ਹੁਸ਼ਿਆਰਪੁਰ, 3 ਮਾਰਚ (ਬਲਜਿੰਦਰਪਾਲ ਸਿੰਘ)-ਪਿੰਡ ਬੱਸੀ ਗ਼ੁਲਾਮ ਹੁਸੈਨ ਨਜ਼ਦੀਕ ਬਣ ਰਹੇ ਹਾਈਵੇ ਦੇ ਚੱਲਦਿਆਂ ਪਿੰਡ ਦੀ ਇਕ ਸੜਕ ਨੂੰ ਬੰਦ ਕੀਤੇ ਜਾਣ ਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਪਿਛਲੇ 77 ਦਿਨਾਂ ਤੋਂ ਧਰਨਾ ਲਗਾਇਆ ਗਿਆ ਸੀ, ਜਿਸ ਸੰਬੰਧੀ ਪਿੰਡ ਵਾਸੀਆਂ ਨੇ ਕਈ ਵਾਰ ਸਰਕਾਰ ਨੂੰ ਵੀ ਲਿਖਤੀ ਮੰਗਾਂ ਭੇਜੀਆਂ ਪਰੰਤੂ ਇਸਦੇ ਬਾਵਜੂਦ ਇਸਦਾ ਕੋਈ ਹਲ ਨਹੀਂ ਨਿਕਲਿਆ | ਇਸ ਤੋਂ ਬਾਅਦ ਜਦੋਂ ਪਿੰਡ ਵਾਸੀਆਂ ਨੇ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾੜ ਦੇ ਧਿਆਨ 'ਚ ਇਹ ਮਾਮਲਾ ਲਿਆਂਦਾ ਤਾਂ ਉਨ੍ਹਾਂ ਇਸਦੀ ਜਾਣਕਾਰੀ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੂੰ ਦਿੱਤੀ, ਜਿਸ ਤੋਂ ਬਾਅਦ ਇਹ ਮਸਲਾ ਹਲ ਹੋ ਗਿਆ ਅਤੇ ਅੰਡਰ ਪਾਸ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਪਿੰਡ ਵਾਸੀਆਂ ਨੇ ਧਰਨਾ ਸਮਾਪਤ ਕਰ ਦਿੱਤਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਕਿਸਾਨ ਆਗੂ ਅਮਨ, ਸਰਪੰਚ ਸੁਖਜਿੰਦਰ ਸਿੰਘ, ਪੰਚ ਪ੍ਰਵੀਨ ਸੈਣੀ, ਗੁਰਵਿੰਦਰ ਸਿੰਘ, ਸਰਬਜੀਤ ਸਿੰਘ, ਐਡ. ਸੰਜੀਵ ਕੁਮਾਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਤੋਂ 1 ਰਸਤਾ ਜੋ ਕਿ ਸਾਢੇ 16 ਫੁੱਟ ਚੌੜਾ ਹੈ | ਕੰਢੀ ਕਨਾਲ ਦੀ ਸਰਵਿਸ ਰੋਡ ਨਾਲ ਮਿਲਦਾ ਹੈ ਤੇ ਰਸਤਾ ਨੀਵਾਂ ਹੋਣ ਕਾਰਨ ਬਰਸਾਤ ਦੇ ਦਿਨਾਂ 'ਚ ਪਿੰਡ ਦੇ ਮੀਂਹ ਦਾ ਪਾਣੀ ਵੀ ਇਸ ਰਸਤੇ ਰਾਹੀਂ ਬਾਹਰ ਨਿਕਲਦਾ ਸੀ, ਪਰ ਹਾਈਵੇ ਨਿਰਮਾਣ ਅਥਾਰਿਟੀ ਵਲੋਂ ਇਸ ਰਸਤੇ ਨੂੰ ਬੰਦ ਕੀਤਾ ਜਾ ਰਿਹਾ ਸੀ | ਉਨ੍ਹਾਂ ਦੱਸਿਆ ਕਿ ਇਸ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਧਰਨਾ ਲਗਾਤਾਰ ਧਰਨਾ ਜਾਰੀ ਸੀ, ਜਿਸ ਨੂੰ ਲੈ ਕੇ ਸੰਜੀਵ ਤਲਵਾੜ ਵਲੋਂ ਇਹ ਸਾਰਾ ਮਾਮਲਾ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਰਾਹੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਹੱਲ ਕਰਵਾ ਦਿੱਤਾ ਗਿਆ | ਇਸ ਮੌਕੇ ਪੰਚ ਮਨਜੀਤ ਸਿੰਘ, ਬਲਵੀਰ ਸਿੰਘ, ਸੁਰਿੰਦਰ, ਪਿਆਰੇ ਲਾਲ, ਕਰਨੈਲ ਸਿੰਘ, ਦਲਜੀਤ ਸਿੰਘ ਤੇ ਅੰਮਿ੍ਤਪਾਲ ਸਿੰਘ ਆਦਿ ਹਾਜ਼ਰ ਸਨ |