ਹੁਸ਼ਿਆਰਪੁਰ, 4 ਫਰਵਰੀ (ਬਲਜਿੰਦਰਪਾਲ ਸਿੰਘ)-ਬੀਤੇ ਦਿਨ ਪਿੰਡ ਸਤੌਰ ਵਿਖੇ ਇਕ ਬੁਟੀਕ ਦੀ ਦੁਕਾਨ 'ਤੇ ਅਚਾਨਕ ਅੱਗ ਲੱਗਣ ਉਪਰੰਤ ਗੈਸ ਸਿਲੰਡਰ ਫਟ ਜਾਣ ਕਾਰਨ ਮਾਂ-ਧੀ ਅਤੇ ਫਾਇਰ ਬਿ੍ਗੇਡ ਵਿਭਾਗ ਦੇ 2 ਕਰਮਚਾਰੀਆਂ ਸਮੇਤ 5 ਵਿਅਕਤੀ ਅੱਗ ਨਾਲ ਝੁਲਸ ਗਏ ਸਨ | ਇਸ ਤੋਂ ਬਾਅਦ ਉਨ੍ਹਾਂ ਨੂੰ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਅਤੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ | ਅੱਗ ਨਾਲ ਸੜੀ ਮਨਦੀਪ ਕੌਰ ਅਤੇ ਉਸ ਦੀ ਮਾਂ ਰਾਜਵੀਰ ਕੌਰ ਦਾ ਹਾਲ ਜਾਣਨ ਲਈ ਸਾਬਕਾ ਮੁੱਖ ਸੰਸਦੀ ਸਕੱਤਰ ਤੇ ਸੀਨੀਅਰ ਭਾਜਪਾ ਆਗੂ ਬੀਬੀ ਮਹਿੰਦਰ ਕੌਰ ਜੋਸ਼ ਅੱਜ ਹਸਪਤਾਲ ਪਹੁੰਚੇ | ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਇਕ ਬੇਹੱਦ ਮੰਦਭਾਗੀ ਘਟਨਾ ਸੀ, ਪ੍ਰੰਤੂ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅੱਗ-ਜਲੀ ਦੀ ਘਟਨਾ ਤੋਂ ਪ੍ਰਭਾਵਿਤ ਪੀੜਤਾਂ ਲਈ ਤੁਰੰਤ ਰਾਹਤ ਰਾਸ਼ੀ ਦਾ ਐਲਾਨ ਕਰਕੇ ਉਨ੍ਹਾਂ ਨੂੰ ਆਰਥਿਕ ਮਦਦ ਦੇਣੀ ਚਾਹੀਦੀ ਹੈ | ਇਸ ਦੇ ਨਾਲ ਹੀ ਜਖ਼ਮੀਆਂ ਦਾ ਮੁਫ਼ਤ ਇਲਾਜ ਕਰਵਾਉਣ ਲਈ ਵੀ ਉਦਮ ਕਰਨਾ ਚਾਹੀਦਾ ਹੈ |