ਦਸੂਹਾ, 3 ਮਾਰਚ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਖੇ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਸਮਰਪਣ ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਗਿੱਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਭੁਪਿੰਦਰ ਸਿੰਘ ਘੁੰਮਣ, ਗੌਤਮ ਰਿਸ਼ੀ ਤੇ ਮਹੇਸ਼ ਵੀ ਇਸ ਸਮਾਗਮ ਦੀ ਸ਼ਾਨ ਵਧਾਉਣ ਲਈ ਉਚੇਚੇ ਤੌਰ ਉੱਤੇ ਪਹੁੰਚੇ | ਇਸ ਮੌਕੇ ਕਾਲਜ ਦਾ ਕੈਂਪਸ ਪੀਲੇ ਰੰਗ ਦੇ ਫੁੱਲਾਂ ਨਾਲ ਮਹਿਕ ਰਿਹਾ ਸੀ | ਸਮਾਗਮ ਦੀ ਸ਼ੁਰੂਆਤ ਵਿੱਦਿਆ ਦੇਵੀ ਮਾਂ ਸਰਸਵਤੀ ਦੀ ਪੂਜਾ ਅਤੇ ਵੰਦਨਾ ਨਾਲ ਕੀਤੀ ਗਈ | ਕਾਲਜ ਪਿ੍ੰਸੀਪਲ ਪ੍ਰੋਫੈਸਰ ਰਾਕੇਸ਼ ਕੁਮਾਰ ਮਹਾਜਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬਸੰਤ ਪੰਚਮੀ ਦੇ ਇਤਿਹਾਸਕ ਅਤੇ ਸਭਿਆਚਾਰਕ ਮਹੱਤਵ ਬਾਰੇ ਜਾਣਕਾਰੀ ਦਿੱਤੀ | ਫਿਜ਼ੀਕਲ ਐਜੂਕੇਸ਼ਨ ਵਿਭਾਗ ਅਤੇ ਸਮਰਪਣ ਕਲੱਬ ਦਸੂਹਾ ਵੱਲੋਂ ਕਰਵਾਏ ਗਏ ਪਤੰਗਬਾਜ਼ੀ ਮੁਕਾਬਲੇ ਦਾ ਆਯੋਜਨ ਮੇਲੇ ਦਾ ਮੁੱਖ ਆਕਰਸ਼ਣ ਰਿਹਾ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਬਹੁਤ ਹੀ ਚਾਅ ਨਾਲ ਹਿੱਸਾ ਲਿਆ | ਮੁੱਖ ਮਹਿਮਾਨ ਗਿੱਲ ਨੇ ਕਿਹਾ ਕਿ ਕਾਲਜ ਦਾ ਇਹ ਉਪਰਾਲਾ ਬੱਚਿਆਂ ਨੂੰ ਵਿਰਸੇ ਨਾਲ ਜੋੜੀ ਰੱਖਣ ਵਾਲਾ ਹੈ ਅਤੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਨਵੀਨਤਮ ਅਤੇ ਪ੍ਰੰਪਰਾਗਤ ਖੇਡਾਂ ਨਾਲ ਜੁੜੇ ਰਹਿਣ ਤਾਂ ਜੋ ਉਹ ਸਰੀਰਕ ਅਤੇ ਮਾਨਸਿਕ ਤੌਰ ਉੱਤੇ ਮਜ਼ਬੂਤ ਹੋ ਸਕਣ | ਪਤੰਗਬਾਜ਼ੀ ਦੇ ਮੁਕਾਬਲੇ ਦੌਰਾਨ ਅਸਮਾਨ ਰੰਗ-ਬਿਰੰਗੀਆਂ ਪਤੰਗਾਂ ਨਾਲ ਭਰ ਗਿਆ ਅਤੇ ਵਿਦਿਆਰਥੀਆਂ ਵਿਚ ਭਾਰੀ ਜੋਸ਼ ਦੇਖਣ ਨੂੰ ਮਿਲਿਆ | ਜੇਤੂ ਟੀਮ ਵਿਚ ਪਹਿਲੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਮਰਪਣ ਕਲੱਬ ਵਲੋਂ ਪੰਜ ਹਜ਼ਾਰ ਅਤੇ ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ ਤਿੰਨ ਹਜ਼ਾਰ ਦਾ ਕੈਸ਼ ਇਨਾਮ ਦਿੱਤਾ ਗਿਆ | ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਤੇ ਭਾਰੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ |