰ ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉੱਪਰੋਂ ਦਬਾਅ ਦਾ ਹਵਾਲਾ ਦੇ ਕੇ ਮੈਨੂੰ 2 ਘੰਟੇ ਰੋਕ ਕੇ ਰੱਖਿਆ-ਭਗਵੰਤ ਮਾਨ
Ad Position 24