ਹਰਕਵਲਜੀਤ ਸਿੰਘ
ਚੰਡੀਗੜ੍ਹ, 3 ਨਵੰਬਰ-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਗਏ ਵਿਧਾਇਕਾਂ ਕੁੰਵਰ ਵਿਜੇ ਪ੍ਰਤਾਪ ਸਿੰਘ, ਹਰਮੀਤ ਸਿੰਘ ਪਠਾਨਮਾਜਰਾ ਤੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਦੇ ਹਲਕੇ ’ਚ ਨਵਾਂ ਇੰਚਾਰਜ ਲਗਾ ਕੇ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਾ ਦੇਣ ਦਾ ਫੈਸਲਾ ਸਪੱਸ਼ਟ ਕਰ ਦਿੱਤਾ ਸੀ, ਵਲੋਂ ਭਾਜਪਾ ’ਚ ਸ਼ਾਮਿਲ ਹੋਣ ਨਾਲ ਸੂਬੇ ’ਚ ਦਲਬਦਲੀਆਂ ਦੀ ਜੋ ਸ਼ੁਰੂਆਤ ਕਰ ਦਿੱਤੀ ਗਈ ਹੈ, ਉਸ ਨੇ ਪੰਜਾਬ ਦੀ ਸਿਆਸਤ ’ਚ ਹੜਕੰਪ ਮਚਾ ਦਿੱਤਾ ਹੈ। ਇਨ੍ਹਾਂ ਚੋਣਾਂ ਸੰਬੰਧੀ ਹਾਲਾਂਕਿ ਪਹਿਲਾਂ ਹੀ ਚਰਚੇ ਸਨ। ਮੁੱਖ ਸਿਆਸੀ ਪਾਰਟੀਆਂ ਵਲੋਂ ਪੁਰਾਣੇ ਉਮੀਦਵਾਰਾਂ ਦੀ ਥਾਂ ਕੁਝ ਹਲਕਿਆਂ ’ਚ ਨਵੇਂ ਚਿਹਰੇ ਲਿਆਂਦੇ ਜਾ ਸਕਦੇ ਹਨ ਅਤੇ ਇਸ ਕਾਰਨ ਅਜਿਹੇ ਆਗੂਆਂ ਵਲੋਂ ਦੂਜੀਆਂ ਪਾਰਟੀਆਂ ਤੋਂ ਟਿਕਟਾਂ ਲੈਣ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਹਨ। ਆਮ ਆਦਮੀ ਪਾਰਟੀ ਵਲੋਂ ਪੰਜ ਹੋਰ ਵਿਧਾਨ ਸਭਾ ਹਲਕਿਆਂ ਪਠਾਨਕੋਟ, ਸੁਜਾਨਪੁਰ, ਬਠਿੰਡਾ (ਦਿਹਾਤੀ), ਜਲੰਧਰ ਕੈਂਟ ਤੇ ਖਰੜ ਹਲਕਿਆਂ ਲਈ ਵੀ ਹਲਕਾ ਇੰਚਾਰਜ ਮੌਜੂਦਾ ਵਿਧਾਇਕਾਂ ਦੀ ਥਾਂ ਹੋਰ ਆਗੂ ਲਗਾ ਦਿੱਤੇ ਗਏ ਸਨ, ਜਿਸ ਕਾਰਨ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਹਲਕਿਆਂ ’ਚੋਂ ਵੀ ਪਾਰਟੀ ਟਿਕਟ ਮੌਜੂਦਾ ਵਿਧਾਇਕ ਨੂੰ ਮਿਲੇਗੀ ਜਾਂ ਹਲਕਾ ਇੰਚਾਰਜ ਨੂੰ ਜਦਕਿ ਚਰਚੇ ਇਹ ਵੀ ਹਨ ਕਿ ਪਾਰਟੀ ਪ੍ਰਾਪਤ ਸਰਵੇ ਰਿਪੋਰਟਾਂ ਦੇ ਆਧਾਰ ’ਤੇ ਬਹੁਤ ਸਰੇ ਹੋਰ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਵੀ ਕੱਟ ਸਕਦੀ ਹੈ। ਕਾਂਗਰਸ, ਜਿਸ ਕੋਲ ਕਿ ਸਾਰੇ 117 ਹਲਕਿਆਂ ’ਚ ਪੁਰਾਣੇ ਜਿੱਤੇ ਜਾਂ ਹਾਰੇ ਉਮੀਦਵਾਰ ਹਨ, ਵਲੋਂ ਵੀ ਅਜਿਹੇ ਸੰਕੇਤ ਦਿੱਤੇ ਜਾ ਰਹੇ ਹਨ ਕਿ ਪਾਰਟੀ ਕੋਈ 40 ਫ਼ੀਸਦੀ ਹਲਕਿਆਂ ’ਚ ਨਵੇਂ ਚਿਹਰੇ ਉਤਾਰ ਸਕਦੀ ਹੈ ਤੇ ਪਾਰਟੀ ਇਸ ਵਾਰ ਨੌਜਵਾਨ ਤੇ ਸਾਫ ਅਕਸ ਵਾਲੇ ਉਮੀਦਵਾਰਾਂ ਨੂੰ ਤਰਜੀਹ ਦੇਣਾ ਚਾਹੁੰਦੀ ਹੈ। ਸੂਬੇ ਵਿਚਲੀ ਤੀਜੀ ਸਿਆਸੀ ਧਿਰ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ (ਬ) ਲਈ ਬਿਹਤਰ ਪ੍ਰਦਰਸ਼ਨ ਲਈ ਸਮਝੌਤਾ ਇਕ ਮਜਬੂਰੀ ਤਾਂ ਜ਼ਰੂਰ ਹੈ, ਪਰ ਭਾਜਪਾ ਤੇ ਅਕਾਲੀ ਦਲ ਦਰਮਿਆਨ ਹਲਕਿਆਂ ਦੀ ਵੰਡ ਕਾਫੀ ਗੁੰਝਲਦਾਰ ਮਸਲਾ ਬਣਿਆ ਹੋਇਆ ਹੈ ਕਿਉਂਕਿ ਭਾਜਪਾ ਕੋਲ ਵੀ ਦਿਹਾਤੀ ਹਲਕਿਆਂ ਲਈ ਇਸ ਵਾਰ ਕਾਫੀ ਚੰਗੇ ਉਮੀਦਵਾਰ ਹਨ ਜਦਕਿ ਇਨ੍ਹਾਂ ਹਲਕਿਆਂ ’ਤੇ ਅਕਾਲੀ ਦਲ (ਬ) ਵੀ ਦਾਅਵੇਦਾਰੀ ਰੱਖ ਰਿਹਾ ਹੈ। ਬੀਤੇ ਦਿਨ ਭਾਜਪਾ ’ਚ ਸ਼ਾਮਿਲ ਹੋਏ ਪਠਾਨਮਾਜਰਾ ਦੇ ਹਲਕਾ ਸਨੌਰ ਤੋਂ ਹਰਿੰਦਰ ਸਿੰਘ ਚੰਦੂਮਾਜਰਾ ਵੀ ਅਕਾਲੀ ਉਮੀਦਵਾਰ ਹਨ, ਜਿਥੋਂ ਉਹ ਪਹਿਲਾਂ ਵਿਧਾਇਕ ਵੀ ਰਹਿ ਚੁੱਕੇ ਹਨ। ਇਸੇ ਤਰ੍ਹਾਂ ਅੰਮ੍ਰਿਤਸਰ (ਉਤਰੀ) ਹਲਕੇ ਦੇ ਕੁੰਵਰ ਵਿਜੇ ਪ੍ਰਤਾਪ ਦੇ ਹਲਕੇ ਤੋਂ ਅਕਾਲੀ ਉਮੀਦਵਾਰ ਅਨਿਲ ਜੋਸ਼ੀ ਹਨ ਜੋ 2022 ਦੌਰਾਨ ਦੂਸਰੇ ਸਥਾਨ ’ਤੇ ਰਹੇ ਸਨ। ਜੋੜਾਮਾਜਰਾ ਦਾ ਸਮਾਣਾ ਹਲਕਾ ਵੀ ਹਮੇਸ਼ਾ ਅਕਾਲੀ ਦਲ ਲੜਦਾ ਰਿਹਾ ਹੈ। ਅਜਿਹੇ ਹੀ ਦਰਜਨਾਂ ਹੋਰ ਹਲਕੇ ਹਨ ਜਿੱਥੇ ਪੁਰਾਣੇ ਅਕਾਲੀ ਹਲਕਿਆਂ ਲਈ ਭਾਜਪਾ ਕੋਲ ਇਸ ਵਾਰ ਚੰਗੇ ਪ੍ਰਭਾਵੀ ਉਮੀਦਵਾਰ ਹਨ। ਆਉਂਦੇ ਦਿਨਾਂ ਦੌਰਾਨ ਅਜੇ ਹੋਰ ਦਲਬਦਲੀਆਂ ਦੀ ਵੀ ਸੰਭਾਵਨਾ ਹੈ। ਚਰਚੇ ਇਹ ਵੀ ਹਨ ਕਿ ਕਈ ਹਲਕਿਆਂ ’ਚੋਂ ਟਿਕਟਾਂ ਨਾ ਲੈ ਸਕਣ ਵਾਲੇ ਉਮੀਦਵਾਰਾਂ ਨੂੰ ਕੁਝ ਸਿਆਸੀ ਧਿਰਾਂ ਵਿੱਤੀ ਸਹਾਇਤਾ ਦੇ ਕੇ ਆਜ਼ਾਦ ਉਮੀਦਵਾਰਾਂ ਵਜੋਂ ਵੀ ਚੋਣ ਮੈਦਾਨ ’ਚ ਉਤਾਰ ਸਕਦੀਆਂ ਹਨ। ਅਜਿਹੇ ਉਮੀਦਵਾਰ ਜੇਤੂ ਰਹਿਣ ਦੀ ਸੂਰਤ ’ਚ ਮਦਦ ਦੇਣ ਵਾਲੀ ਸਿਆਸੀ ਧਿਰ ਨਾਲ ਜਾ ਸਕਦੇ ਹਨ ਤੇ ਗਠਨ ਦੀ ਸੂਰਤ ’ਚ ਆਪਣੀ ਪੁਰਾਣੀ ਪਾਰਟੀ ਦੀ ਵੋਟ ਨੂੰ ਖੋਰਾ ਜ਼ਰੂਰ ਲਗਾ ਸਕਦੇ ਹਨ। ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਵਿਧਾਨ ਸਭਾ ਦੀ ਆਉਂਦੀ ਚੋਣ ਮਗਰਲੀਆਂ ਚੋਣਾਂ ਨਾਲੋਂ ਕਾਫੀ ਵੱਖਰੀ ਤੇ ਦਿਲਚਸਪ ਹੋ ਸਕਦੀ ਹੈ। ਇਕ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਨੂੰ ਫਿਲਹਾਲ ਚੋਣ ਕਮਿਸ਼ਨ ਤੋਂ ਸਿਆਸੀ ਪਾਰਟੀ ਵਜੋਂ ਨਾ ਤਾਂ ਅਜੇ ਮਾਨਤਾ ਹੀ ਮਿਲੀ ਹੈ ਤੇ ਨਾ ਹੀ ਚੋਣ ਨਿਸ਼ਾਨ ਹੀ ਅਲਾਟ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਹਾਲਾਂਕਿ ਸਵ. ਸੁਖਦੇਵ ਸਿੰਘ ਢੀਂਡਸਾ ਵਲੋਂ ਬਣਾਏ ਗਏ ਦਲ ਦੇ ਨਾਂਅ ਦੀ ਵਰਤੋਂ ਵੀ ਕਰ ਸਕਦਾ ਹੈ ਕਿਉਂਕਿ ਉਨ੍ਹਾਂ ਦਾ ਬੇਟਾ ਇਸ ਦਲ ਦੇ ਨਾਲ ਹੈ, ਪਰ ‘ਵਾਰਿਸ ਪੰਜਾਬ ਦੇ’ ਲਈ ਚੋਣ ਨਿਸ਼ਾਨ ਨਾ ਹੋਣ ਦੀ ਸਮੱਸਿਆ ਕਾਇਮ ਹੈ। ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਜਿਨ੍ਹਾਂ ਦੇ ਦਲ ਦੇ ਪ੍ਰਧਾਨ ਨੂੰ ਬਦਨਾਮ ਕਰਨ ਲਈ ਸਾਹਮਣੇ ਆਈ ਸਾਜਿਸ਼ ਤੋਂ ਬਾਅਦ ਕੀ ਇਹ ਧੜਾ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਇਕ ਪਲੇਟਫ਼ਾਰਮ ’ਤੇ ਖੜ੍ਹਾ ਹੋ ਸਕੇਗਾ, ਇਹ ਵੇਖਣ ਵਾਲੀ ਗੱਲ ਹੈ, ਪਰ ਇਸ ਧੜੇ ਦੀ ਭਾਜਪਾ ਨਾਲ ਗੱਲਬਾਤ ਬਰਾਬਰ ਚੱਲ ਰਹੀ ਹੈ। ਚਰਚਾ ਇਹ ਵੀ ਹੈ ਕਿ ਭਾਜਪਾ ਜਿਵੇਂ ਹਮੇਸ਼ਾ ਸਾਰੇ 117 ਵਿਧਾਨ ਸਭਾ ਹਲਕਿਆਂ ’ਚ ਚੋਣ ਲੜਨ ਦਾ ਐਲਾਨ ਕਰਦੀ ਰਹੀ ਹੈ ਤੇ ਸੂਬਾ ਯੂਨਿਟ ਵਲੋਂ ਤਕਰੀਬਨ ਬਹੁਤੇ ਹਲਕਿਆਂ ਲਈ ਉਮੀਦਵਾਰ ਵੀ ਤਿਆਰ ਕੀਤੇ ਜਾ ਰਹੇ ਸਨ ਜੋ ਕਿ ਆਪਣੇ ਹਲਕਿਆਂ ’ਚ ਕੰਮ ਕਰ ਰਹੇ ਹਨ, ਪਰ ਸਮਝੌਤੇ ਦੀ ਸੂਰਤ ’ਚ ਭਾਜਪਾ ਜੇਕਰ 45 ਤੋਂ 50 ਸੀਟਾਂ ਤੱਕ ਹੀ ਸਿਮਟ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਭਾਜਪਾ ’ਚ ਵੀ ਵਿਰੋਧ ਹੋ ਸਕਦਾ ਹੈ। ਭਾਜਪਾ ਵਿਚਲੇ ਪੁਰਾਣੇ ਟਕਸਾਲੀ ਆਗੂ ਪਹਿਲਾਂ ਹੀ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ਦੇ ਗ਼ਲਬੇ ਕਾਰਨ ਕਾਫ਼ੀ ਪ੍ਰੇਸ਼ਾਨ ਹਨ, ਪਰ ਆਉਂਦੇ ਦਿਨਾਂ ਦਾ ਘਟਨਾਕ੍ਰਮ ਰਾਜਸੀ ਹਲਕਿਆਂ ਲਈ ਵੱਡੀ ਦਿਲਚਸਪੀ ਤੇ ਉਥਲ-ਪੁਥਲ ਵਾਲਾ ਜ਼ਰੂਰ ਹੋ ਸਕਦਾ ਹੈ।
ਚੋਣਾਂ ਤੋਂ ਪਹਿਲਾਂ ਦਲਬਦਲੀਆਂ ਦੀ ਸ਼ੁਰੂਆਤ ਨੇ ਪੰਜਾਬ ਦੀ ਸਿਆਸਤ ’ਚ ਮਚਾਇਆ ਹੜਕੰਪ
ਚੋਣਾਂ ਤੋਂ ਪਹਿਲਾਂ ਦਲਬਦਲੀਆਂ ਦੀ ਸ਼ੁਰੂਆਤ ਨੇ ਪੰਜਾਬ ਦੀ ਸਿਆਸਤ ’ਚ ਮਚਾਇਆ ਹੜਕੰਪ
ਅਜੀਤ ਡੈਸਕ
04-11-2026