ਭੰਗਾਲਾ, 3 ਮਾਰਚ (ਬਲਵਿੰਦਰਜੀਤ ਸਿੰਘ ਸੈਣੀ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਦੇ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਓਲੰਪਿਆਡ ਆਫ਼ ਮੈਥੇਮੈਟਿਕਸ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਫਿਰ ਤੋਂ ਰੌਸ਼ਨ ਕੀਤਾ | ਇਸ ਮੁਕਾਬਲੇ ਵਿਚ ਸਕੂਲ ਦੀ ਜਮਾਤ 1 ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ 3 ਵਿਦਿਆਰਥੀਆਂ ਨੇ ਗੋਲਡ ਮੈਡਲ, 2 ਵਿਦਿਆਰਥੀਆਂ ਨੇ ਸਿਲਵਰ ਮੈਡਲ ਅਤੇ 2 ਵਿਦਿਆਰਥੀਆਂ ਨੇ ਬ੍ਰਾਂਜ਼ ਮੈਡਲ ਹਾਸਲ ਕੀਤੇ | ਗੋਲਡ ਮੈਡਲ ਜੇਤੂ ਇਸ਼ਿਤਾ ਜਮਾਤ 1-ਏ, ਰਿਆਨਸ਼ੀ ਮਹਾਜਨ ਜਮਾਤ 2-ਏ, ਰੁਦ੍ਰਾਂਸ਼ ਸ਼ਰਮਾ ਜਮਾਤ 4-ਏ, ਏਕਮਪ੍ਰੀਤ ਕੌਰ ਜਮਾਤ 1-ਏ, ਪ੍ਰਭਗੁਨ ਕੌਰ ਜਮਾਤ 2-ਏ ਨੇ ਸਿਲਵਰ ਮੈਡਲ ਹਾਸਲ ਕੀਤੇ | ਮੇਹਿਰਾਜ ਸੇਠੀ ਜਮਾਤ 1-ਏ, ਇਨਾਇਆ ਗੁਪਤਾ ਜਮਾਤ 2-ਬੀ ਨੇ ਬ੍ਰਾਂਜ਼ ਮੈਡਲ ਹਾਸਲ ਕੀਤੇ | ਇਸ ਮੌਕੇ ਆਯੋਜਿਤ ਵਿਸ਼ੇਸ਼ ਸਭਾ ਵਿਚ ਸਕੂਲ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ ਦੀ ਸਰਾਹਨਾ ਕੀਤੀ | ਸਕੂਲ ਦੇ ਡਾਇਰੈਕਟਰ ਪ੍ਰੋਫੈਸਰ ਜੀ.ਐਸ. ਮੁਲਤਾਨੀ ਅਤੇ ਸ਼੍ਰੀਮਤੀ ਨੀਰੂ ਮੁਲਤਾਨੀ ਨੇ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਕਠਿਨ ਮਿਹਨਤ, ਅਧਿਆਪਕਾਂ ਦੇ ਲਗਾਤਾਰ ਮਾਰਗ ਦਰਸ਼ਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ | ਸਕੂਲ ਦੀ ਪਿ੍ੰਸੀਪਲ ਅਰਚਨਾ ਸੂਦਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਓਲੰਪਿਆਡ ਬੱਚਿਆਂ ਦੀ ਤਾਰਕਿਕ ਸੋਚ, ਗਣਨਾਤਮਕ ਸਮਰੱਥਾ ਅਤੇ ਆਤਮ-ਵਿਸ਼ਵਾਸ ਨੂੰ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਲਗਨ ਅਤੇ ਉਤਸ਼ਾਹ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਅੰਤ ਵਿਚ ਸਕੂਲ ਵੱਲੋਂ ਸਭ ਵਿਜੇਤਾ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |