ਹੁਸ਼ਿਆਰਪੁਰ, 2 ਮਾਰਚ (ਹਰਪ੍ਰੀਤ ਕੌਰ)-ਉਪ ਮੰਡਲ ਮੈਜਿਸਟਰੇਟ (ਐੱਸ.ਡੀ.ਅੱੈਮ.) ਅਮਨਦੀਪ ਕੌਰ ਘੁੰਮਣ ਨੇ ਦੱਸਿਆ ਕਿ ਵਿੱਤੀ ਸਾਲ 2026-27 ਲਈ ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਵਿਖੇ ਵੱਖ-ਵੱਖ ਠੇਕਿਆਂ ਦੀ ਖੁੱਲ੍ਹੀ ਨਿਲਾਮੀ 10 ਮਾਰਚ ਨੂੰ ਸਵੇਰੇ 11 ਵਜੇ ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਵਿਖੇ ਕੀਤੀ ਜਾਵੇਗੀ | ਨਿਲਾਮੀ ਦੀ ਪ੍ਰਕਿਰਿਆ ਤਹਿਸੀਲਦਾਰ ਹੁਸ਼ਿਆਰਪੁਰ ਦੀ ਪ੍ਰਧਾਨਗੀ ਵਿਚ ਹੋਵੇਗੀ | ਉਨ੍ਹਾਂ ਦੱਸਿਆ ਕਿ ਹਰੇਕ ਚਾਹਵਾਨ ਬੋਲੀਕਾਰ ਨੂੰ ਬੋਲੀ ਲਗਾਉਣ ਤੋਂ ਪਹਿਲਾਂ 10 ਹਜ਼ਾਰ ਰੁਪਏ ਸਕਿਉਰਿਟੀ ਰਾਸ਼ੀ ਦੇ ਰੂਪ ਵਿਚ ਜਮ੍ਹਾਂ ਕਰਵਾਉਣੀ ਹੋਵੇਗੀ | ਅਸਫਲ ਬੋਲੀਕਾਰਾਂ ਨੂੰ ਇਹ ਰਕਮ ਨਿਲਾਮੀ ਤੋਂ ਤੁਰੰਤ ਬਾਅਦ ਵਾਪਸ ਕਰ ਦਿੱਤੀ ਜਾਵੇਗੀ | ਜਿਨ੍ਹਾਂ ਵਿਅਕਤੀਆਂ ਜਾਂ ਮੌਜੂਦਾ ਠੇਕੇਦਾਰਾਂ ਵੱਲ ਕਿਸੇ ਤਰਾਂ ਦੀ ਸਰਕਾਰੀ ਬਕਾਇਆ ਰਾਸ਼ੀ ਹੋਵੇਗੀ, ਉਨ੍ਹਾਂ ਨੂੰ ਬੋਲੀ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੋਵੇਗੀ | ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਹਦਾਇਤਾਂ ਅਨੁਸਾਰ ਸਫਲ ਬੋਲਕਾਰ ਤੋਂ ਮੌਕੇ 'ਤੇ ਕੁੱਲ ਬੋਲੀ ਰਕਮ ਦਾ 40 ਫ਼ੀਸਦੀ ਵਸੂਲ ਕੀਤੀ ਜਾਵੇਗੀ, ਜਦਕਿ ਬਾਕੀ 60 ਫ਼ੀਸਦੀ ਦੋ ਕਿਸ਼ਤਾਂ ਵਿੱਚ ਇਕੱਠਾ ਕੀਤਾ ਜਾਵੇਗਾ | ਇਨ੍ਹਾਂ ਵਿਚੋਂ 30 ਫ਼ੀਸਦੀ ਅਕਤੂਬਰ 2026 ਅਤੇ 30 ਫ਼ੀਸਦੀ ਜਨਵਰੀ 2027 ਵਿੱਚ ਜਮ੍ਹਾ ਕਰਵਾਉਣਾ ਲਾਜ਼ਮੀ ਹੋਵੇਗਾ | ਇਨ੍ਹਾਂ ਕਿਸ਼ਤਾਂ ਲਈ ਪੋਸਟ ਡੇਟਿਡ ਚੈਕ ਨਿਲਾਮੀ ਦੇ ਸਮੇਂ ਪ੍ਰਾਪਤ ਹੋਣਗੇ, ਜਿਨ੍ਹਾਂ ਨੇ ਨਿਰਧਾਰਤ ਮਿਤੀਆਂ 'ਤੇ ਬੈਂਕ ਨੂੰ ਪੇਸ਼ ਕੀਤੇ ਜਾਣਗੇ | ਨਿਰਧਾਰਤ ਮਿਤੀ 'ਤੇ ਖਾਤੇ ਵਿੱਚ ਪਰਿਆਪਤ ਰਾਸ਼ੀ ਨਾ ਹੋਣ ਦੀ ਸੂਰਤ ਵਿਚ ਬੋਲੀ ਆਪਣੇ ਆਪ ਰੱਦ ਮੰਨੀ ਜਾਵੇਗੀ | ਐਸ.ਡੀ.ਐਮ ਨੇ ਕਿਹਾ ਕਿ ਸਫਲ ਬੋਲੀਕਾਰ ਨੂੰ ਆਪਣੀ ਜਾਇਦਾਦ ਦੀ ਨਵੀਨਤਮ ਡੀਡ ਅਤੇ ਸਹਿ-ਕਰਜ਼ਾ ਲੈਣ ਵਾਲਿਆਂ ਦੇ ਵੇਰਵਿਆਂ ਦੇ ਨਾਲ ਲੋੜੀਂਦੇ ਦਸਤਾਵੇਜ਼ ਜਮ੍ਹਾ ਕਰਨੇ ਪੈਣਗੇ | ਨਿਲਾਮੀ ਨਾਲ ਸਬੰਧਤ ਸਾਰੇ ਨਿਯਮ ਅਤੇ ਸ਼ਰਤਾਂ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਦੀ ਅਧਿਕਾਰਤ ਵੈਬਸਾਈਟ 'ਤੇ ਉਪਲਬਧ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ ਠੇਕੇ ਦੀ ਮਿਆਦ 1 ਅਪ੍ਰੈਲ 2026 ਤੋਂ 31 ਮਾਰਚ 2027 ਤੱਕ ਹੋਵੇਗੀ | ਇਕਰਾਰਨਾਮੇ ਦੀ ਮਿਆਦ ਖਤਮ ਹੋਣ 'ਤੇ ਇਮਾਰਤ ਖਾਲੀ ਕਰਨਾ ਲਾਜ਼ਮੀ ਹੋਵੇਗਾ | ਨਿਯਮਾਂ ਦੀ ਉਲੰਘਣਾ ਕਰਨ, ਠੇਕਾ ਕਿਸੇ ਹੋਰ ਨੂੰ ਸੌਂਪਣ ਜਾਂ ਕੋਈ ਸ਼ਿਕਾਇਤ ਸਾਬਤ ਹੋਣ ਦੀ ਸੂਰਤ ਵਿੱਚ, ਠੇਕਾ ਰੱਦ ਕਰ ਦਿੱਤਾ ਜਾਵੇਗਾ ਅਤੇ ਜਮ੍ਹਾਂ ਰਕਮ ਅਤੇ ਸੁਰੱਖਿਆ ਦੀ ਰਕਮ ਜ਼ਬਤ ਕਰ ਲਈ ਜਾਵੇਗੀ | ਨਿਲਾਮੀ ਵਿੱਚ ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਦੇ ਫੋਟੋਗ੍ਰਾਫੀ ਦੇ ਠੇਕੇ, ਫਾਰਮ ਪਿ੍ੰਟਿੰਗ, ਪਾਰਕਿੰਗ ਅਤੇ ਚਾਹ ਕੰਟੀਨ ਅਤੇ ਸਬ-ਤਹਿਸੀਲ ਕੰਪਲੈਕਸ ਭੂੰਗਾ ਅਤੇ ਸ਼ਾਮਚੌਰਾਸੀ ਦੇ ਫੋਟੋਗ੍ਰਾਫੀ ਦੇ ਠੇਕੇ ਸ਼ਾਮਲ ਹਨ | ਐਸਡੀਐਮ ਨੇ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਨੂੰ ਨਿਰਧਾਰਤ ਸਮੇਂ 'ਤੇ ਹਾਜ਼ਰ ਹੋਣ ਅਤੇ ਨਿਲਾਮੀ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ |