ਦਸੂਹਾ, 1 ਫਰਵਰੀ (ਭੁੱਲਰ)- ਕਾਇਆ ਕਲਪ ਦੀ ਟੀਮ ਵੱਲੋਂ ਸਿਵਲ ਹਸਪਤਾਲ ਦਸੂਹਾ ਵਿਖੇ ਨਿਰੀਖਣ ਕੀਤਾ ਗਿਆ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਦਸੂਹਾ ਡਾਕਟਰ ਮਨਮੋਹਨ ਸਿੰਘ ਵੱਲੋਂ ਕਾਇਆ ਕਲਪ ਦੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਕਾਇਆ ਕਲਪ ਦੀ ਟੀਮ ਵਿਚ ਡਾਕਟਰ ਅੰਮਿ੍ਤਪਾਲ ਸਿੰਘ ਅਤੇ ਡਾਕਟਰ ਅਮਿਤ ਸਿੱਧੂ ਨੇ ਸਿਵਲ ਹਸਪਤਾਲ ਦਸੂਹਾ ਦੇ ਵੱਖ-ਵੱਖ ਵਾਰਡਾਂ ਤੋਂ ਇਲਾਵਾ ਐਮਰਜੈਂਸੀ ਵਾਰਡ, ਅਪਰੇਸ਼ਨ ਥੀਏਟਰ, ਫਾਰਮੇਸੀ, ਲੈਬਾਰਟਰੀ ਅਤੇ ਹਸਪਤਾਲ ਦੇ ਹੋਰ ਵੱਖ ਵੱਖ ਸਥਾਨਾਂ ਦਾ ਜਾਇਜ਼ਾ ਲਿਆ ਅਤੇ ਸਾਫ਼ ਸਫ਼ਾਈ ਸਬੰਧੀ ਨਿਰੀਖਣ ਕੀਤਾ | ਟੀਮ ਵੱਲੋਂ ਮਰੀਜ਼ਾਂ ਦੇ ਚੱਲ ਰਹੇ ਇਲਾਜ ਸਬੰਧੀ ਵੀ ਡੂੰਘੀ ਦਿਲਚਸਪੀ ਲਈ ਗਈ ਅਤੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ ਗਈ | ਕਾਇਆ ਕਲਪ ਦੀ ਟੀਮ ਨੇ ਸਿਵਲ ਹਸਪਤਾਲ ਦਸੂਹਾ ਅੰਦਰ ਮਰੀਜ਼ਾਂ ਦੇ ਚੱਲ ਰਹੇ ਇਲਾਜ ਅਤੇ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਮਿਆਰੀ ਸਿਹਤ ਸਹੂਲਤਾਂ ਸਬੰਧੀ ਸੰਤੁਸ਼ਟੀ ਪ੍ਰਗਟਾਈ | ਇਸ ਮੌਕੇ ਐਸ.ਐਮ.ਓ. ਡਾਕਟਰ ਮਨਮੋਹਨ ਸਿੰਘ ਨੇ ਸਿਵਲ ਹਸਪਤਾਲ ਦਸੂਹਾ ਵਿਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸ਼ਾਨਦਾਰ ਸਿਹਤ ਸੇਵਾਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਹਸਪਤਾਲ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਕਾਰਨ ਪਹਿਲਾਂ ਵੀ ਕਾਇਆ ਕਲਪ ਵਿਚੋਂ ਪਹਿਲਾ ਸਥਾਨ ਹਾਸਲ ਕਰ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀ ਮਾਹਿਰ ਟੀਮ ਵੱਲੋਂ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਮਰੀਜ਼ਾਂ ਦੇ ਮੁਫ਼ਤ ਟੈੱਸਟ ਕਰਨ ਤੋਂ ਲੈ ਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਡਾਕਟਰ ਕੁਲਵਿੰਦਰ ਸਿੰਘ, ਡਾਕਟਰ ਕਰਨਜੀਤ ਸਿੰਘ, ਸੀਨੀਅਰ ਲੈਬ ਟੈਕਨੀਸ਼ੀਅਨ ਡੈਨੀਅਲ, ਡਾਕਟਰ ਮਨਪ੍ਰੀਤ ਸਿੰਘ, ਡਾਕਟਰ ਹਿਤੇਸ਼ ਭਾਟੀਆ, ਡਾਕਟਰ ਸਤਬੀਰ ਸਿੰਘ, ਡਾਕਟਰ ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਹਸਪਤਾਲ ਦੇ ਡਾਕਟਰ ਤੇ ਸਟਾਫ਼ ਮੈਂਬਰ ਹਾਜ਼ਰ ਸਨ |