10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਅਬੂਧਾਬੀ ’ਚ ਅਮਰੀਕਾ ਦੀ ਵਿਚੋਲਗੀ ਹੇਠ ਰੂਸ-ਯੂਕਰੇਨ ਵਿਚਾਲੇ 4 ਘੰਟੇ ਗੱਲਬਾਤ

ਅਬੂਧਾਬੀ ’ਚ ਅਮਰੀਕਾ ਦੀ ਵਿਚੋਲਗੀ ਹੇਠ ਰੂਸ-ਯੂਕਰੇਨ ਵਿਚਾਲੇ 4 ਘੰਟੇ ਗੱਲਬਾਤ

Ad Position 21
No active advertisement
ਅਜੀਤ ਡੈਸਕ 11-11-2026

ਅਮਰੀਕਾ ਦੀ ਵਿਚੋਲਗੀ ਹੇਠ ਰੂਸ ਤੇ ਯੂਕਰੇਨ ਵਿਚਾਲੇ ਦੋ ਦਿਨ ਹੋਵੇਗੀ ਗੱਲਬਾਤ

ਅਬੂਧਾਬੀ, 10 ਨਵੰਬਰ (ਏਜੰਸੀ)-ਰੂਸ ਤੇ ਯੂਕਰੇਨ ਵਿਚਾਲੇ ਜੰਗ ਖ਼ਤਮ ਕਰਵਾਉਣ ਲਈ ਅਮਰੀਕਾ ਦੀ ਵਿਚੋਲਗੀ ਹੇਠ ਮੰਗਲਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਰਾਜਧਾਨੀ ਅਬੂਧਾਬੀ ’ਚ ਤਿੰਨ ਧਿਰੀ ਗੱਲਬਾਤ ਹੋਈ। ਇਸ ’ਚ ਰੂਸ, ਯੂਕਰੇਨ ਤੇ ਅਮਰੀਕਾ ਦੇ ਨੁਮਾਇੰਦਿਆਂ ਨੇ ਕਰੀਬ ਚਾਰ ਘੰਟੇ ਵਿਚਾਰ-ਵਟਾਂਦਰਾ ਕੀਤਾ। ਅੱਜ ਦੀ ਗੱਲਬਾਤ ਸਮਾਪਤ ਹੋ ਗਈ ਹੈ ਤੇ ਦੋ ਰੋਜ਼ਾ ਬੈਠਕ ਬੁੱਧਵਾਰ ਨੂੰ ਵੀ ਜਾਰੀ ਰਹੇਗੀ। ਵ੍ਹਾਈਟ ਹਾਊਸ ਅਨੁਸਾਰ ਫਰਵਰੀ ਤੋਂ ਬਾਅਦ ਪਹਿਲੀ ਵਾਰ ਹੋ ਰਹੀ ਇਸ ਬੈਠਕ ਦਾ ਮੁੱਖ ਉਦੇਸ਼ ਦੋਵਾਂ ਜੰਗ ਪ੍ਰਭਾਵਿਤ ਦੇਸ਼ਾਂ ਲਈ ਭਵਿੱਖ ਦੀਆਂ ਸੁਰੱਖਿਆ ਗਾਰੰਟੀਆਂ ਤੈਅ ਕਰਨਾ ਹੈ। ਜ਼ਿਕਰਯੋਗ ਹੈ ਕਿ ਰੂਸ ਵਲੋਂ ਯੂਕਰੇਨ ’ਤੇ ਵੱਡੇ ਪੱਧਰ ’ਤੇ ਹਮਲਾ ਸ਼ੁਰੂ ਕੀਤੇ ਜਾਣ ਤੋਂ ਬਾਅਦ ਕਰੀਬ ਪੰਜ ਸਾਲਾਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਜਾਰੀ ਹੈ। ਅਮਰੀਕਾ ਇਸ ਜੰਗ ਨੂੰ ਖ਼ਤਮ ਕਰਵਾਉਣ ਲਈ ਨਵੇਂ ਸਿਰੇ ਤੋਂ ਕੂਟਨੀਤਕ ਯਤਨ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੈਰੇਡ ਕੁਸ਼ਨਰ ਤੇ ਅਮਰੀਕੀ ਦੂਤ ਸਟੀਵ ਵਿਟਕੌਫ ਗੱਲਬਾਤ ’ਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਕੁਸ਼ਨਰ ਨੇ ਉਮੀਦ ਪ੍ਰਗਟਾਈ ਕਿ ਦੋਵਾਂ ਧਿਰਾਂ ਵਿਚਾਲੇ ਮਤਭੇਦ ਦੂਰ ਕਰਨ ਲਈ ਕੁਝ ਚੰਗੇ ਸੁਝਾਅ ਸਾਹਮਣੇ ਆ ਸਕਦੇ ਹਨ। ਯੂਕਰੇਨੀ ਵਫ਼ਦ ਦੀ ਅਗਵਾਈ ਰੁਸਤਮ ਉਮੇਰੋਵ ਕਰ ਰਹੇ ਹਨ ਜਦਕਿ ਰੂਸੀ ਵਫ਼ਦ ਦੀ ਅਗਵਾਈ ਵਲਾਦੀਮੀਰ ਮੇਡਿੰਸਕੀ ਕਰ ਰਹੇ ਹਨ। ਨਾਟੋ ਦੇ ਕਮਾਂਡਰ ਜਨਰਲ ਐਲੈਕਸਿਸ ਗ੍ਰਿੰਕੇਵਿਚ ਵੀ ਬੈਠਕ ’ਚ ਮੌਜੂਦ ਹਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਚਾਹੁੰਦੇ ਹਨ ਕਿ ਯੂਕਰੇਨ ਚਾਰ ਖੇਤਰਾਂ ਤੋਂ ਆਪਣੀਆਂ ਫ਼ੌਜਾਂ ਪਿੱਛੇ ਹਟਾਵੇ ਤੇ ਨਾਟੋ ’ਚ ਸ਼ਾਮਿਲ ਹੋਣ ਦੀ ਇੱਛਾ ਛੱਡ ਦੇਵੇ। ਦੂਜੇ ਪਾਸੇ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਇਲਾਕੇ ਛੱਡਣ ਤੇ ਆਪਣੀ ਫ਼ੌਜ ’ਤੇ ਪਾਬੰਦੀਆਂ ਲਗਾਉਣ ਦੀਆਂ ਮੰਗਾਂ ਰੱਦ ਕਰ ਦਿੱਤੀਆਂ ਹਨ। ਯੂਕਰੇਨ ਤੁਰੰਤ ਜੰਗਬੰਦੀ ਨੂੰ ਵਿਆਪਕ ਸ਼ਾਂਤੀ ਸਮਝੌਤੇ ਲਈ ਪਹਿਲਾ ਕਦਮ ਮੰਨਦਾ ਹੈ ਜਦਕਿ ਰੂਸ ਇਸ ਦਾ ਵਿਰੋਧ ਕਰ ਰਿਹਾ ਹੈ। ਗੱਲਬਾਤ ਦੌਰਾਨ ਵੀ ਦੋਵਾਂ ਦੇਸ਼ਾਂ ਵਿਚਾਲੇ ਹਮਲੇ ਜਾਰੀ ਰਹੇ। ਯੂਕਰੇਨ ਮੁਤਾਬਿਕ ਰੂਸ ਨੇ ਰਾਤ ਸਮੇਂ 162 ਡਰੋਨ ਤੇ ਇਕ ਬੈਲਿਸਟਿਕ ਮਿਜ਼ਾਈਲ ਨਾਲ ਹਮਲਾ ਕੀਤਾ ਜਦਕਿ ਰੂਸ ਨੇ ਦਾਅਵਾ ਕੀਤਾ ਕਿ ਉਸ ਨੇ ਯੂਕਰੇਨ ਦੇ 155 ਡਰੋਨ ਡੇਗ ਦਿੱਤੇ।

Ad Position 22
No active advertisement
ਪਿਛਲੀ ਖ਼ਬਰ ਈਰਾਨ ਨਾਲ ਜੰਗ ਲਗਭਗ ਖ਼ਤਮ ਹੋ ਚੁੱਕੀ ਹੈ-ਟਰੰਪ ਅਗਲੀ ਖ਼ਬਰ ਫੂਲਕਾ ਨੇ ਸੋਨੀਆ ਗਾਂਧੀ ਦੇ ਬਿਆਨ ’ਤੇ ਚੁੱਕੇ ਸਵਾਲ
Ad Position 24