ਨਸਰਾਲਾ, 4 ਫ਼ਰਵਰੀ (ਸਤਵੰਤ ਸਿੰਘ ਥਿਆੜਾ)-ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਾਨਪੁਰ ਥਿਆੜਾ ਸਮੂਹ ਇਲਾਕਾ ਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ 23ਵਾਂ ਕੀਰਤਨ ਦਰਬਾਰ 22 ਫ਼ਰਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਪਿੰਡ ਖ਼ਾਨਪੁਰ ਥਿਆੜਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੰੰਬੰਧੀ ਮੁੱਖ ਪ੍ਰਬੰਧਕ ਸਰਪੰਚ ਬਲਰਾਜ ਸਿੰਘ ਥਿਆੜਾ ਨੇ ਦੱਸਿਆ ਕਿ ਇਹ ਕੀਰਤਨ ਦਰਬਾਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਬਾਬਾ ਸਤਪਾਲ ਸਿੰਘ ਸਾਹਰੀ ਵਾਲੇ, ਬਾਬਾ ਹਰਚਰਨ ਸਿੰਘ ਰਮਦਾਸਪੁਰ ਵਾਲੇ, ਮਹੰਤ ਪਿ੍ਤਪਾਲ ਸਿੰਘ ਹੁਸ਼ਿਆਰਪੁਰ ਵਾਲੇ, ਬਾਬਾ ਇੰਦਰਦਾਸ ਮੇਘੋਵਾਲ ਵਾਲੇ, ਬਾਬਾ ਜਨਕ ਸਿੰਘ ਮਾਣਕੋ ਜੱਬੜ ਵਾਲੇ ਅਤੇ ਬਾਬਾ ਰਣਜੀਤ ਸਿੰਘ ਹੁਸ਼ਿਆਰਪੁਰ ਵਾਲਿਆਂ ਦੀਆਂ ਸ਼ੁੱਭ ਅਸੀਸਾਂ ਦੇ ਸਦਕਾ ਕਰਵਾਏ ਜਾ ਰਹੇ ਇਸ ਕੀਰਤਨ ਦਰਬਾਰ ਵਿੱਚ ਆਏ ਹੋਏ ਪੰਥ ਪ੍ਰਸਿੱਧ ਕੀਰਤਨੀ ਤੇ ਕਥਾ ਵਾਚਕ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਬੰਗਲਾ ਸਾਹਿਬ ਵਾਲੇ, ਪੰਥ ਪ੍ਰਸਿੱਧ ਕਥਾ ਵਾਚਕ ਭਾਈ ਸੁਖਦੇਵ ਸਿੰਘ ਡੱਲਾ, ਭਾਈ ਬਲਵਿੰਦਰ ਸਿੰਘ ਰੰਗੀਲਾ ਚੰਡੀਗੜ੍ਹ ਵਾਲੇ, ਭਾਈ ਸੁਰਿੰਦਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ, ਮੀਰੀ ਪੀਰੀ ਖ਼ਾਲਸਾ ਜਥਾ ਯਮਨਾ ਨਗਰ ਵਾਲੇ, ਢਾਡੀ ਜਥਾ ਗਿਆਨੀ ਸਤਨਾਮ ਸਿੰਘ ਲਾਲੂ ਘੁੰਮਣ ਅਤੇ ਭਾਈ ਮਲਕੀਤ ਸਿੰਘ ਖ਼ਾਨਪੁਰ ਥਿਆੜਾ ਵਾਲੇ ਆਪਣੇ ਮਨੋਹਰ ਕਥਾ ਕੀਰਤਨ ਦੁਆਰਾ ਨਿਹਾਲ ਕਰਨਗੇ | ਇਸ ਮੌਕੇ ਭਾਈ ਘਨੱਈਆਂ ਜੀ ਬਲੱਡ ਬੈਂਕ ਹੁਸ਼ਿਆਰਪੁਰ ਵੱਲੋਂ ਖ਼ੂਨਦਾਨ ਕੈਂਪ, ਫ਼ਰੀ ਆਯੁਰਵੈਦਿਕ ਕੈਂਪ ਅਤੇ ਦਸਤਾਰ ਸਿਖਲਾਈ ਕੈਂਪ ਵੀ ਲਗਾਇਆ ਜਾਵੇਗਾ |